ਮਾਂ ਭਗਵਤੀ ਨਵਦੁਰਗਾ ਪੂਜਾ ਸਮਿਤੀ ਵੱਲੋਂ ਗੌਰਵ ਰਾਣਾ ਦਾ ਵਿਸ਼ੇਸ਼ ਸਨਮਾਨ ਮਾਂ ਭਗਵਤੀ ਨਵਦੁਰਗਾ ਪੂਜਾ ਸਮਿਤੀ ਵੱਲੋਂ ਗੌਰਵ ਰਾਣਾ ਦਾ ਵਿਸ਼ੇਸ਼ ਸਨਮਾਨ
Publish Date: Sun, 18 Oct 2026 05:26 PM (IST)
Updated Date: Sun, 18 Oct 2026 05:27 PM (IST)
ਲਹਿਰੀ ਸ਼ਾਹ ਮਹਾਨ ਤਪੱਸਵੀ ਸੰਤ : ਗੌਰਵ ਰਾਣਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਮਾਂ ਭਗਵਤੀ ਨਵਦੁਰਗਾ ਪੂਜਾ ਸਮਿਤੀ ਲਹਿਰੀ ਸ਼ਾਹ ਮੰਦਰ ਵੱਲੋਂ ਨਵਰਾਤਰਿਆਂ ਦੇ ਪਾਵਨ ਮੌਕੇ ਕਰਵਾਈ ਜਾ ਰਹੀ ਵਿਸ਼ਾਲ ਦੁਰਗਾ ਪੂਜਾ ਦੌਰਾਨ ਪੰਜਾਬ ਸਾਂਝੀਵਾਲਤਾ ਦਲ ਦੇ ਹਲਕਾ ਰੂਪਨਗਰ ਤੋਂ ਉਮੀਦਵਾਰ ਗੌਰਵ ਰਾਣਾ ਨੇ ਆਪਣੇ ਸਾਥੀਆਂ ਸਮੇਤ ਮੰਦਰ ਵਿਖੇ ਨਤਮਸਤਕ ਹੋ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਮਾਂ ਭਦਰਕਾਲੀ ਅਤੇ ਮਾਂ ਲਕਸ਼ਮੀ ਜੀ ਦੀ ਪੂਜਾ-ਅਰਚਨਾ ਵਿਚ ਸ਼ਮੂਲੀਅਤ ਕਰਦਿਆਂ ਸਰਬੱਤ ਦੇ ਭਲੇ, ਇਲਾਕੇ ਦੀ ਖ਼ੁਸ਼ਹਾਲੀ ਅਤੇ ਲੋਕਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਗੌਰਵ ਰਾਣਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਗੌਰਵ ਰਾਣਾ ਨੇ ਕਿਹਾ ਕਿ ਨਰਾਤੇ ਸ਼ਰਧਾ, ਭਗਤੀ, ਆਤਮਿਕ ਸ਼ਕਤੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਤਿਉਹਾਰ ਹੈ। ਅਜਿਹੇ ਧਾਰਮਿਕ ਸਮਾਗਮ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿਚ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਵੀ ਪ੍ਰਫੁੱਲਤ ਕਰਦੇ ਹਨ। ਉਨ੍ਹਾਂ ਕਿਹਾ ਕਿ ਲਹਿਰੀ ਸ਼ਾਹ ਮੰਦਰ ਦਾ ਨਾਮ ਉਹ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਸਨ, ਪਰ ਇਸ ਅਸਥਾਨ ਦੇ ਇਤਿਹਾਸ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਹਾਸਲ ਕਰਨ ਉਪਰੰਤ ਪਤਾ ਲੱਗਾ ਕਿ ਲਹਿਰੀ ਸ਼ਾਹ ਜੀ ਇੱਕ ਮਹਾਨ ਤਪੱਸਵੀ ਸੰਤ ਸਨ। ਮਾਨਤਾ ਅਨੁਸਾਰ, ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ’ਤੇ ਧੂਣਾ ਤਪਾਇਆ ਸੀ ਅਤੇ ਬਾਅਦ ’ਚ ਇੱਥੇ ਸ਼ਿਵਲਿੰਗ ਦੇ ਪ੍ਰਗਟ ਹੋਣ ਸਮੇਤ ਕਈ ਅਲੌਕਿਕ ਘਟਨਾਵਾਂ ਨਾਲ ਜੁੜੀਆਂ ਸ਼ਰਧਾਲੂਆਂ ਦੀਆਂ ਆਸਥਾਵਾਂ ਨੇ ਇਸ ਸਥਾਨ ਦੀ ਮਹੱਤਤਾ ਹੋਰ ਵਧਾਈ। ਉਨ੍ਹਾਂ ਕਿਹਾ ਕਿ ਰੂਪਨਗਰ ਦੀ ਧਰਤੀ ਮਹਾਨ ਸੰਤਾਂ, ਧਾਰਮਿਕ ਅਸਥਾਨਾਂ ਅਤੇ ਅਮੀਰ ਵਿਰਾਸਤ ਨਾਲ ਜੁੜੀ ਹੋਈ ਹੈ। ਇਨ੍ਹਾਂ ਅਸਥਾਨਾਂ ਸਦਕਾ ਹੀ ਰੂਪਨਗਰ ਦੀ ਧਾਰਮਿਕ ਪਛਾਣ ਦੂਰ-ਦੂਰ ਤੱਕ ਚਮਕ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਸਥਾਨ ’ਤੇ ਨਤਮਸਤਕ ਹੋਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਚੰਦ ਭੱਲਾ, ਸਕੱਤਰ ਓਮ ਪ੍ਰਕਾਸ਼, ਡੀ.ਪੀ. ਸਿੰਘ, ਸੁਰਿੰਦਰ ਕੁਮਾਰ, ਪ੍ਰਮੋਦ ਕੁਮਾਰ ਪਟੇਲ, ਬ੍ਰਿਜੇਸ਼ ਕੁਮਾਰ ਰਾਏ, ਰਾਮਨਗੀਨਾ ਯਾਦਵ ਅਤੇ ਸਮਾਜ ਸੇਵਿਕਾ ਮੋਨਿਕਾ ਰਾਣੀ ਸਮੇਤ ਹੋਰ ਪ੍ਰਬੰਧਕ ਤੇ ਸ਼ਰਧਾਲੂ ਹਾਜ਼ਰ ਸਨ।