ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ’ਤੇ ਤਿੱਖੇ ਸ਼ਬਦੀ ਹਮਲੇ ਵਿਧਾਇਕ ਡਾ. ਚਰਨਜੀਤ ਸਿੰਘ ਦੇ ਸਾਬਕਾ ਮੁੱਖ ਮੰਤਰੀ ਚੰਨੀ 'ਤੇ ਕੀਤੇ ਤਿੱਖੇ ਹਮਲੇ
Publish Date: Sat, 17 Oct 2026 05:31 PM (IST)
Updated Date: Sat, 17 Oct 2026 05:33 PM (IST)
ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਜਾਇਦਾਦ ਬਾਰੇ ਪੁੱਛੇ ਸਵਾਲ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਰੋਪੜ ਵਿਖੇ ਮਾਈਨਿੰਗ ਸਾਈਟ ’ਤੇ ਕੀਤੀ ਗਈ ਰੇਡ ਨੂੰ ‘ਸਿਆਸੀ ਡਰਾਮਾ’ ਕਰਾਰ ਦਿੰਦਿਆਂ ਉਨ੍ਹਾਂ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਡਾ. ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਪਹਿਲਾਂ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਚਮਕੌਰ ਸਾਹਿਬ ਹਲਕੇ ’ਚ ਹੋਈ ਬੇਨਾਮੀ ਅਤੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਹਿਸਾਬ ਦੇਣ। ਵਿਧਾਇਕ ਨੇ ਦੋਸ਼ ਲਾਇਆ ਕਿ ਸਾਲ 2007 ਤੋਂ 2022 ਤੱਕ ਚਮਕੌਰ ਸਾਹਿਬ ਹਲਕੇ ’ਚ ਸਾਬਕਾ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਈਟ ਗੋਲਡ (ਰੇਤੇ) ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਅਸਲੀ ਵਪਾਰੀ ਚੰਨੀ ਅਤੇ ਉਨ੍ਹਾਂ ਦੀ ਟੀਮ ਰਹੀ ਹੈ, ਜਿਨ੍ਹਾਂ ਨੇ 15 ਸਾਲਾਂ ’ਚ ਲਗਭਗ 1500 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਮਾਈਨਿੰਗ ਕੀਤੀ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਫੋਰੈਸਟ ਏਰੀਆ ’ਚ ਮਾਈਨਿੰਗ ਹੋਈ ਅਤੇ ਸਾਬਕਾ ਮੁੱਖ ਮੰਤਰੀ ਦੇ ਭਾਣਜੇ ਕੋਲੋਂ 10-12 ਕਰੋੜ ਰੁਪਏ ਦੀ ਨਕਦੀ ਫੜੀ ਗਈ ਸੀ, ਤਾਂ ਕੀ ਉਹ ਪੈਸਾ ਚੰਨੀ ਦਾ ਨਹੀਂ ਸੀ? ਉਨ੍ਹਾਂ ਕਿਹਾ ਕਿ ਭਾਣਜਾ ਕੋਈ ਹੋਰ ਕਾਰੋਬਾਰ ਨਹੀਂ ਕਰਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕਨਾਲ ਰੈਸਟ ਹਾਊਸ ਅਤੇ ਮੋਰਿੰਡੇ ’ਚ ਬਣਾਏ ਗਏ ਮਹਿਲ ’ਚ ਪਈ ਭਰਤ ਬਾਰੇ ਵੀ ਜਵਾਬ ਮੰਗਿਆ। ਵਿਧਾਇਕ ਨੇ ਵਿਅੰਗ ਕੱਸਦਿਆਂ ਕਿਹਾ ਕਿ ਚੰਨੀ ਖ਼ੁਦ ਨੂੰ ਟੈਂਟ ਲਾਉਣ ਵਾਲਾ ਦੱਸਦੇ ਹਨ, ਪਰ ਟੈਂਟ ਲਾ ਕੇ ਕੋਈ ਲੱਖਪਤੀ ਤੋਂ ਅਰਬਪਤੀ ਨਹੀਂ ਬਣਦਾ। ਉਨ੍ਹਾਂ ਸਵਾਲ ਕੀਤਾ ਕਿ ਮੋਰਿੰਡਾ,ਖਰੜ,ਚਮਕੌਰ ਸਾਹਿਬ ਅਤੇ ਹੁਣ ਜਲੰਧਰ ’ਚ ਬਣੇ ਮਹਿਲ, ਰਾਈਸ ਸ਼ੈਲਰ ਅਤੇ ਭੱਠੇ ਕਿਹੜੇ ਕਾਰੋਬਾਰ ਦੀ ਕਮਾਈ ਨਾਲ ਬਣਾਏ ਗਏ ਹਨ? ਡਾ. ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਸਾਲ 2022 ਦੀਆਂ ਚੋਣਾਂ ’ਚ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਨਿੱਜੀ ਜੇਬ੍ਹ ਵਿੱਚੋਂ 70 ਤੋਂ 80 ਕਰੋੜ ਰੁਪਏ ਚੋਣਾਂ ’ਚ ਲਾਏ, ਜੋ ਕਿ ਕਥਿਤ ਤੌਰ ਤੇ ਇਸੇ ਨਾਜਾਇਜ਼ ਮਾਈਨਿੰਗ ਦੀ ਕਮਾਈ ਦਾ ਹਿੱਸਾ ਸਨ। ਵਿਧਾਇਕ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਦੂਜਿਆਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਇਨ੍ਹਾਂ ਸਾਰੇ ਗੰਭੀਰ ਸਵਾਲਾਂ ਦਾ ਜਵਾਬ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੀਦਾ ਹੈ। ਉੱਧਰ ਜਦੋ ਉਪਰੋਕਤ ਦੋਸ਼ਾਂ ਸਬੰਧੀ ਚਰਨਜੀਤ ਸਿੰਘ ਚੰਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਦੱਸਿਆ ਕਿ ਪੰਜਾਬ ਵਿਜੀਲੈਂਸ ਵੱਲੋਂ ਪਿਛਲੇ ਸਾਢੇ ਚਾਰ ਦੌਰਾਨ ਕਈ ਵਾਰ ਉਨ੍ਹਾਂ ਦੇ ਬੈਂਕ ਖਾਤੇ ਤੇ ਜਾਇਦਾਦ ਸਬੰਧੀ ਕਾਗਜ਼ਾਤ ਚੈੱਕ ਕਿਤੇ ਗਏ ਹਨ, ਜਿਸ ਦੌਰਾਨ ਵਿਜੀਲੈਂਸ ਨੂੰ ਕੁੱਝ ਵੀ ਗਲਤ ਨਹੀ ਮਿਲਿਆ।