ਸੱਚ ਸਾਹਮਣੇ ਲਿਆਵੇ ਸ਼੍ਰੋਮਣੀ ਕਮੇਟੀ : ਬਾਠ ਸੱਚ ਸਾਹਮਣੇ ਲਿਆਵੇ ਸ਼੍ਰੋਮਣੀ ਕਮੇਟੀ : ਬਾਠ
Publish Date: Sun, 20 Sep 2026 05:53 PM (IST)
Updated Date: Sun, 20 Sep 2026 05:53 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇਹ ਮਾਣਮੱਤੀ ਸੰਸਥਾ ਹੋਂਦ ’ਚ ਆਈ ਸੀ। ਅੱਜ ਜੇਕਰ ਇਸ ਦੀ ਸਾਖ ਨੂੰ ਕਿਸੇ ਵੀ ਕਾਰਨ ਕਰਕੇ ਠੇਸ ਪਹੁੰਚਦੀ ਹੈ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨਾਲ ਸਬੰਧਤ ਮਾਮਲਾ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹਿਰੀਨ ਦੀ ਰਹਿਣ ਵਾਲੀ ਇਕ ਬੀਬੀ ਵੱਲੋਂ ਕਥਿਤ ਤੌਰ ’ਤੇ ਭਾਈ ਚਾਵਲਾ ’ਤੇ ਇਲਜ਼ਾਮ ਲਗਾਏ ਗਏ ਹਨ ਤੇ ਪੁਲਿਸ ਵੱਲੋਂ ਵੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਕਾਰਨ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੀ ਸਾਖ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਉੱਥੇ ਸਿੱਖ ਸਮਾਜ ’ਚ ਵੀ ਚਿੰਤਾ ਦਾ ਮਾਹੌਲ ਹੈ। ਇਕ ਧਾਰਮਿਕ ਸੰਸਥਾ ਨਾਲ ਜੁੜੇ ਵਿਅਕਤੀ ਨੂੰ ਲੈ ਕੇ ਇਸ ਤਰ੍ਹਾਂ ਦਾ ਵਿਵਾਦ ਸਾਹਮਣੇ ਆਉਣਾ ਆਪਣੇ ਆਪ ’ਚ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾਕਿ ਉਹ ਅਦਾਲਤ ਦਾ ਫੈਸਲਾ ਆਉਣ ਤੱਕ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਪਰ ਸ਼੍ਰੋਮਣੀ ਕਮੇਟੀ ਤੋਂ ਕੁਝ ਅਹਿਮ ਸਵਾਲਾਂ ਦੇ ਜਵਾਬ ਜ਼ਰੂਰ ਮੰਗਦੇ ਹਨ। ਉਨ੍ਹਾਂ ਪੁੱਛਿਆ ਕਿ ਬਹਿਰੀਨ ਰਹਿਣ ਵਾਲੀ ਬੀਬੀ ਨੂੰ ਭਾਰਤ ’ਚ ਕਿਸ ਨੇ ਬੁਲਾਇਆ ਤੇ ਕਿਸ ਮਕਸਦ ਲਈ ਬੁਲਾਇਆ ਗਿਆ ਜਾਂ ਉਹ ਆਪਣੇ ਤੌਰ ’ਤੇ ਭਾਰਤ ਆਈ ਸੀ। ਉਨ੍ਹਾਂ ਅੱਗੇ ਸਵਾਲ ਕੀਤਾ ਕਿ ਸ਼੍ਰੋਮਣੀ ਕਮੇਟੀ ਦੀ ਸਰਾਂ ’ਚ ਲੰਬੇ ਸਮੇਂ ਲਈ ਉਸ ਨੂੰ ਕਮਰਾ, ਸੇਵਾਦਾਰ ਤੇ ਗੱਡੀ ਕਿਸ ਦੇ ਕਹਿਣ ’ਤੇ ਉਪਲਬਧ ਕਰਵਾਈ ਗਈ। ਇਹ ਸਹੂਲਤਾਂ ਕਿਸ ਪ੍ਰੋਟੋਕਾਲ ਦੇ ਆਧਾਰ ’ਤੇ ਦਿੱਤੀਆਂ ਗਈਆਂ ਤੇ ਕੀ ਉਸ ਤੋਂ ਸਰਾਂ ਦੇ ਕਮਰੇ ਦਾ ਕੋਈ ਕਿਰਾਇਆ ਵਸੂਲ ਕੀਤਾ ਗਿਆ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਇਸ ਮਾਮਲੇ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੋ ਸਕਦੀ ਹੈ, ਜਿਸ ਨੂੰ ਨਿਰਪੱਖ ਜਾਂਚ ਰਾਹੀਂ ਸਾਹਮਣੇ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਨਿਰਪੱਖ ਜਾਂਚ ਕਿਸੇ ਹਾਈ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ, ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ, ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸੰਗਤਾਂ ’ਚ ਇਸ ਮਾਣਮੱਤੀ ਸੰਸਥਾ ਦੀ ਸਾਖ ਨੂੰ ਲੈ ਕੇ ਪੈਦਾ ਹੋ ਰਹੇ ਸਵਾਲਾਂ ਦਾ ਨਿਪਟਾਰਾ ਹੋ ਸਕੇ।