71 ਸਿਹਤ ਟੀਮਾਂ ਵੱਲੋਂ ਜ਼ਿਲ੍ਹਾ ਰੂਪਨਗਰ ’ਚ ਵਿਸ਼ੇਸ਼ ਡੇਂਗੂ ਤੇ ਲਾਰਵਾ-ਵਿਰੋਧੀ ਗਤੀਵਿਧੀਆਂ ਕੀਤੀਆਂ 71 ਸਿਹਤ ਟੀਮਾਂ ਵੱਲੋਂ ਜ਼ਿਲ੍ਹਾ ਰੂਪਨਗਰ ਵਿਚ ਵਿਸ਼ੇਸ਼ ਡੇਂਗੂ ਤੇ ਲਾਰਵਾ-ਵਿਰੋਧੀ ਗਤ
Publish Date: Sat, 12 Sep 2026 04:31 PM (IST)
Updated Date: Sat, 12 Sep 2026 04:35 PM (IST)
1,935 ਘਰਾਂ/ਥਾਵਾਂ ਦਾ ਸਰਵੇਖਣ, 5,246 ਪਾਣੀ ਵਾਲੇ ਭਾਂਡਿਆਂ ਦੀ ਕੀਤੀ ਜਾਂਚ, 33 ਭਾਂਡਿਆਂ ’ਚ ਮਿਲਿਆ ਡੇਂਗੂ ਮੱਛਰ ਦਾ ਲਾਰਵਾ ਸਟਾਫ ਰਿਪੋਰਟਰ, ਪਜਾਬੀ ਜਾਗਰਣ, ਰੂਪਨਗਰ : ਜ਼ਿਲ੍ਹਾ ਰੂਪਨਗਰ ’ਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਡੇਂਗੂ ਵਿਰੋਧੀ ਤੇ ਲਾਰਵਾ-ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਜ਼ਿਲ੍ਹਾ ਐਪੀਡਮੋਲੋਜਿਸਟ ਡਾ.ਹਰਸ਼ਰਨ ਕਾਲੀਆ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਲਈ ਸੰਵੇਦਨਸ਼ੀਲ ਤੇ ਚਿੰਨ੍ਹਿਤ ਖੇਤਰਾਂ ’ਚ ਵਿਸ਼ੇਸ਼ ਨਿਗਰਾਨੀ ਕੀਤੀ ਗਈ। ਇਸ ਦੌਰਾਨ ਟੀਮਾਂ ਨੇ ਪ੍ਰਾਪਤ ਹੌਟਸਪੌਟ ਚੇਤਾਵਨੀ ਦੇ ਆਧਾਰ ’ਤੇ ਸਬੰਧਤ ਖੇਤਰਾਂ ਦਾ ਦੌਰਾ ਕਰਦਿਆਂ ਘਰ-ਘਰ ਜਾ ਕੇ ਸਰਵੇਖਣ ਕੀਤਾ ਤੇ ਮੱਛਰ ਦੇ ਪੈਦਾ ਹੋਣ ਵਾਲੇ ਸੰਭਾਵਿਤ ਸਰੋਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ’ਚ ਵੀ ਡੇਂਗੂ ਵਿਰੋਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਕਲੀਨਿਕਾਂ ਵਿਚ ਆਉਣ ਵਾਲੇ ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਬਚਾਅ ਦੇ ਉਪਾਵਾਂ ਤੇ ਆਪਣੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਰੂਪਨਗਰ, ਭਰਤਗੜ੍ਹ, ਸ੍ਰੀ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਖੇਤਰਾਂ ਵਿਚ ਕੁੱਲ 1,935 ਘਰਾਂ ਅਤੇ ਹੋਰ ਥਾਵਾਂ ਦਾ ਸਰਵੇਖਣ ਕੀਤਾ ਗਿਆ। ਇਸ ਦੌਰਾਨ ਪਾਣੀ ਇਕੱਠਾ ਹੋਣ ਵਾਲੇ 5,246 ਭਾਂਡਿਆਂ ਤੇ ਸੰਭਾਵਿਤ ਪ੍ਰਜਣਨ ਸਥਾਨਾਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ 33 ਭਾਂਡਿਆਂ ’ਚ ਲਾਰਵਾ ਪਾਜ਼ਿਟਿਵ ਪਾਇਆ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਹੀ ਲੋੜੀਂਦੇ ਲਾਰਵਾ-ਵਿਰੋਧੀ ਉਪਾਅ ਕੀਤੇ ਗਏ ਤੇ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਸਰੋਤਾਂ ਨੂੰ ਖ਼ਤਮ ਕਰਨ ਦੀ ਕਾਰਵਾਈ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੁੱਲ 71 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਮੁਹਿੰਮ ਦੌਰਾਨ ਆਸ਼ਾ ਵਰਕਰਜ਼, ਨਰਸਿੰਗ ਸਟਾਫ਼ ਤੇ ਵਿਲੇਜ ਹੈੱਲਥ ਸੈਨਿਟੇਸ਼ਨ ਐਂਡ ਨਿਊਟ੍ਰੀਸ਼ਨ ਕਮੇਟੀਆਂ ਦੇ ਮੈਂਬਰਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਈ ਗਈ, ਤਾਂ ਜੋ ਲੋਕਾਂ ਨੂੰ ਡੇਂਗੂ ਦੀ ਰੋਕਥਾਮ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਹਰ ਸ਼ੁੱਕਰਵਾਰ ਆਪਣੇ ਘਰਾਂ, ਦਫ਼ਤਰਾਂ, ਦੁਕਾਨਾਂ ਅਤੇ ਆਲੇ-ਦੁਆਲੇ ਦੀਆਂ ਥਾਵਾਂ ਦੀ ਜਾਂਚ ਕਰਨ ਅਤੇ ਕੂਲਰਾਂ, ਗਮਲਿਆਂ, ਪਾਣੀ ਵਾਲੇ ਭਾਂਡਿਆਂ, ਛੱਤਾਂ, ਪੁਰਾਣੇ ਟਾਇਰਾਂ ਅਤੇ ਹੋਰ ਥਾਵਾਂ ’ਤੇ ਖੜ੍ਹੇ ਪਾਣੀ ਨੂੰ ਤੁਰੰਤ ਖਾਲੀ ਕਰਨ। ਇਸ ਦੇ ਨਾਲ ਹੀ ਪਾਣੀ ਵਾਲੇ ਭਾਂਡਿਆਂ ਨੂੰ ਢੱਕ ਕੇ ਰੱਖਣ ਅਤੇ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਦੇ ਇਲਾਵਾ ਸਰਵੇਖਣ ਅਤੇ ਨਿਗਰਾਨੀ ਦੌਰਾਨ ਸਿਹਤ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕੀਤੇ ਜਾਣ ਅਤੇ ਡੇਂਗੂ ਨਾਲ ਸਬੰਧਤ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕੀਤੇ ਜਾਣ ਦੀ ਵੀ ਅਪੀਲ ਕੀਤੀ ਗਈ। ========================================== ਬਾਕਸ- ਡੇਂਗੂ ਦੀ ਰੋਕਥਾਮ ਇੱਕ ਸਾਂਝੀ ਜ਼ਿੰਮੇਵਾਰੀ : ਡਾ.ਕਟਾਰੀਆ ਇਸ ਦੌਰਾਨ ਸਿਵਲ ਸਰਜਨ ਡਾ.ਵਿਵੇਕ ਕਟਾਰੀਆ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਰੋਤਾਂ ਦੀ ਪਛਾਣ, ਖੜ੍ਹੇ ਪਾਣੀ ਨੂੰ ਖ਼ਤਮ ਕਰਨਾ, ਲਾਰਵਾ-ਵਿਰੋਧੀ ਕਾਰਵਾਈ ਅਤੇ ਲੋਕਾਂ ਵਿਚ ਜਾਗਰੂਕਤਾ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਇੱਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਸੰਵੇਦਨਸ਼ੀਲ ਖੇਤਰਾਂ ਵਿਚ ਨਿਗਰਾਨੀ ਅਤੇ ਰੋਕਥਾਮ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।