ਭਾਈ ਮੋਹਕਮ ਸਿੰਘ ਦੀ ਯਾਦ ’ਚ ਬੂਟੇ ਲਾ ਕੇ ਮਨਾਇਆ ਵਣ ਮਹਾਉਤਸਵ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ
Publish Date: Sun, 18 Oct 2026 05:03 PM (IST)
Updated Date: Sun, 18 Oct 2026 05:06 PM (IST)
ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਕੀਤੀ ਸ਼ਮੂਲੀਅਤ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਇਥੋਂ ਦੇ ਪੰਜ ਪਿਆਰਾ ਪਾਰਕ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਪੰਜ ਪਿਆਰੇ ਭਾਈ ਮੋਹਕਮ ਸਿੰਘ ਦੀ ਯਾਦ ’ਚ ਬੂਟੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ। ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਵੱਲੋਂ 1974 ਤੋਂ ਲਗਾਤਾਰ ਵਾਤਾਵਰਣ ਬਚਾਓ ਲਈ ਇੱਕ ਲਹਿਰ ਚਲਾਈ ਜਾ ਰਹੀ ਹੈ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਥੋੜੀ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਬੂਟੇ ਲਗਾਉਣ ਤੋਂ ਬਾਅਦ ਇਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਵੱਡੇ ਪੱਧਰ ’ਤੇ ਯਤਨ ਕੀਤੇ ਜਾਂਦੇ ਹਨ ਜੋ ਕਿ ਹੋਰ ਵੀ ਵੱਡੀ ਗੱਲ ਹੈ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਨੂੰ ਅਪੀਲ ਕੀਤੀ ਕਿ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ ਇਸ ਲਈ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਉਨ੍ਹਾਂ ਦੀ ਸੰਭਾਲ ਨੂੰ ਯਕੀਨੀ ਬਣਾਓ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜ ਪਿਆਰਾ ਪਾਰਕ ਨੂੰ ਹਰਾ ਭਰਾ ਬਣਾਉਣ ਲਈ 2003 ’ਚ ਤਤਕਾਲੀ ਸੂਬਾ ਪੁਲਿਸ ਮੁਖੀ ਅਤੇ ਖੇਡਾਂ ਦੇ ਭੀਸ਼ਮ ਪਿਤਾਮਾ ਮਾਹਲ ਸਿੰਘ ਭੁੱਲਰ ਵੱਲੋਂ ਪਹਿਲਾ ਬੂਟਾ ਲਗਾਇਆ ਗਿਆ ਸੀ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਜ਼ਿਲਾ ਪੁਲਿਸ ਮੁਖੀ ਮਨਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਮੁਖੀ ਵਾਤਾਵਰਣ ਸੰਭਾਲ ਲਈ ਪੂਰੀ ਤਰ੍ਹਾਂ ਸੁਹਿਰਦ ਹਨ ਅਤੇ ਉਹ ਇਨ੍ਹਾਂ ਦੇ ਇਸ ਉਪਰਾਲੇ ਲਈ ਧੰਨਵਾਦ ਕਰਦੇ ਹਨ। ਅੰਤ ’ਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਖਵਿੰਦਰ ਸਿੰਘ ਵੱਲੋਂ ਜਿਲਾ ਪੁਲਿਸ ਮੁਖੀ ਅਤੇ ਹੋਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪ ਪੁਲਿਸ ਕਪਤਾਨ ਜਸ਼ਨਦੀਪ ਸਿੰਘ ਮਾਨ, ਜਥੇਦਾਰ ਮਨਜਿੰਦਰ ਸਿੰਘ ਬਰਾੜ, ਅਸ਼ੋਕ ਸੈਣੀ, ਨੰਬਰਦਾਰ ਸੁਰਿੰਦਰ ਪਾਲ ਸਿੰਘ ਢੇਰ, ਮੈਨੇਜਰ ਗੁਰਚਰਨ ਸਿੰਘ ਮਾਂਗੇਵਾਲ, ਵਿੱਕੀ ਜੋਸ਼ੀ, ਜਗਤ ਰਾਮ, ਕੁਲਵੰਤ ਸਿੰਘ ਸੰਧੂ , ਸਮੇਤ ਵੱਡੀ ਗਿਣਤੀ ’ਚ ਕਲੱਬ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ।