- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
70 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਮੁਕਾਬਲੇ ਸੰਪੰਨ

ਲਖਵੀਰ ਖਾਬੜਾ, ਪੰਜਾਬੀ ਜਾਗਰਣ,
ਰੂਪਨਗਰ: 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਸ਼ੂਟਿੰਗ ਖੇਡ ਦੇ ਮੁਕਾਬਲੇ ਸਥਾਨਕ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਸਫਲਤਾਪੂਰਵਕ ਸੰਪੰਨ ਹੋਏ। ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅੰਡਰ-17 ਲੜਕੇ ਅਤੇ ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਵੱਲੋਂ ਕੀਤੀ ਗਈ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਅਤੇ ਉਪ-ਕਨਵੀਨਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੂਟਿੰਗ ਦੇ ਪੀਪ ਸਾਈਟ ਏਅਰ ਰਾਈਫਲ, ਏਅਰ ਪਿਸਟਲ ਅਤੇ ਓਪਨ ਸਾਈਟ ਏਅਰ ਰਾਈਫਲ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਪਹੁੰਚੇ ਲਗਭਗ 365 ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਦੱਸਿਆ ਕਿ ਪੀਪ ਸਾਈਟ ਏਅਰ ਰਾਈਫਲ ਦੇ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ’ਚ ਰੂਪਨਗਰ ਦੇ ਈਸਟਵਰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਟੀਮ ਮੁਕਾਬਲਿਆਂ ’ਚ ਫਾਜ਼ਿਲਕਾ ਜ਼ਿਲ੍ਹਾ ਅੱਵਲ ਰਿਹਾ। ਲੜਕੀਆਂ ਦੇ ਵਰਗ ’ਚ ਕਪੂਰਥਲਾ ਦੀ ਹਰਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਟੀਮ ਮੁਕਾਬਲਿਆਂ ’ਚ ਅੰਮ੍ਰਿਤਸਰ ਜ਼ਿਲ੍ਹਾ ਮੋਹਰੀ ਰਿਹਾ।
ਇਸ ਮੌਕੇ ਐੱਸਐੱਸਪੀ ਰੂਪਨਗਰ ਮਨਿੰਦਰ ਸਿੰਘ ਜੇਤੂ ਖਿਡਾਰੀਆਂ ਅਤੇ ਉਨਾਂ ਦੇ ਮਾਤਾ-ਪਿਤਾ ਵਿਸ਼ੇਸ਼ ਤੌਰ ਤੇ ਵਧਾਈ ਦੇਣ ਲਈ ਪਹੁੰਚੇ ਕਿਉਂ ਜੋ ਇਸ ਸ਼ੋਸ਼ਲ ਮੀਡੀਆ ਦੇ ਗਿਰਾਵਟ ਦੇ ਦੌਰ ਵਿਚ ਖਿਡਾਰੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਆਪਣੇ ਸਮੇਂ ਨੂੰ ਖੇਡ, ਪੜ੍ਹਾਈ, ਮਾਨਸਿਕ ਤੇ ਸਰੀਰਕ ਸਿਹਤ ਬਣਾਈ ਰੱਖਣ ਵਿਚ ਲਗਾ ਰਹੇ ਹਨ। ੳਨ੍ਹਾਂ ਨੇ ਜ਼ੌਰ ਦੇ ਕੇ ਇਹ ਗੱਲ ਆਖੀ ਕਿ ਇਸ ਵੇਲੇ ਨੌਜਵਾਨ ਪੀੜ੍ਹੀ ਨੂੰ ਸਾਂਭਣਾ ਅਤੇ ਉਨਾਂ ਨੂੰ ਸੇਧ ਦੇਣੀ ਮਾਤਾ-ਪਿਤਾ, ਅਧਿਆਪਕਾਂ ਤੇ ਸਕੂਲਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਜ਼ਿਲਾ ਪੁਲਿਸ ਪ੍ਰਸ਼ਾਸ਼ਨ ਨਸ਼ਿਆ ਵਰਗੇ ਕੋਹੜ ਨੂੰ ਦੂਰ ਕਰਨ ਲਈ ਬਹੁਤ ਗੰਭੀਰ ਹੈ। ਉਨ੍ਹਾਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਸਟੇਟ ਅਵਾਰਡੀ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ, ਜਨਰਲ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ, ਨੇ ਮੁਕਾਬਲਿਆਂ ਵਿਚ ਪਹੁੰਚੇ ਕੋਚਾਂ, ਇੰਚਾਰਜ ਸਾਹਿਬਾਨ, ਵਿਦਿਆਰਥੀਆਂ ਦੇ ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਅਕੈਡਮੀ ਦੀ ਮੈਨੇਜਮੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ, ਵਾਇਸ ਚੈਅਰਪਰਸਨ ਹਰਮਿੰਦਰ ਕੌਰ, ਪ੍ਰਿੰਸੀਪਲ ਰਾਜਨ ਚੋਪੜਾ, ਪ੍ਰਬੰਧਕੀ ਅਫ਼ਸਰ ਗੁਰੂਦਿਆਲ ਸਿੰਘ, ਨਵਜੋਤ ਕੌਰ, ਦੀਪਕ ਕੁਮਾਰ ਰਾਣਾ, ਐੱਚਓਡੀ. ਸਪੋਰਟਸ ਸਾਸਾ ਸਮੇਤ ਹੋਰ ਪਤਵੰਤੇ ਅਤੇ ਖੇਡ ਅਧਿਕਾਰੀ ਹਾਜ਼ਰ ਸਨ।