70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਮੁਕਾਬਲੇ ਸੰਪੰਨ 70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਮੁਕਾਬਲੇ ਸੰਪੰਨ
Publish Date: Tue, 03 Nov 2026 04:50 PM (IST)
Updated Date: Tue, 03 Nov 2026 04:50 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਖੇਡ ਦੇ ਮੁਕਾਬਲੇ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਸਫਲਤਾਪੂਰਵਕ ਸੰਪੰਨ ਹੋਏ। ਪਿਛਲੇ ਛੇ ਦਿਨਾਂ ਤੋਂ ਚੱਲ ਰਹੇ ਅੰਡਰ –(14/19) ਲੜਕੇ ਤੇ ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵੱਲੋਂ ਕੀਤੀ ਗਈ। ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਤੇ ਉਪ-ਕਨਵੀਨਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੂਟਿੰਗ ਦੇ ਪੀਪ ਸਾਈਟ ਏਅਰ ਰਾਈਫਲ, ਏਅਰ ਪਿਸਟਲ ਤੇ ਓਪਨ ਸਾਈਟ ਏਅਰ ਰਾਈਫਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਪੰਜਾਬ ਦੇ 23 ਜ਼ਿਲਿਆਂ ਤੋਂ ਪਹੁੰਚੇ ਲਗਭਗ 365 ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਖੇਡ ਮੁਕਾਬਲਿਆਂ ਦੇ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਕਰਨਲ ਅਮਨਦੀਪ ਸਿੰਘ ਬਾਠ, ਪ੍ਰਬੰਧਕ ਅਫ਼ਸਰ ਐੱਨਸੀਸੀ ਟ੍ਰੇਨਿੰਗ ਸਕੂਲ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਸਾਝੇਂ ਤੌਰ ਤੇ ਕੀਤੀ । ਓਪਨ ਸਾਈਟ ਏਅਰ ਰਾਈਫਲ ਅੰਡਰ -14 ਦੇ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ’ਚ ਰੂਪਨਗਰ ਦੀ ਕਿਰਨਜੀਤ ਕੌਰ ਨੇ ਪਹਿਲਾ ਸਥਾਨ , ਮਾਨਸਾ ਦੀ ਨਿਮਰਤ ਕੌਰ ਨੇ ਦੂਜਾ ਤੇ ਰੂਪਨਗਰ ਦੀ ਗੁਰਸੀਰਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ, ਓਪਨ ਸਾਈਟ ਏਅਰ ਰਾਈਫਲ ਅੰਡਰ -19 ਦੇ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ’ਚ ਪਟਿਆਲਾ ਦੀ ਹਰਨੂਰ ਕੌਰ ਨੇ ਪਹਿਲਾ ਸਥਾਨ , ਰੂਪਨਗਰ ਦੀ ਤਰਨਜੋਤ ਕੌਰ ਨੇ ਦੂਜਾ ਤੇ ਸੰਗਰੂਰ ਦੀ ਗੁਰਨੂਰ ਕੌਰ ਸ਼ੇਖੋਂ ਨੇ ਤੀਸਰਾ ਸਥਾਨ ਹਾਸਲ ਕੀਤਾ। ਏਅਰ ਪਿਸਟਲ ਅੰਡਰ -19 ਦੇ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ’ਚ ਸੰਗਰੂਰ ਦੀ ਸਿਮਰਨ ਟਿਵਾਣਾ ਨੇ ਪਹਿਲਾ ਸਥਾਨ , ਰੂਪਨਗਰ ਦੀ ਕੁਨਿਸ਼ਕਾ ਮੋਦਗਿਲ ਨੇ ਦੂਜਾ ਤੇ ਲੁਧਿਆਣਾ ਦੀ ਜਾਨਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਏਅਰ ਰਾਈਫਲ ਅੰਡਰ -14 ਦੇ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ’ਚ ਰੂਪਨਗਰ ਦੇ ਤਨਵੀਰ ਸਿੰਘ ਨੇ ਪਹਿਲਾ ਸਥਾਨ , ਪਟਿਆਲਾ ਦੇ ਗੁਰਵੰਸ਼ ਨੇ ਦੂਜਾ ਤੇ ਪਟਿਆਲਾ ਦੇ ਦਮਨਪ੍ਰੀਤ ਸਿੰਘ ਗਰਚਾ ਨੇ ਤੀਸਰਾ ਸਥਾਨ ਹਾਸਲ ਕੀਤਾ। ਏਅਰ ਰਾਈਫਲ ਅੰਡਰ -19 ਦੇ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਫਾਜ਼ਿਲਕਾ ਦੇ ਅੰਸ਼ੁਲ ਬੱਤਰਾ ਨੇ ਪਹਿਲਾ ਸਥਾਨ,ਮੋਹਾਲੀ ਦੇ ਅਭੇ ਪਰਤਾਪ ਸਿੰਘ ਨੇ ਦੂਜਾ ਤੇ ਪਟਿਆਲਾ ਦੇ ਅਭਿਰਾਜ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । ਜਦਕਿ ਟੀਮ ਵਰਗ ਦੇ ਸਾਰੇ ਮੁਕਾਬਲਿਆਂ ’ਚ ਪਟਿਆਲਾ ਜ਼ਿਲ੍ਹਾ ਅੱਵਲ ਰਿਹਾ। ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦੇ ਹੋਏ ਆਖਿਆ ਕੀ ਸ਼ੋਸ਼ਲ ਮੀਡੀਆ ਦੇ ਗਿਰਾਵਟ ਦੇ ਦੌਰ ’ਚ ਖਿਡਾਰੀ ਤੇ ਉਨ੍ਹਾਂ ਦੇ ਮਾਤਾ-ਪਿਤਾ ਆਪਣੇ ਸਮੇਂ ਨੂੰ ਖੇਡ, ਪੜ੍ਹਾਈ, ਮਾਨਸਿਕ ਤੇ ਸਰੀਰਕ ਸਿਹਤ ਬਣਾਈ ਰੱਖਣ ’ਚ ਲਗਾ ਰਹੇ ਹਨ। ਉਨ੍ਹਾਂ ਨੇ ਜੋਰ ਦੇ ਕੇ ਇਹ ਗੱਲ ਆਖੀ ਕਿ ਇਸ ਵੇਲੇ ਨੌਜਵਾਨ ਪੀੜ੍ਹੀ ਨੂੰ ਸਾਂਭਣਾ ਤੇ ਉਨਾਂ ਨੂੰ ਸੇਧ ਦੇਣੀ ਮਾਤਾ-ਪਿਤਾ, ਅਧਿਆਪਕਾਂ ਤੇ ਸਕੂਲਾਂ ਦੀ ਸਾਂਝੀ ਜ਼ਿੰਮੇਵਾਰੀ ਹੈ । ਉਨ੍ਹਾਂ ਨੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਅਕੈਡਮੀ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਸਮਾਗਮ ਦੇ ਅੰਤ ’ਚ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਪ੍ਰਿੰਸੀਪਲ ਰਾਜਨ ਚੋਪੜਾ ਨੇ ਮੁਕਾਬਲਿਆਂ ’ਚ ਪਹੁੰਚੇ ਕੋਚਾਂ, ਇੰਚਾਰਜ ਸਾਹਿਬਾਨ, ਵਿਦਿਆਰਥੀਆਂ ਦੇ ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਤੇ ਇਨ੍ਹਾਂ ਖੇਡ ਮੁਕਾਬਲਿਆਂ ’ਚ ਪਹਿਲੀ ਵਾਰ ਆਨਲਾਈਨ ਨਤੀਜਿਆਂ ਦੀ ਦਿੱਤੀ ਗਈ ਸੁਵਿਧਾ ਵਾਰੇ ਦੱਸਿਆ ਕੀ ਕਿਸ ਤਰ੍ਹਾਂ ਇੱਕ ਪਾਰਦਰਸ਼ੀ ਢੰਗ ਨਾਲ ਇਨ੍ਹਾਂ ਖੇਡ ਮੁਕਾਬਲਿਆਂ ਦਾ ਨਤੀਜਾ ਹਰ ਇੱਕ ਖਿਡਾਰੀ , ਕੋਚ ਤੇ ਮਾਤਾ- ਪਿਤਾ ਕੋਲ ਕੁੱਝ ਹੀ ਸਮੇਂ ਬਾਅਦ ਆਨਲਾਈਨ ਉਨ੍ਹਾਂ ਕੋਲ ਆ ਜਾਂਦਾ ਸੀ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਵਾਇਸ ਚੈਅਰਪਰਸਨ ਹਰਮਿੰਦਰ ਕੌਰ, ਸਟੇਟ ਅਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਜਰਨਲ ਸਕੱਤਰ ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਪ੍ਰਬੰਧਕੀ ਅਫਸਰ ਗੁਰਦਿਆਲ ਸਿੰਘ, ਨਵਜੋਤ ਕੌਰ ਸਕੂਲ ਇਸਪੈਕਟਰ, ਦੀਪਕ ਕੁਮਾਰ ਰਾਣਾ, ਐਚਓਡੀ. ਸਪੋਰਟਸ ਸਾਸਾ ਅਮ੍ਰਿਤਪਾਲ ਸਿੰਘ, ਖੁਸ਼ਦੀਪ ਕੌਰ ਸ਼ੂਟਿੰਗ ਕੋਚ ਸਾਸਾ ਤੇ ਚੇਤਨਿਆ ਨਾਇਡੂ ਸ਼ੂਟਿੰਗ ਕੋਚ ਸਾਸਾ, ਆਸ਼ੀਸ਼ ਗਗਨੇਜਾ , ਵੀਰ ਪਾਲ ਕੌਰ ਪਟਿਆਲਾ , ਕੁਲਦੀਪ ਸਿੰਘ ਮਾਨਸਾ , ਹਰਪ੍ਰੀਤ ਸਿੰਘ , ਜਸ਼ਨਦੀਪ ਸਿੰਘ, ਅਜੀਤ ਕੌਰ, ਹਰਵਿੰਦਰ ਸਿੰਘ ਮੋਹਾਲੀ, ਹਰਪ੍ਰੀਤ ਸਿੰਘ ਮੋਹਾਲੀ ਅਰਸ਼ਦੀਪ ਸਿੰਘ ਬੰਗਾ ਸ਼ੂਟਿੰਗ ਕੋਚ ਤੇ ਉਸ ਦੀ ਟੀਮ ਸਮੇਤ ਹੋਰ ਪਤਵੰਤੇ ਤੇ ਖੇਡ ਅਧਿਕਾਰੀ ਹਾਜ਼ਰ ਸਨ।