ਸ੍ਰੀ ਚਮਕੌਰ ਸਾਹਿਬ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਹੋਵੇਗੀ ਪੂਰੀ ਸ੍ਰੀ ਚਮਕੌਰ ਸਾਹਿਬ ਹਸਪਤਾਲ ਵਿਖੇ ਡਾਕਟਰਾਂ ਦੀ ਘਾਟ ਹੋਵੇਗੀ ਪੂਰੀ
Publish Date: Mon, 07 Sep 2026 07:50 PM (IST)
Updated Date: Mon, 07 Sep 2026 07:52 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸਰਕਾਰੀ ਹਸਪਤਾਲ ਸ੍ਰੀ ਚਮਕੌਰ ਸਾਹਿਬ ਲਈ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ 8 ਡਾਕਟਰਾਂ ਸਮੇਤ ਕੁੱਲ 33 ਅਸਾਮੀਆਂ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਲਈ ਵਿਧਾਇਕ ਡਾ.ਚਰਨਜੀਤ ਸਿੰਘ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਮੋਰਿੰਡਾ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੈਬਨਿਟ ਮੀਟਿੰਗ ਵਿਚ ਸ੍ਰੀ ਚਮਕੌਰ ਸਾਹਿਬ ਦੇ ਅੱਪਗ੍ਰੇਡ ਕੀਤੇ ਸਬ-ਡਵੀਜ਼ਨਲ ਹਸਪਤਾਲ ਲਈ 33 ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਪੂਰੀ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਵਾਨ ਕੀਤੀਆਂ ਗਈਆਂ ਡਾਕਟਰਾਂ ਦੀਆਂ ਅਸਾਮੀਆਂ ਵਿਚ ਇੱਕ ਮੈਡੀਕਲ ਅਫਸਰ (ਮੈਡੀਸਨ), ਮੈਡੀਕਲ ਅਫਸਰ (ਆਰਥੋ), ਮੈਡੀਕਲ ਅਫਸਰ (ਅਨੱਸਥੀਸੀਆ), ਮੈਡੀਕਲ ਅਫਸਰ (ਪੈਥੋਲੌਜੀ), ਇੱਕ ਮੈਡੀਕਲ ( ਅਆਪਥਾਲਮਿਕ ਅਫਸਰ ) ਮੈਡੀਕਲ ਅਫਸਰ (ਰੇਡੀਓਲੌਜੀ) ਅਤੇ ਦੋ ਮੈਡੀਕਲ ਅਫਸਰ (ਜਨਰਲ) ਦੀਆਂ ਅਸਾਮੀਆਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਤੋਂ ਇਲਾਵਾ ਦੂਸਰੀਆਂ ਅਸਾਮੀਆਂ ਵਿਚ ਨਰਸਿੰਗ ਸਿਸਟਰ, ਸਟਾਫ ਨਰਸਾਂ, ਆਪ੍ਰੇਸ਼ਨ ਥੀਏਟਰ ਸਹਾਇਕ, ਡਰਾਈਵਰ, ਸੀਨੀਅਰ ਸਹਾਇਕ/ਲੇਖਾਕਾਰ ਅਤੇ ਕਲਾਸ 4 ਦੀਆਂ ਅਸਾਮੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਹਸਪਤਾਲ ਵਿਚ 51 ਅਸਾਮੀਆਂ ਨਾਲ ਕੰਮ ਚੱਲ ਰਿਹਾ ਹੈ ਜਦਕਿ 84 ਅਸਾਮੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 33 ਨਾਲ ਹਸਪਤਾਲ ਦੀ ਲੋੜ ਪੂਰੀ ਹੋ ਜਾਵੇਗੀ। ਇਸ ਮੌਕੇ ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਸੋਹਣ ਸਿੰਘ, ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਨਗਰ ਕੌਂਸਲ ਘੜੂੰਆਂ ਦੇ ਕੌਂਸਲਰ ਨਰਿੰਦਰ ਸਿੰਘ, ਦਲਜੀਤ ਸਿੰਘ ਰਕਾਲੀ ਮਾਨਗੜ੍ਹ, ਪੀਏ ਸ੍ਰੀਚੰਦ, ਨਿਰਭੈਅ ਸਿੰਘ ਸਕਰੁਲਾਂਪੁਰ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਯੂਥ ਕਲੱਬ, ਜਗਤਾਰ ਸਿੰਘ ਸਹੇੜੀ ਆਦਿ ਆਗੂ ਵੀ ਸ਼ਾਮਿਲ ਸਨ।