
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੀਆਂਪੁਰ ਵਿਖੇ 27 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ:ਵਿਧਾਇਕ ਚੱਢਾ

ਸਟਾਪ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸਰਕਾਰ ਵੱਲੋਂ ਹਰ ਪਿੰਡ ਖੇਡ ਗਰਾਊਂਡ ਮੁਹਿੰਮ ਤਹਿਤ ਪਿੰਡ ਮੀਆਂਪੁਰ ਵਿਖੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ 27 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਖੇਡ ਸਟੇਡੀਅਮ ਵਿਚ ਨੌਜਵਾਨਾਂ ਅਤੇ ਬੱਚਿਆਂ ਲਈ ਵੱਖ-ਵੱਖ ਖੇਡ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ। ਇਸ ਵਿਚ ਫੁੱਟਬਾਲ ਮੈਦਾਨ, ਵਾਲੀਬਾਲ ਕੋਰਟ ਅਤੇ ਬੱਚਿਆਂ ਲਈ ਵਿਸ਼ੇਸ਼ ਖੇਡ ਖੇਤਰ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਹੂਲਤ ਲਈ ਪਖਾਨੇ, ਪੀਣ ਵਾਲੇ ਪਾਣੀ ਦੀ ਸਹੂਲਤ ਲਈ ਟਿਊਬਵੈੱਲ, ਹਾਈਮਾਸਟ ਲਾਈਟਾਂ, ਹਾਈਡ੍ਰੈਂਟ ਸਿਸਟਮ ਅਤੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਲਈ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਕਈ ਪਿੰਡਾਂ ਵਿਚ ਖੇਡ ਸਟੇਡੀਅਮਾਂ ਅਤੇ ਗਰਾਊਂਡਾਂ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਜਦਕਿ ਕਈ ਥਾਵਾਂ ’ਤੇ ਨਿਰਮਾਣ ਕਾਰਜ ਜਾਰੀ ਹਨ। ਮੀਆਂਪੁਰ ਦਾ ਖੇਡ ਸਟੇਡੀਅਮ ਵੀ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਚੇਅਰਮੈਨ, ਬਲਵਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ ਪੰਚ, ਹਰਜੀਤ ਕੌਰ ਪੰਚ, ਮਲਕੀਤ ਸਿੰਘ ਭੰਗੂ, ਪਰਵਿੰਦਰ ਸਿੰਘ ਬਾਲਾ ਬਲਾਕ ਪ੍ਰਧਾਨ, ਜਗਤਾਰ ਸਿੰਘ, ਤਰਸੇਮ ਲਾਲ ਅਤੇ ਪਵਿੱਤਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।