ਦੁਕਾਨਦਾਰ ’ਤੇ ਹਮਲਾ ਕਰ ਹਜ਼ਾਰਾਂ ਦੀ ਨਕਦੀ ’ਤੇ ਮੁਬਾਇਲ ਲੁੱਟੇ ਦੁਕਾਨ ਬੰਦ ਕਰਕੇ ਘਰ ਪਰਤ ਰਹੇਦੁਕਾਨਦਾਰ ’ਤੇ ਹਮਲਾ ਕਰ ਹਜ਼ਾਰਾਂ ਦੀ ਨਕਦੀ ’ਤੇ ਮੁਬਾਇਲ ਲੁੱਟੇ
Publish Date: Fri, 14 Aug 2026 05:05 PM (IST)
Updated Date: Fri, 14 Aug 2026 05:08 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਪਿੰਡ ਅਜੌਲੀ ਨੇੜੇ ਨਹਿਰਾਂ ਕੋਲ ਦੇਰ ਸ਼ਾਮ ਆਪਣੀ ਦੁਕਾਨ ਬੰਦ ਕਰਕੇ ਘਰ ਪਰਤ ਰਹੇ ਇੱਕ ਕਨਫੈਕਸ਼ਨਰੀ ਦੁਕਾਨਦਾਰ ’ਤੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਮੁਬਾਇਲ ਫ਼ੋਨ ਖੋਹ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਤੀਸ਼ ਕੁਮਾਰ ਪੁੱਤਰ ਭਗਤ ਰਾਮ ਵਾਸੀ ਪਿੰਡ ਅਜੌਲੀ ਨੇ ਦੱਸਿਆ ਕਿ ਉਹ ਨਹਿਰਾਂ ਦੇ ਪਾਰ ਕਨਫੈਕਸ਼ਨਰੀ ਦੀ ਦੁਕਾਨ ਕਰਦਾ ਹੈ। ਰੋਜ਼ਾਨਾ ਵਾਂਗ ਬੀਤੀ ਰਾਤ ਕਰੀਬ 9:00 ਤੋਂ 9:15 ਵਜੇ ਦੇ ਦਰਮਿਆਨ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ, ਤਾਂ ਜਦੋਂ ਉਸ ਨੇ ਪਹਿਲੀ ਨਹਿਰ ਪਾਰ ਕੀਤੀ ਤਾਂ ਪਿੱਪਲ ਦੇ ਦਰੱਖ਼ਤ ਕੋਲ ਪਹਿਲਾਂ ਤੋਂ ਹੀ ਘਾਤ ਲਗਾ ਕੇ ਬੈਠੇ ਦੋ ਮੂੰਹ ਢਕੇ ਨੌਜਵਾਨ ਅਚਾਨਕ ਸਾਹਮਣੇ ਆ ਗਏ। ਉਨ੍ਹਾਂ ਕੋਲ ਤੇਜ਼ਧਾਰ ਬਰਛੀਆਂ ਸਨ ਅਤੇ ਉਨ੍ਹਾਂ ਨੇ ਆਉਂਦੇ ਹੀ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸ ਦੀ ਸਕੂਟੀ ਡਿੱਗ ਪਈ। ਸਤੀਸ਼ ਕੁਮਾਰ ਨੇ ਹਿੰਮਤ ਦਿਖਾਉਂਦੇ ਹੋਏ ਇੱਕ ਹਮਲਾਵਰ ਦੀ ਲੱਤ ਅਤੇ ਬਰਛੀ ਨੂੰ ਫੜ ਲਿਆ, ਪ੍ਰੰਤੂ ਦੂਜਾ ਲੁਟੇਰਾ ਉਸ ਦਾ ਬੈਗ ਅਤੇ ਸਕੂਟੀ ਦੀ ਚਾਬੀ ਖੋਹ ਕੇ ਫ਼ਰਾਰ ਹੋ ਗਿਆ। ਪੀੜਤ ਮੁਤਾਬਕ ਖੋਹੇ ਗਏ ਬੈਗ ਵਿੱਚ ਕਰੀਬ 30,000 ਤੋਂ ਵੱਧ ਦੀ ਨਕਦੀ ਅਤੇ ਮੋਬਾਈਲ ਫ਼ੋਨ ਮੌਜੂਦ ਸਨ, ਜਿਸ ਵਿੱਚੋਂ 20,000 ਉਸ ਨੇ ਸ਼ਾਮ ਨੂੰ ਹੀ ਬੈਂਕ ਵਿੱਚੋਂ ਕਢਵਾਏ ਸਨ। ਬਾਅਦ ਵਿੱਚ ਰਾਹਗੀਰਾਂ ਦੀ ਮਦਦ ਨਾਲ ਭਾਲ ਕਰਨ ’ਤੇ ਇੱਕ ਮੁਬਾਇਲ ਫ਼ੋਨ ਥੋੜ੍ਹੀ ਦੂਰੀ ਤੋਂ ਬਰਾਮਦ ਹੋ ਗਿਆ, ਜਦਕਿ ਹਮਲਾਵਰ ਨਹਿਰ ਦੀ ਪਟੜੀ ਵੱਲ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਏ.ਐੱਸ.ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਅਜੌਲੀ ਦੇ ਵਸਨੀਕ ਸਤੀਸ਼ ਕੁਮਾਰ ਨਾਲ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਹੱਥੋਪਾਈ ਕਰਕੇ ਪੈਸੇ ਅਤੇ ਮੁਬਾਇਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਸ-ਪਾਸ ਦੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।