ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਸਬੰਧੀ ਕਰੀਅਰ ਕਾਨਫਰੰਸ-ਕਮ-ਸੈਮੀਨਾਰ ਕਰਵਾਇਆ ਪ੍ਰਕਾਸ਼ ਮੈਮੋਰੀਅਲ ਸਕੂਲ ਵਿਖੇ ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਸਬੰਧੀ ਕਰੀਅਰ ਕਾਨਫਰੰਸ-ਕਮ-ਸੈਮੀਨਾਰ ਕਰਵਾਇਆ
Publish Date: Sun, 11 Oct 2026 03:57 PM (IST)
Updated Date: Sun, 11 Oct 2026 03:59 PM (IST)
ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕਿਆਂ ਤੇ ਕਰੀਅਰ ਚੋਣ ਸਬੰਧੀ ਦਿੱਤੀ ਜਾਣਕਾਰੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਪ੍ਰਕਾਸ਼ ਮੈਮੋਰੀਅਲ ਡੈਫ ਐਂਡ ਡੰਬ ਸਕੂਲ ਰੂਪਨਗਰ ਵਿਖੇ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਸਿਖਲਾਈ ਸਬੰਧੀ ਕਰੀਅਰ ਕਾਨਫਰੰਸ-ਕਮ-ਸੈਮੀਨਾਰ ਕਰਵਾਇਆ ਗਿਆ। ਇਸ ਸਮਾਗਮ ’ਚ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਪ੍ਰਭਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ, ਰੋਜ਼ਗਾਰ ਦੇ ਮੌਕਿਆਂ ਅਤੇ ਰਜਿਸਟ੍ਰੇਸ਼ਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕਰੀਅਰ ਕਾਊਂਸਲਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਡਾ. ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਵੈ-ਰੋਜ਼ਗਾਰ ਸਕੀਮਾਂ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਯੋਜਨਾ ਅਤੇ ਪੀ.ਜੀ.ਆਰ.ਕਾਮ ਪੋਰਟਲ ’ਤੇ ਰਜਿਸਟ੍ਰੇਸ਼ਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਅਤੇ ਮਾਰਗਦਰਸ਼ਨ ਦਿੱਤਾ। ਫਾਰ ਯੰਗ ਪ੍ਰੋਫੈਸ਼ਨਲ, ਐੱਮਸੀਸੀ. ਮਿਸ ਕਾਂਚਨ ਪਾਂਡੇ ਨੇ ਵਿਦਿਆਰਥੀਆਂ ਨੂੰ ਐੱਨਸੀਐੱਸ. ਪੋਰਟਲ ’ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਤੇ ਇਸ ਰਾਹੀਂ ਉਪਲਬਧ ਰੋਜ਼ਗਾਰ ਸੇਵਾਵਾਂ ਬਾਰੇ ਜਾਣੂ ਕਰਵਾਇਆ। ਜੀਐੱਮ. ਐੱਸਸੀ ਕਾਰਪੋਰੇਸ਼ਨ ਬੁੱਧ ਸਿੰਘ ਨੇ ਯੋਗ ਉਮੀਦਵਾਰਾਂ ਲਈ ਉਪਲਬਧ ਕਰਜ਼ਾ ਅਤੇ ਵਿੱਤੀ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਰਿਲਾਇੰਸ ਨਿਪੁੰਨ ਤੋਂ ਯਸ਼ਪਾਲ ਨੇ ਵਿਦਿਆਰਥੀਆਂ ਨੂੰ ਨਿੱਜੀ ਖੇਤਰ ’ਚ ਉਪਲਬਧ ਵੱਖ-ਵੱਖ ਨੌਕਰੀਆਂ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਦਿੱਤਾ। ਇਸੇ ਤਰ੍ਹਾਂ ਪਲੇਸਮੈਂਟ ਅਫ਼ਸਰ ਮੀਨਾਕਸ਼ੀ ਬੇਦੀ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਰਕਾਰੀ ਨੌਕਰੀਆਂ, ਭਰਤੀ ਪ੍ਰੀਖਿਆਵਾਂ ਅਤੇ ਕਰੀਅਰ ਦੇ ਮੌਕਿਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਕਰੀਅਰ ਕਾਨਫਰੰਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੋਜ਼ਗਾਰ, ਸਵੈ-ਰੋਜ਼ਗਾਰ ਅਤੇ ਹੁਨਰ ਵਿਕਾਸ ਦੇ ਉਪਲਬਧ ਮੌਕਿਆਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਯੋਗਤਾ, ਰੁਚੀ ਅਤੇ ਹੁਨਰ ਅਨੁਸਾਰ ਭਵਿੱਖ ਲਈ ਢੁੱਕਵਾਂ ਕਰੀਅਰ ਚੁਣਨ ਵਾਸਤੇ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ। ਸਮਾਗਮ ’ਚ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਪ੍ਰਭਜੋਤ ਸਿੰਘ ਨੇ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਫੈਕਲਟੀ ਮੈਂਬਰਾਂ ਵੱਲੋਂ ਸਮਾਗਮ ਦੇ ਸਫ਼ਲ ਆਯੋਜਨ ਲਈ ਦਿੱਤੇ ਸਹਿਯੋਗ ਵਾਸਤੇ ਧੰਨਵਾਦ ਪ੍ਰਗਟ ਕੀਤਾ।