ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਨਹਿਰ ਕੰਢੇ ਲਟਕੀ ਸਕੋਡਾ ਕਾਰ ਕੌਮੀ ਮਾਰਗ 'ਤੇ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਨਹਿਰ ਵੱਲ ਲਟਕੀ ਸਕੋਡਾ ਕਾਰ
Publish Date: Thu, 26 Nov 2026 05:12 PM (IST)
Updated Date: Thu, 26 Nov 2026 05:13 PM (IST)
ਵਾਲ-ਵਾਲ ਬਚੇ ਨੌਜਵਾਨ ਗਲਤ ਦਿਸ਼ਾ ਤੋਂ ਆਉਂਦੇ ਵਾਹਨਾਂ ਤੇ ਤੇਜ਼ ਰਫ਼ਤਾਰ ਕਾਰਨ ਬਣਿਆ ਰਹਿੰਦੈ ਹਾਦਸਿਆਂ ਦਾ ਖ਼ਤਰਾ ਜੰਗ ਬਹਾਦਰ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਮਨਾਲੀ-ਚੰਡੀਗੜ੍ਹ ਕੌਮੀ ਮਾਰਗ ’ਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਦੇ ਨਜ਼ਦੀਕ ਸਥਿਤ ਪੁਲ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਝਾਰਖੰਡ ਦੇ ਚਾਰ ਨੌਜਵਾਨ ਸਕੋਡਾ ਕਾਰ (ਨੰਬਰ ਜੇਐੱਚ 10 ਡੀਐੱਚ 2436) ’ਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਇੱਕ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਕਾਰ ਬੇਕਾਬੂ ਹੋ ਕੇ ਪੁਲ ਤੋਂ ਨਹਿਰ ਵਾਲੇ ਪਾਸੇ ਲਟਕ ਗਈ। ਗਨੀਮਤ ਰਹੀ ਕਿ ਕਾਰ ’ਚ ਸਵਾਰ ਚਾਰੋਂ ਨੌਜਵਾਨਾਂ ਦਾ ਬਚਾਅ ਹੋ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਰਿਕਵਰੀ ਵੈਨ ਦੀ ਮਦਦ ਨਾਲ ਇਸ ਕਾਰ ਨੂੰ ਕਢਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਪੁਲ ’ਤੇ ਹਮੇਸ਼ਾ ਹੀ ਵਾਹਨਾਂ ਦੀ ਆਵਾਜਾਈ ਗਲਤ ਦਿਸ਼ਾ ’ਚ ਹੁੰਦੀ ਰਹਿੰਦੀ ਹੈ। ਖ਼ਾਸ ਕਰਕੇ ਜਦੋਂ ਕੋਈ ਵਾਹਨ ਬਾਬਾ ਗੁਰਦਿੱਤਾ ਜੀ ਵਾਲੇ ਪਾਸਿਓਂ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਵਿਖੇ ਮੱਥਾ ਟੇਕਣ ਲਈ ਜਾਂਦਾ ਹੈ ਤਾਂ ਉਸ ਨੂੰ ਪੁਲ ਤੋਂ ਗਲਤ ਦਿਸ਼ਾ ’ਚ ਲੰਘਣਾ ਪੈਂਦਾ ਹੈ। ਦੂਜੇ ਪਾਸੇ ਮਨਾਲੀ ਵੱਲੋਂ ਆਉਂਦੇ ਰਸਤੇ ਤੇ ਕਿਹੜੇ ਢਲਾਣ ਹੋਣ ਕਾਰਨ ਵਾਹਨ ਕਾਫ਼ੀ ਤੇਜ਼ ਰਫ਼ਤਾਰ ਨਾਲ ਹੇਠਾਂ ਵੱਲ ਆਉਂਦੇ ਹਨ, ਜਿਸ ਕਾਰਨ ਇਸ ਥਾਂ ’ਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪੁਲ ਦੇ ਨਹਿਰ ਵਾਲੇ ਪਾਸੇ ਸੁਰੱਖਿਆ ਕੰਧ ਜਾਂ ਰੇਲਿੰਗ ਨਾ ਹੋਣ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ। ਇਸ ਕੌਮੀ ਮਾਰਗ ਤੋਂ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂ ਆਉਂਦੇ-ਜਾਂਦੇ ਹਨ। ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ, ਨਹਿਰ ਵਾਲੇ ਪਾਸੇ ਸੁਰੱਖਿਆ ਰੇਲਿੰਗ ਲਗਾਈ ਜਾਵੇ ਤੇ ਗਲਤ ਦਿਸ਼ਾ ’ਚ ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ’ਚ ਅਜਿਹੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ।