ਚੁੱਪ-ਚੁਪੀਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਚੁੱਪ-ਚੁਪੀਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ
Publish Date: Mon, 10 Aug 2026 04:16 PM (IST)
Updated Date: Mon, 10 Aug 2026 04:17 PM (IST)
ਚੁੱਪ-ਚੁਪੀਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਬੰਦ ਕਮਰਾ ਮੀਟਿੰਗ ਸੁਰਿੰਦਰ ਸਿੰਘ ਸੋਨੀ,ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ: ਅੱਜ ਸਵੇਰੇ ਕਰੀਬ 9 ਵਜੇ ਉਸ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਲਚਲ ਦੇਖਣ ਨੂੰ ਮਿਲੀ, ਜਦੋਂ ਗੱਡੀਆਂ ਦਾ ਇੱਕ ਕਾਫਲਾ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਰੁਕਿਆ। ਬਾਅਦ ਵਿੱਚ ਪਤਾ ਲੱਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਚਾਨਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੇ ਹਨ। ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕੀਤੀ। ਦੋਵਾਂ ਵਿਚਕਾਰ ਬੰਦ ਕਮਰਾ ਮੀਟਿੰਗ ਹੋਈ। ਹਾਲਾਂਕਿ ਮੀਟਿੰਗ ਦੌਰਾਨ ਹੋਈ ਗੱਲਬਾਤ ਸਬੰਧੀ ਕਿਸੇ ਵੀ ਧਿਰ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਗੁਰਦੁਆਰਾ ਸਾਹਿਬਾਨ ਵਿਖੇ ਚੱਲ ਰਹੇ ਵੱਖ-ਵੱਖ ਕੰਮਾਂ ਅਤੇ ਉਸਾਰੀ ਸੇਵਾਵਾਂ ਸਬੰਧੀ ਵਿਸ਼ੇਸ਼ ਤੌਰ ’ਤੇ ਵਿਚਾਰ-ਵਟਾਂਦਰੇ ਲਈ ਸੱਦਿਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਕੁਝ ਉਸਾਰੀ ਕਾਰਜਾਂ ਸਬੰਧੀ ਜਥੇਦਾਰ ਸਾਹਿਬ ਵੱਲੋਂ ਦਿੱਤੇ ਗਏ ਅਹਿਮ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਉਸਾਰੀ ਕਾਰਜਾਂ ਦੀ ਰੂਪ-ਰੇਖਾ ਵਿੱਚ ਤਬਦੀਲੀ ਕੀਤੀ ਗਈ ਹੈ। ਮੀਟਿੰਗ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਇਲਾਕੇ ਵਿੱਚ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ਅਤੇ ਉਸਾਰੀ ਕਾਰਜਾਂ ਦਾ ਮੁਆਇਨਾ ਵੀ ਕੀਤਾ ਗਿਆ। ਇਸ ਦੌਰਾਨ ਨੰਗਲ ਸਥਿਤ ਗੁਰਦੁਆਰਾ ਬਿਭੋਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਵਿਖੇ ਚੱਲ ਰਹੀਆਂ ਉਸਾਰੀ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ‘ਵਾਈਟ ਸਟਰੀਟ’ ਦੇ ਕੰਮ ਨੂੰ ਲੈ ਕੇ ਵੀ ਚਰਚਾ ਹੋਣ ਦੀ ਚਰਚਾ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਮੁੱਖ ਮਾਰਗ ਤੋਂ ਲੈ ਕੇ ਤਖ਼ਤ ਸਾਹਿਬ ਤੱਕ ‘ਵਾਈਟ ਸਟਰੀਟ’ ਬਣਾਉਣ ਦੀ ਗੱਲ ਕਾਫ਼ੀ ਸਮੇਂ ਤੋਂ ਜ਼ੋਰ-ਸ਼ੋਰ ਨਾਲ ਕੀਤੀ ਜਾ ਰਹੀ ਹੈ। ਇਸ ਪ੍ਰਾਜੈਕਟ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਫ਼ੀ ਸਮਾਂ ਪਹਿਲਾਂ ਰੱਖਿਆ ਗਿਆ ਸੀ, ਪਰ ਇਸ ਤੋਂ ਬਾਅਦ ਇਹ ਨੀਂਹ ਪੱਥਰ ਅਜੇ ਤੱਕ ਉਸੇ ਤਰ੍ਹਾਂ ਹੀ ਪਿਆ ਹੋਇਆ ਹੈ ਅਤੇ ਕੰਮ ਅੱਗੇ ਨਹੀਂ ਵਧ ਸਕਿਆ। ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਕੰਮ ਲਈ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਇਹ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ। ਸੂਤਰਾਂ ਮੁਤਾਬਕ ਅੱਜ ਹੋਈ ਮੀਟਿੰਗ ਦੌਰਾਨ ਇਸ ਮਾਮਲੇ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਸੀ। ਹਾਲਾਂਕਿ ਇਸ ਸਬੰਧੀ ਮੀਟਿੰਗ ਵਿੱਚ ਅਸਲ ਵਿੱਚ ਕੋਈ ਗੱਲਬਾਤ ਹੋਈ ਜਾਂ ਨਹੀਂ ਅਤੇ ਜੇ ਹੋਈ ਤਾਂ ਕੀ ਫੈਸਲਾ ਜਾਂ ਵਿਚਾਰ-ਵਟਾਂਦਰਾ ਹੋਇਆ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋ ਸਕੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਫੋਨ ’ਤੇ ਸੰਪਰਕ ਕਰਕੇ ਮੀਟਿੰਗ ਸਬੰਧੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਦੋਵਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ। ਫਿਲਹਾਲ ਇਸ ਅਹਿਮ ਮੁਲਾਕਾਤ ਦੌਰਾਨ ਹੋਈ ਗੱਲਬਾਤ ਅਤੇ ਕਿਸੇ ਸੰਭਾਵਿਤ ਫੈਸਲੇ ਬਾਰੇ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।