ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੇ ਜਿੱਤੇ 2 ਸੋਨੇ, 4 ਚਾਂਦੀ ਅਤੇ 4 ਕਾਂਸੇ ਦੇ ਮੈਡਲ ਯੂਥ ਫੈਸਟੀਵਲ ਦੇ ਸਾਊਥ ਜ਼ੋਨ ਮੁਕਾਬਲਿਆਂ ਵਿੱਚ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਨੇ
Publish Date: Thu, 01 Oct 2026 06:39 PM (IST)
Updated Date: Thu, 01 Oct 2026 06:39 PM (IST)
ਪੰਜਾਬੀ ਜਾਗਰਣ ਟੀਮ, ਨੰਗਲ: ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ’ਚ ਕਰਵਾਏ ਗਏ ਯੂਥ ਫੈਸਟੀਵਲ ਦੇ ਸਾਊਥ ਜ਼ੋਨ ਮੁਕਾਬਲਿਆਂ ਵਿਚ ਸ਼ਿਵਾਲਿਕ ਕਾਲਜ ਆਫ ਫਾਰਮੇਸੀ, ਮੋਜਵਾਲ-ਨੰਗਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਗੋਲਡ ਮੈਡਲ, 4 ਸਿਲਵਰ ਮੈਡਲ ਅਤੇ 4 ਬਰੌਂਜ਼ ਮੈਡਲ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਲਗਭਗ 15 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਮੁਕਾਬਲਿਆਂ ਵਿਚ ਹਿੱਸਾ ਲਿਆ। ਸ਼ਿਵਾਲਿਕ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਨੇ ਲਗਭਗ 21 ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਗਰੁੱਪ ਸੌਂਗ ਇੰਡੀਅਨ ਮੁਕਾਬਲੇ ਵਿਚ ਅਮੀਸ਼ਾ, ਦੇਵਾਂਸ਼ੀ, ਚੰਦੀਪ ਕੌਰ, ਸਿਮਰਨ, ਕੋਮਲ ਅਤੇ ਅਨਾਮਿਕਾ ਨੇ ਗੋਲਡ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਕਾਰਟੂਨਿੰਗ ਮੁਕਾਬਲੇ ਵਿਚ ਤਨਵੀਰ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਗਰੁੱਪ ਸ਼ਬਦ, ਕੋਲਾਜ ਮੇਕਿੰਗ, ਔਨ ਦ ਸਪਾਟ ਪੇਂਟਿੰਗ ਅਤੇ ਕ੍ਰੀਏਟਿਵ ਰਾਈਟਿੰਗ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤੇ ਗਏ। ਕੋਲਾਜ ਮੇਕਿੰਗ ਵਿਚ ਸੁਖਮਨਪ੍ਰੀਤ ਕੌਰ, ਔਨ ਦ ਸਪਾਟ ਪੇਂਟਿੰਗ ਵਿਚ ਅਨੰਨਿਆ ਸ਼ਰਮਾ ਅਤੇ ਕ੍ਰੀਏਟਿਵ ਰਾਈਟਿੰਗ ਵਿਚ ਰਜਨੀ ਨੇ ਸਿਲਵਰ ਮੈਡਲ ਜਿੱਤੇ। ਮਾਈਮ ਮੁਕਾਬਲੇ ਵਿਚ ਜਸ਼ਨਪ੍ਰੀਤ, ਰਵਨੀਤ ਕੌਰ, ਰਾਧਿਕਾ, ਜਸਨੀਤ ਕੌਰ, ਮਨਦੀਪ ਕੌਰ, ਗਗਨਪ੍ਰੀਤ ਕੌਰ ਅਤੇ ਬ੍ਰਿੰਦਾ ਨੇ ਬਰੌਂਜ਼ ਮੈਡਲ ਹਾਸਲ ਕੀਤਾ। ਲਾਈਟ ਵੋਕਲ ਇੰਡੀਅਨ ਅਤੇ ਕਲਾਸੀਕਲ ਵੋਕਲ ਸੋਲੋ ਵਿਚ ਵਿਸ਼ਾਲ ਨੇ ਬਰੌਂਜ਼ ਮੈਡਲ ਪ੍ਰਾਪਤ ਕੀਤਾ, ਜਦਕਿ ਔਨ ਦ ਸਪਾਟ ਫੋਟੋਗ੍ਰਾਫੀ ਵਿਚ ਕਰਨ ਨੇ ਬਰੌਂਜ਼ ਮੈਡਲ ਜਿੱਤਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਦੀਪ ਸਿੰਘ ਦੂਆ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਅਗਲੇ ਸਾਲ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰੋ. ਰਾਜੇਸ਼ ਕੁਮਾਰ ਦਵੇਦੀ, ਪ੍ਰੋ. ਸਤੀਸ਼ ਕੁਮਾਰੀ, ਪ੍ਰੋ. ਐਸ਼ਵਰਿਆ, ਪ੍ਰੋ. ਮੌਨਿਕਾ, ਪ੍ਰੋ. ਮਨਪ੍ਰੀਤ ਕੌਰ, ਡੋਲੀ ਅਤੇ ਸੋਨੀਆ ਬਾਲੀ ਵੀ ਮੌਜੂਦ ਰਹੇ ਅਤੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਸ਼ਿਵਾਲਿਕ ਕਾਲਜ ਆਫ ਫਾਰਮੇਸੀ ਦੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਵਿਚ ਖੁਸ਼ੀ ਦਾ ਮਾਹੌਲ ਹੈ। ਕਾਲਜ ਪ੍ਰਬੰਧਨ ਅਤੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।