ਵਿਵਾਦਾਂ ’ਚ ਘਿਰੀ ਸ੍ਰੀ ਦਸ਼ਮੇਸ਼ ਅਕੈਡਮੀ, ਗੇਟ ਨੂੰ ਲੱਗਾ ਤਾਲਾ ਵਿਵਾਦਾਂ ਵਿੱਚ ਘਿਰੀ ਗੁਰੂ ਨਗਰੀ ਦੀ ਸ੍ਰੀ ਦਸ਼ਮੇਸ਼ ਅਕੈਡਮੀ
Publish Date: Tue, 11 Aug 2026 05:38 PM (IST)
Updated Date: Tue, 11 Aug 2026 05:41 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਮੈਨੇਜਮੈਂਟ ਦੇ ਆਪਸੀ ਵਿਵਾਦ ਕਾਰਨ ਅਕੈਡਮੀ ਦੇ ਮੁੱਖ ਗੇਟ ਨੂੰ ਲੱਗਾ ਤਾਲਾ, ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਦਸ਼ਮੇਸ਼ ਅਕੈਡਮੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਮੰਗਲਵਾਰ ਸਵੇਰੇ ਜਦੋਂ ਵਿਦਿਆਰਥੀ ਸਕੂਲ ਵਿੱਚ ਦਾਖਲ ਹੋ ਰਹੇ ਸਨ ਤਾਂ ਮੈਨੇਜਮੈਂਟ ਦੇ ਆਪਸੀ ਵਿਵਾਦ ਦੇ ਚੱਲਦਿਆਂ ਅਕੈਡਮੀ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਕਾਰਨ ਕੁਝ ਵਿਦਿਆਰਥੀ ਅੰਦਰ ਹੀ ਰਹਿ ਗਏ, ਜਦਕਿ ਬਾਹਰ ਆਉਣ ਵਾਲੇ ਵਿਦਿਆਰਥੀ ਗੇਟ ਦੇ ਬਾਹਰ ਰਹਿ ਗਏ। ਇਸ ਦੌਰਾਨ ਅਕੈਡਮੀ ਦੇ ਮੁਲਾਜ਼ਮ ਵੀ ਇਕੱਤਰ ਹੋ ਗਏ ਅਤੇ ਉਨ੍ਹਾਂ ਨੇ ਅਕੈਡਮੀ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਕਾਰਨ ਅਕੈਡਮੀ ਦੇ ਬਾਹਰ ਮਾਹੌਲ ਤਣਾਅਪੂਰਨ ਬਣ ਗਿਆ। ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਵੱਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਿੰਨ ਮਹੀਨੇ ਦੇ ਐਗਰੀਮੈਂਟ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਰ ਤਿੰਨ ਮਹੀਨੇ ਬਾਅਦ ਨੌਕਰੀ ਨੂੰ ਲੈ ਕੇ ਉਨ੍ਹਾਂ ਦੇ ਸਿਰ ’ਤੇ ਤਲਵਾਰ ਲਟਕਦੀ ਰਹੇਗੀ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਤਨਖਾਹਾਂ ਵੀ ਨਹੀਂ ਪਾਈਆਂ ਗਈਆਂ। ਉਹ ਤਨਖਾਹਾਂ ਸਬੰਧੀ ਗੱਲਬਾਤ ਕਰਨ ਲਈ ਅਕੈਡਮੀ ਪਹੁੰਚੇ ਸਨ ਪਰ ਕਥਿਤ ਤੌਰ ’ਤੇ ਮੈਨੇਜਮੈਂਟ ਵੱਲੋਂ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਉਨ੍ਹਾਂ ਨੂੰ ਕਰੀਬ 10 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਦੀ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇੰਨੀ ਘੱਟ ਤਨਖਾਹ ਵੀ ਸਮੇਂ ਸਿਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਅਕੈਡਮੀ ਦਾ ਗੇਟ ਖੋਲ੍ਹ ਦਿੱਤਾ ਗਿਆ। ਗੇਟ ਖੁੱਲ੍ਹਣ ਉਪਰੰਤ ਵਿਦਿਆਰਥੀ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਗਏ। ਟਰੱਸਟ ਦੇ ਨਿਯਮਾਂ ਅਨੁਸਾਰ ਹੋ ਰਹੀ ਕਾਰਵਾਈ : ਪ੍ਰਿੰਸੀਪਲ ਇਸ ਸਬੰਧੀ ਜਦੋਂ ਸ੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂ ਵਾਲੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਹੁਕਮ ਹਨ ਕਿ ਸਾਰੇ ਮੁਲਾਜ਼ਮਾਂ ਕੋਲੋਂ ਤਿੰਨ-ਤਿੰਨ ਮਹੀਨੇ ਦਾ ਐਗਰੀਮੈਂਟ ਲੈਣ ਉਪਰੰਤ ਉਨ੍ਹਾਂ ਦੀਆਂ ਤਨਖਾਹਾਂ ਪਾ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਅਕੈਡਮੀ ਵਿੱਚ ਕੁੱਲ 33 ਮੁਲਾਜ਼ਮ ਹਨ, ਜਿਨ੍ਹਾਂ ਵਿੱਚੋਂ 13 ਮੁਲਾਜ਼ਮਾਂ ਨੇ ਐਗਰੀਮੈਂਟ ਦੇ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ ਵਿੱਚ ਪਾਈਆਂ ਜਾ ਚੁੱਕੀਆਂ ਹਨ। ਬਾਕੀ 20 ਮੁਲਾਜ਼ਮਾਂ ਵੱਲੋਂ ਨਾ ਤਾਂ ਐਗਰੀਮੈਂਟ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਇਸ ਸਬੰਧੀ ਕੋਈ ਹੋਰ ਗੱਲ ਕੀਤੀ ਜਾ ਰਹੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਟਰੱਸਟ ਦੇ ਨਿਯਮਾਂ ਅਨੁਸਾਰ ਹੀ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁਲਾਜ਼ਮਾਂ ਵੱਲੋਂ ਐਗਰੀਮੈਂਟ ਫਾਰਮ ਨਹੀਂ ਭਰੇ ਗਏ, ਉਹ ਫਾਰਮ ਭਰ ਦੇਣ ਤਾਂ ਜੋ ਉਨ੍ਹਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ ਵਿੱਚ ਪਾਈਆਂ ਜਾ ਸਕਣ। ਇੱਕ ਸਵਾਲ ਦੇ ਜਵਾਬ ਵਿੱਚ ਪ੍ਰਿੰਸੀਪਲ ਸੋਨੂਵਾਲੀਆ ਨੇ ਕਿਹਾ ਕਿ ਇਹ ਕੋਈ ਨਵਾਂ ਨਿਯਮ ਨਹੀਂ ਹੈ, ਸਗੋਂ ਪਹਿਲਾਂ ਤੋਂ ਹੀ ਇਹ ਪ੍ਰਕਿਰਿਆ ਚੱਲਦੀ ਆ ਰਹੀ ਹੈ ਅਤੇ ਅਕੈਡਮੀ ਵੱਲੋਂ ਉਸੇ ਦੇ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਭਖਿਆ ਮਾਮਲਾ ਸ੍ਰੀ ਦਸ਼ਮੇਸ਼ ਅਕੈਡਮੀ ਨਾਲ ਜੁੜਿਆ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵੀ ਤੇਜ਼ੀ ਨਾਲ ਭਖਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਅਕੈਡਮੀ ਦੀ ਸਥਾਪਨਾ ਸਾਬਕਾ ਮੁੱਖ ਮੰਤਰੀ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਕੀਤੀ ਗਈ ਸੀ। ਉਹ ਖੁਦ ਇਸ ਸੰਸਥਾ ਦੇ ਚੇਅਰਮੈਨ ਰਹੇ ਸਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਗਾਇਆ ਗਿਆ ਇਹ ਵਿਦਿਅਕ ਬੂਟਾ ਹੁਣ ਲਗਾਤਾਰ ਵਿਵਾਦਾਂ ਵਿੱਚ ਘਿਰ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਹੱਥਾਂ ਵਿੱਚ ਲੈਣ ਅਤੇ ਸ੍ਰੀ ਦਸ਼ਮੇਸ਼ ਅਕੈਡਮੀ ਦੀ ਪੁਰਾਣੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਯਤਨ ਕਰਨ।