4 ਨਵੰਬਰ ਨੂੰ ਮਹਾਂ ਇਨਸਾਫ਼ ਰੈਲੀ ਵਿਰੋਧੀ ਧਿਰਾਂ ਦੀਆਂ ਸਿਆਸੀ ਚੂਲਾ ਹਿਲ੍ਹਾ ਦੇਵੇਗੀ : ਰਣਦੀਪ ਨਾਭਾ 04 ਨਵੰਬਰ ਨੂੰ ਮਹਾਂ ਇਨਸਾਫ਼ ਰੈਲੀ ਵਿਰੋਧੀ ਧਿਰਾਂ ਦੀਆਂ ਸਿਆਸੀ ਚੂਲਾ ਹਿਲ੍ਹਾ ਦੇਵੇਗੀ: ਰਣਦੀਪ ਨਾਭਾ
Publish Date: Fri, 30 Oct 2026 06:03 PM (IST)
Updated Date: Fri, 30 Oct 2026 06:04 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਭਾਜਪਾ ਵੱਲੋਂ ਸੰਵਿਧਾਨ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰਨਾ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ’ਤੇ ਹੋ ਰਹੇ ਤਸ਼ੱਦਦ ਅਤੇ ਅੱਤਿਆਚਾਰ ਦੇ ਖ਼ਿਲਾਫ਼ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਪੰਜਾਬ ਦੇ ਦਲੇਰ ਲੋਕਾਂ ਨੂੰ ਲਾਮਬੰਦ ਕਰਨ ਲਈ ਕਾਂਗਰਸ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲ ਵਿਖੇ ਹੋਣ ਵਾਲੀ 04 ਨਵੰਬਰ ਨੂੰ ਮਹਾਂ ਇਨਸਾਫ਼ ਰੈਲੀ ਵਿਰੋਧੀ ਧਿਰਾਂ ਦੀਆਂ ਸਿਆਸੀ ਚੂਲਾ ਹਿਲ੍ਹਾ ਦੇਵੇਗੀ। ਸ਼ੁੱਕਰਵਾਰ ਨੂੰ ਰੂਪਨਗਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਤੇ ਰੂਪਨਗਰ ਜ਼ਿਲ੍ਹੇ ਦੇ ਇੰਚਾਰਜ਼ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਜਨ-ਨਾਇਕ ਰਾਹੁਲ ਗਾਂਧੀ ਦੀ ਸੰਗਰੂਰ ਵਿਖੇ ਇਸ ‘ਮਹਾਂ ਇਨਸਾਫ਼ ਰੈਲੀ’ ਨੂੰ ਸੰਬੋਧਨ ਕਰਨਗੇ। ਰੈਲੀ ਵਿਚ ਰੂਪਨਗਰ ਦੇ ਹਰੇਕ ਹਲਕੇ ਤੋਂ 500 ਵਰਕਰ ਤੇ ਆਮ ਲੋਕਾਂ ਨੂੰ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਵਿਚ ਭਾਜਪਾ ਦੀ ਕੇਂਦਰ ਸਰਕਾਰ ਨੇ ਸੱਤਾਂ ਦੀ ਵਾਂਗਡੋਰ ਸੰਭਾਲਦਿਆਂ ਹੀ ਸੰਵਿਧਾਨ ਨੂੰ ਖਤਮ ਕਰਨ ਦੀਆਂ ਵਿਊਂਤਾਂ ਬਣਾਈਆਂ ਅਤੇ ਲਗਾਤਾਰ ਸਾਡੇ ਸੰਵਿਧਾਨ ਨਾਲ ਛੇੜਛਾੜ ਕਰ ਕੇ ਦੇਸ਼ ਦੇ ਲੋਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੀ ਮੌਜੂਦਾ ਆਪ ਸਰਕਾਰ ਨੇ ਜਿੱਥੇ ਪੰਜਾਬ ’ਤੇ ਕਰਜ਼ੇ ਦੀ ਪੰਡ ਭਾਰੀ ਕੀਤੀ ਹੈ ਉੱਥੇ ਮੁਲਾਜ਼ਮ, ਕਿਸਾਨ, ਵਪਾਰੀ ਆਦਿ ਦੁਖੀ ਹਨ ਕਿਉਂਕਿ ਪੰਜਾਬ ਵਿਚ ਦਿਨ ਦਿਹਾੜੇ ਕਤਲ ਹੋ ਰਹੇ ਹਨ, ਫਿਰੌਤੀਆਂ ਮੰਗੀਆਂ ਜਾ ਰਹੀਆਂ, ਚੋਰੀਆਂ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਕੁੱਲ ਮਿਲਾ ਕੇ ਪੰਜਾਬ ਦੇ ਲੋਕ ਬਾਹਰ ਤਾਂ ਕੀ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦਾ ਦੈਂਤ ਖਾ ਰਿਹਾ ਹੈ ਉੱਧਰ ਸੂਬਾ ਸਰਕਾਰ ਝੂਠੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਅਸੀਂ ਨਸ਼ਿਆਂ ਖ਼ਿਲਾਫ਼ ਵੱਡੇ ਐਕਸ਼ਨ ਲਏ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਿਉਂਕਿ ਹੋਇਆ ਜੇਕਰ ਸਰਕਾਰ ਦਾ ਸਿਸਟਮ ਫੇਲ੍ਹ ਹੋਈ ਤਾਂ ਹੀ ਉਹ ਮੈਡੀਕਲ ਸਟੇਰ ’ਤੇ ਨਸ਼ੇ ਵੇਚਣਾ ਬੰਦ ਕਰਵਾਉਣ ਗਿਆ ਸੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਸਪੀਕਰ ਰਾਣਾ ਕੇਪੀ. ਸਿੰਘ ਨੇ ਕਿਹਾ ਕਿ ਰੋਪੜ ਜ਼ਿਲ੍ਹੇ ਵਿੱਚੋਂ ਜਿੱਥੇ ਲਗਭਗ 1500 ਬੰਦੇ ਲੈ ਕੇ ਜਾਣ ਦੀ ਪਾਰਟੀ ਨੇ ਸਾਡੀ ਡਿਊਟੀ ਲਗਾਈ ਹੈ, ਉੱਥੇ ਉਹ ਯਕੀਨ ਦਿਵਾਉਂਦਾ ਹੈ ਕਿ ਅਸੀਂ 2000 ਤੋਂ ਵੱਧ ਬੰਦੇ ਲੈ ਕੇ ਰੈਲੀ ਵਿਚ ਸ਼ਾਮਲ ਹੋਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮੇਂ ਦੀ ਉਡੀਕ ਵਿਚ ਹਨ ਅਤੇ ਉਹ ਬਹੁਤ ਜਲਦੀ ਇਸ ਸਰਕਾਰ ਨੂੰ ਚਲਦਾ ਕਰਨਾ ਚਾਹੁੰਦੇ ਹਨ। ਰੂਪਨਗਰ ਪਹੁੰਚਣ ’ਤੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦਾ ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਥੀਆਂ ਸਮੇਤ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਗੋਇਲ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਵਿਸਕੀ, ਅਮਰਜੀਤ ਸਿੰਘ ਭੁੱਲਰ, ਸੰਜੇ ਸਾਹਨੀ ਬਲਾਕ ਕਾਂਗਰਸ ਪ੍ਰਧਾਨ ਨੰਗਲ, ਹਿਮਾਂਸ਼ੂ ਟੰਡਨ ਬਲਾਕ ਕਾਂਗਰਸ ਪ੍ਰਧਾਨ ਆਨੰਦਪੁਰ ਸਾਹਿਬ, ਰਾਜੇਸ਼ ਕੁਮਾਰ ਪ੍ਰਧਾਨ ਬਲਾਕ ਕਾਂਗਰਸ ਰੋਪੜ, ਨਰਿੰਦਰ ਪਰਾਸ਼ਰ ਬਲਾਕ ਕਾਂਗਰਸ ਪ੍ਰਧਾਨ ਨੂਰਪੁਰ ਬੇਦੀ, ਵਿਵੇਕ ਬੈਂਸ, ਮਨਪ੍ਰੀਤ, ਅਸ਼ੋਕ ਸ਼ਰਮਾ, ਰਾਜੇਸ਼ਵਰ ਲਾਲੀ, ਰਵਨੀਤ ਰਾਣਾ ਕੰਗ, ਸੁਰਿੰਦਰ ਰਾਣਾ, ਅਵਨੀਸ਼ ਮੌਦਗਿੱਲ, ਜਗਮੋਹਨ ਸਿੰਘ ਮੀਤ ਪ੍ਰਧਾਨ ਯੂਥ ਕਾਂਗਰਸ, ਜਿੰਦਾ ਗਿੱਲ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਹਿਰਦਾਪੁਰ ਪ੍ਰਧਾਨ ਕਿਸਾਨ ਸੈੱਲ, ਕਰਮ ਸਿੰਘ ਡੱਲਾ ਐੱਸਸੀ. ਸੈੱਲ, ਆਸਿਫ਼ ਪ੍ਰਧਾਨ ਮਾਇਨੋਰਟੀ ਸੈੱਲ, ਰਹੀਸ ਬਾਬੂ, ਨੰਬਰਦਾਰ ਸੰਦੀਪ, ਆਫਿਸ ਇੰਚਾਰਜ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।