ਪ੍ਰਵੀਨ ਸਿੰਗਲਾ ਦੀ ਮਦਦ ਲਈ ਸੰਤ-ਮਹਾਂਪੁਰਸ਼, ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਪਹਿਲਕਦਮੀ ਸੰਕਟ ਦੀ ਘੜੀ ’ਚ ਪ੍ਰਵੀਨ ਸਿੰਗਲਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਸੰਤ-ਮਹਾਂਪੁਰਸ਼, ਕਿਸਾਨ ਤੇ ਸਮਾਜਿਕ ਜਥੇਬੰਦੀਆਂ
Publish Date: Sun, 25 Oct 2026 04:22 PM (IST)
Updated Date: Sun, 25 Oct 2026 04:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਦੀ ਧਰਤੀ ’ਤੇ ਲੋੜਵੰਦਾਂ ਅਤੇ ਮੁਸੀਬਤ ’ਚ ਘਿਰੇ ਲੋਕਾਂ ਦੀ ਬਾਂਹ ਫੜਨ ਦੀ ਰਵਾਇਤ ਨੂੰ ਮੁੜ ਕਾਇਮ ਕਰਦਿਆਂ ਸੰਤ-ਮਹਾਂਪੁਰਸ਼ਾਂ, ਧਾਰਮਿਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਕਿਸਾਨ ਆਗੂਆਂ ਨੇ ਰੂਪਨਗਰ ਦੇ ਪੀੜਤ ਕਾਰੋਬਾਰੀ ਪ੍ਰਵੀਨ ਸਿੰਗਲਾ ਦੀ ਮਦਦ ਲਈ ਪਹਿਲਕਦਮੀ ਕੀਤੀ ਹੈ। ਦੀਵਾਲੀ ਤੋਂ ਪਹਿਲਾਂ ਉਨ੍ਹਾਂ ਦੇ ਫੁੱਲਾਂ ਦੇ ਸਟਾਕ ਵਾਲੇ ਗੁਦਾਮਾਂ ’ਚ ਲੱਗੀ ਭਿਆਨਕ ਅੱਗ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਜੀਵਨ ਭਰ ਦੀ ਕਮਾਈ ਨੂੰ ਅੱਗ ਦੀ ਭੇਟ ਚੜ੍ਹਦਾ ਦੇਖ ਕੇ ਪਰਿਵਾਰ ਡੂੰਘੇ ਸਦਮੇ ’ਚ ਸੀ, ਜਦਕਿ ਇਸ ਘਟਨਾ ਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ’ਚ ਕਾਰੋਬਾਰੀ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਅਤੇ ਉਸ ਦਾ ਕਾਰੋਬਾਰ ਦੁਬਾਰਾ ਸ਼ੁਰੂ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਹੀਰਾ ਤੇ ਕਰਨਵੀਰ ਸਿੰਘ ਵੱਲੋਂ ਰਾਹਤ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਉਪਰਾਲੇ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਸੰਤ ਬਾਬਾ ਮਾਨ ਸਿੰਘ ਪਿਹੋਏ ਵਾਲਿਆਂ ਦੇ ਡੇਰੇ ਦੇ ਸੇਵਾਦਾਰਾਂ ਤੇ ਢਾਡੀ ਜਥੇ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰ ਦੀ ਮਦਦ ਲਈ ਪਹਿਲਕਦਮੀ ਕੀਤੀ। 2 ਲੱਖ 11 ਹਜ਼ਾਰ ਰੁਪਏ ਨਾਲ ਰਾਹਤ ਕਾਰਜਾਂ ਦੀ ਸ਼ੁਰੂਆਤ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਸੰਤ-ਮਹਾਂਪੁਰਸ਼ਾਂ ਦੇ ਅਸ਼ੀਰਵਾਦ ਅਤੇ ਵੱਖ-ਵੱਖ ਸੇਵਾਦਾਰਾਂ ਦੇ ਸਹਿਯੋਗ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤਹਿਤ ਗਿਆਨੀ ਜਸਵੀਰ ਸਿੰਘ, ਗਿਆਨੀ ਗੁਰਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਮਲਕੀਤ ਸਿੰਘ ਵੱਲੋਂ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਵੱਲੋਂ ਵੀ 11 ਹਜ਼ਾਰ ਰੁਪਏ ਦੀ ਮਦਦ ਦਿੱਤੀ ਗਈ। ਇਸ ਤਰ੍ਹਾਂ ਕੁੱਲ 2 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਪਰਿਵਾਰ ਦੀ ਮਦਦ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ ਵਿੱਤੀ ਸਹਾਇਤਾ ਦੇਣ ਤੱਕ ਸੀਮਤ ਨਹੀਂ, ਸਗੋਂ ਪ੍ਰਵੀਨ ਸਿੰਗਲਾ ਦਾ ਕਾਰੋਬਾਰ ਮੁੜ ਸ਼ੁਰੂ ਕਰਵਾਉਣ ਲਈ ਸਮੂਹਿਕ ਯਤਨ ਕਰਨ ਦਾ ਉਪਰਾਲਾ ਹੈ। ਬੁੱਧਵਾਰ ਨੂੰ ਰੂਪਨਗਰ ’ਚ ਵਿਸ਼ੇਸ਼ ਰਾਹਤ ਮੁਹਿੰਮ ਗੌਰਵ ਰਾਣਾ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ ਸਾਢੇ 12 ਵਜੇ ਰੂਪਨਗਰ ਹੈੱਡਵਰਕਸ ਤੋਂ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮੁਹਿੰਮ ਕਰੀਬ ਦੋ ਦਿਨ ਸ਼ਹਿਰ ’ਚ ਚਲਾਈ ਜਾਵੇਗੀ, ਜਿਸ ਦੌਰਾਨ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੂੰ ਨਾਲ ਜੋੜ ਕੇ ਪੀੜਤ ਕਾਰੋਬਾਰੀ ਦੀ ਆਰਥਿਕ ਮਦਦ ਲਈ ਲਾਮਬੰਦੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਧਾਰਮਿਕ ਸੰਸਥਾਵਾਂ, ਸਮਾਜ ਸੇਵੀਆਂ, ਕਿਸਾਨ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ, ਤਾਂ ਜੋ ਮੁਸੀਬਤ ’ਚ ਘਿਰੇ ਪਰਿਵਾਰ ਨੂੰ ਇਸ ਵੱਡੇ ਆਰਥਿਕ ਸੰਕਟ ’ਚੋਂ ਬਾਹਰ ਕੱਢ ਕੇ ਮੁੜ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਨ ਦੇ ਯੋਗ ਬਣਾਇਆ ਜਾ ਸਕੇ।