ਬਦਕਲਾਮੀ ਦੀ ਭੇਟ ਚੜ੍ਹੀ ਨਗਰ ਕੌਸਲ ਦੀ ਦੂਜੀ ਮੀਟਿੰਗ ਵੀ ਹੋਈ ਮੁਲਤਵੀ ਬਦਕਲਾਮੀ ਦੀ ਭੇਟ ਚੜ੍ਹੀ ਨਗਰ ਕੌਸਲ ਦੀ ਦੂਸਰੀ ਮੀਟਿੰਗ ਵੀ ਹੋਈ ਮੁਲਤਵੀ
Publish Date: Wed, 07 Oct 2026 06:58 PM (IST)
Updated Date: Wed, 07 Oct 2026 06:59 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨਗਰ ਕੌਂਸਲ ਨੰਗਲ ਦੀ ਦੂਸਰੀ ਮੀਟਿੰਗ ਵੀ ਕਥਿਤ ਤੌਰ ’ਤੇ ਬਦਕਲਾਮੀ ਦੀ ਭੇਟ ਚੜ੍ਹਦਿਆਂ ਮੁਲਤਵੀ ਹੋ ਗਈ। ਅੱਜ ਨਗਰ ਕੌਂਸਲ ਦੀ ਜਦੋਂ ਮੀਟਿੰਗ ਸ਼ੁਰੂ ਹੋਈ ਤਾਂ ਮਤਿਆਂ ਨੂੰ ਲੈ ਕੇ ਵਿਰੋਧੀ ’ਤੇ ਸੱਤਾਧਾਰੀ ਧਿਰ ਦੀ ਆਪਸ ਦੇ ’ਚ ਖਿੱਚੋਤਾਣ ਚੱਲ ਰਹੀ ਸੀ, ਕਿ ਇਸੇ ਦੌਰਾਨ ਕਾਂਗਰਸੀ ਕੌਂਸਲਰ ਸੋਨੀਆ ਸੈਣੀ ਵੱਲੋਂ ਨਗਰ ਕੌਂਸਲ ਦੀ ਸੱਤਾਧਾਰੀ ਧਿਰ ਨੂੰ ਕਥਿਤ ਤੋਰ ’ਤੇ ਗੁੰਡੀ ਕਹਿ ਕੇ ਸੰਬੋਧਨ ਕਰਨ ਤੋਂ ਬਾਅਦ ਮਾਹੌਲ ਭੱਖ ਗਿਆ ਅਤੇ ਸੱਤਾਧਾਰੀ ਧਿਰ ਨੇ ਸੋਨੀਆ ਸੈਣੀ ਤੋਂ ਗੁੰਡੀ ਕਹਿਣ ਬਾਰੇ ਜਵਾਬ ਮੰਗਿਆ, ਜਿਸ ਤੋਂ ਬਾਅਦ ਦੋਨਾਂ ਧਿਰਾਂ ਦੀ ਬਹਿਸਬਾਜੀ ਤੋਂ ਬਾਅਦ ਸੱਤਾਧਾਰੀ ਧਿਰ ਮੀਟਿੰਗ ਵਿੱਚੋਂ ਵਾਕ ਆਊਟ ਕਰ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਨੰਗਲ ਦੀ ਪ੍ਰਧਾਨ ਕਿਰਨ ਗੁਪਤਾ ਅਤੇ ਉਨ੍ਹਾਂ ਦੇ ਸਾਥੀ ਕੌਂਸਲਰਾਂ ਜਿਨਾਂ ’ਚ ਕਮਲਾ ਦੇਵੀ, ਲਵਲੀ ਆਂਗਰਾ ਅਤੇ ਹਰਦੀਪ ਬੈਂਸ ਬਰਾਰੀ ਨੇ ਦੱਸਿਆ ਕੀ ਪਿਛਲੀ ਮੀਟਿੰਗ ਦੇ ’ਚ ਵੀ ਸੋਨੀਆ ਸੈਣੀ ਵੱਲੋਂ ਬਦਕਲਾਮੀ ਕੀਤੀ ਗਈ ਸੀ ਅਤੇ ਗਾਲਾਂ ਤੱਕ ਵੀ ਕੱਢੀਆਂ ਗਈਆਂ ਸਨ ਅਤੇ ਇਸ ਵਾਰ ਵੀ ਇਸੇ ਤਰ੍ਹਾਂ ਦਾ ਹੀ ਸਲੂਕ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਮਹਿਸੂਸ ਕਰਾਇਆ ਜਾਂਦਾ ਹੈ ਜਿਵੇਂ ਅਸੀਂ ਗਲਤ ਚੁਣ ਕੇ ਆ ਗਏ ਹੋਈਏ। ਉਨ੍ਹਾਂ ਨੇ ਕਿਹਾ ਸਾਡਾ ਮੰਤਵ ਲੋਕਾਂ ਦਾ ਕੰਮ ਕਰਵਾਉਣਾ ਹੈ, ਪਰ ਕਾਂਗਰਸ ਪਾਰਟੀ ਵਾਲੇ ਸਾਫ ਤੌਰ ’ਤੇ ਇਹ ਗੱਲ ਕਹਿ ਰਹੇ ਹਨ ਕਿ ਅਸੀਂ ਕੋਈ ਵੀ ਕੰਮ ਦੋ ਮਹੀਨੇ ਤੱਕ ਪਾਸ ਨਹੀਂ ਹੋਣ ਦੇਵਾਂਗੇ । ਉਨ੍ਹਾਂ ਨੇ ਡਾਕਟਰ ਰਜਿੰਦਰ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਰਡ ਨੰਬਰ 15 ਤੇ ਕੌਂਸਲਰ ਵੱਲੋਂ ਆਪਣੇ ਵਾਰਡ ਦੇ ਕੰਮਾਂ ਲਈ ਦਰਦ ਦਿਖਾਇਆ ਗਿਆ ਹੈ ਪਰ ਵਿਰੋਧੀ ਧਿਰ ਨੇ ਉਹ ਵੀ ਕੰਮ ਪਾਸ ਨਹੀਂ ਹੋਣ ਦਿੱਤੇ। ਨਗਰ ਕੌਂਸਲ ਨੰਗਲ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ ਮਹਾਸ਼ਾ ਨੇ ਕਿਹਾ ਕੀ ਇਸ ਵਾਰ ਵੀ ਨਗਰ ਕੌਂਸਲ ਨੰਗਲ ਦੇ 19 ਵਾਰਡਾਂ ਦੇ 58.49 ਕਰੋੜ ਦੇ ਕੰਮ ਪਾਸ ਹੋਣੇ ਸਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 19 ਕਰੋੜ ਰੁਪਏ ਦੇ ਹੋਰ ਫੰਡ ਮੁਹੱਈਆ ਕਰਵਾਏ ਗਏ ਸਨ ਤਾਂ ਜੋ ਨਗਰ ਕੌਂਸਲ ਨੰਗਲ ਦਾ ਵਿਕਾਸ ਨਾ ਰੁਕ ਸਕੇ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਨੰਗਲ ਕੋਲ ਲੋੜੀਦੇ ਫੰਡ ਮੌਜੂਦ ਹਨ ਅਤੇ ਕੈਬਨਿਟ ਮੰਤਰੀ ਵੱਲੋਂ ਭਰੋਸਾ ਦਿੱਤਾ ਹੈ ਗਿਆ ਹੈ ਕਿ ਸ਼ਹਿਰ ਦੇ ਵਿਕਾਸ ਲਈ ਹੋਰ ਜਿੰਨੇ ਵੀ ਫੰਡ ਚਾਹੀਦੇ ਹੋਣਗੇ ਉਹ ਆਪਣੇ ਮਹਿਕਮੇ ਤੋਂ ਜਾਰੀ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕੀ ਵਿਰੋਧੀ ਧਿਰ ਵੱਲੋਂ ਵਿਕਾਸ ਦੇ ਕੰਮਾਂ ਨੂੰ ਸ਼ਰੇਆਮ ਰੋਕਿਆ ਜਾ ਰਿਹਾ ਹੈ ਅਤੇ ਰਾਜਸੀ ਕਿੜ ਕੱਢਣ ਦੇ ਲਈ ਨੰਗਲ ਦੇ ਲੋਕਾਂ ਦਾ ਨੁਕਸਾਨ ਵੀ ਕੀਤਾ ਜਾ ਰਿਹਾ ਹੈ । ਕੀ ਕਹਿੰਦੇ ਹਨ ਕੌਂਸਲਰ ਸੋਨੀਆ ਸੈਣੀ ਇਸ ਸਬੰਧੀ ਕੌਂਸਲਰ ਸੋਨੀਆ ਸੈਣੀ ਨੇ ਗੱਲ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਸਨ ਅਤੇ ਪਹਿਲਾਂ ਹੀ ਮੀਟਿੰਗ ਮੁਲਤਵੀ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ ਕਿ ਮੇਰੀ ਗੱਲ ਦਾ ਬਹਾਨਾ ਬਣਾ ਕੇ ਮੀਟਿੰਗ ਮੁਲਤਵੀ ਕੀਤੀ ਜਾ ਰਹੀ ਹੈ, ਜਦੋਂ ਕਿ ਹਰ ਗੱਲ ਵੀਡੀਓ ਦੇ ’ਚ ਰਿਕਾਰਡਡ ਹੈ। ਮੇਰੇ ਵੱਲੋਂ ਕਿਸੇ ਦਾ ਦਿਲ ਦੁਖਾਉਣ ਦਾ ਕੋਈ ਵੀ ਮੰਤਵ ਨਹੀਂ ਸੀ, ਪਰ ਮੇਰੀ ਗੱਲ ਦਾ ਬਹਾਨਾ ਬਣਾ ਕੇ ਸੱਤਾਂਧਾਰੀ ਧਿਰ ਮੀਟਿੰਗ ਤੋਂ ਭੱਜੀ ਹੈ। ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਇਸ ਸਬੰਧੀ ਗੱਲ ਕਰਦਿਆਂ ਨਗਰ ਕੌਂਸਲ ਨੰਗਲ ਦੇ ਕਾਰਜ ਅਫਸਰ ਸੰਗੀਤ ਕੁਮਾਰ ਨੇ ਕਿਹਾ ਕਿ ਜਿਹੜੀ ਮੀਟਿੰਗ ਅੱਜ ਰੱਖੀ ਗਈ ਹੈ ਇਹ 11 ਸਤੰਬਰ ਦੇ ਹੂਬਹੂ ਅਜੰਡੇ ਦੀ ਮੀਟਿੰਗ ਸੀ ਅਤੇ ਵਿਰੋਧੀ ਧਿਰ ਦਾ ਰੋਸ ਸੀ ਕਿ ਛੇ ਮਹੀਨੇ ਤੱਕ ਇਹਨਾਂ ਏਜੰਡਿਆਂ ਨੂੰ ਰਿਪੀਟ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਰੂਲ ਨੰਬਰ 27 ਦੇ ਮੁਤਾਬਿਕ ਜੇਕਰ ਨਗਰ ਕੌਂਸਲ ਪ੍ਰਧਾਨ ਜਾਂ ਸੂਬਾ ਸਰਕਾਰ ਚਾਹੇ ਤਾਂ ਇਹਨਾਂ ਏਜੰਡਿਆਂ ਨੂੰ ਮੀਟਿੰਗ ਦੇ ’ਚ ਦੁਬਾਰਾ ਡਿਸਕਸ ਕੀਤਾ ਜਾ ਸਕਦਾ ਹੈ। ਸੋਨੀਆ ਸੈਣੀ ਵੱਲੋਂ ਬੋਲੀ ਗਈ ਮੰਦੀ ਸ਼ਬਦਾਵਲੀ ਬਾਰੇ ਉਨ੍ਹਾਂ ਨੇ ਕਿਹਾ ਕਿ ਹੇ ਤਾਂ ਸਭ ਨੇ ਸੁਣੀ ਹੈ। ਉਨ੍ਹਾਂ ਨੇ ਕਿਹਾ ਕਿ ਮੀਟਿੰਗ ਵਿਰੋਧੀ ਧਿਰ ਦੇ ਵਿਰੋਧ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ ਤੇ ਦੁਬਾਰਾ ਮੀਟਿੰਗ ਰੱਖਣ ਦੀ ਤਾਕਤ ਨਗਰ ਕੌਂਸਲ ਦੇ ਪ੍ਰਧਾਨ ਕੋਲ ਹੈ ਉਹ ਕਦੀ ਵੀ ਰੱਖ ਸਕਦੇ ਹਨ। ਢੋਲਾਂ ’ਚ ਨਾ ਸੁਣੀ ਕਿਸੇ ਨੇ ਤੂਤੀ ਦੀ ਆਵਾਜ਼ ਅੱਜ ਨਗਰ ਕੌਂਸਲ ਨੰਗਲ ਦੀ ਮੀਟਿੰਗ ’ਚ ਭਾਜਪਾ ਦੇ 15 ਨੰਬਰ ਵਾਰਡ ਦੇ ਕੌਂਸਲਰ ਡਾਕਟਰ ਰਜਿੰਦਰ ਕੁਮਾਰ ਵੱਲੋਂ ਵਾਰ ਵਾਰ ਸਮੂਹ ਵਿਰੋਧੀ ਧਿਰ ਨੂੰ ਬੇਨਤੀ ਕੀਤੀ ਗਈ ਕਿ ਮੇਰੇ ਵਾਰਡ ਦੇ ’ਚ ਬਹੁਤ ਜ਼ਿਆਦਾ ਕੰਮ ਹੋਣ ਵਾਲੇ ਹਨ ਕਿਰਪਾ ਕਰਕੇ ਉਨ੍ਹਾਂ ਨੂੰ ਪਾਸ ਕੀਤਾ ਜਾਵੇ, ਮੈਂ ਉਨ੍ਹਾਂ ਦੇ ਹੱਕ ’ਚ ਹਾਂ ਪਰ ਮੀਟਿੰਗ ਦੇ ’ਚ ਇਨਾ ਸ਼ੋਰ ਰਿਹਾ ਕਿ ਵਾਰ-ਵਾਰ ਬੋਲਣ ਦੇ ਬਾਵਜੂਦ ਵੀ ਡਾਕਟਰ ਰਜਿੰਦਰ ਕੁਮਾਰ ਦੀ ਕਿਸੇ ਨੇ ਗੱਲ ਨਾ ਸੁਣੀ ਅਤੇ ਉਹ ਅੰਤ ਤੱਕ ਇਸ ਗੱਲ ਤੇ ਹੀ ਬਜਿੱਦ ਰਹੇ ਕਿ ਵਾਰਡਾਂ ਦੇ ਵਿਕਾਸ ਦੇ ਕੰਮ ਨਹੀਂ ਰੁਕਣੇ ਚਾਹੀਦੇ। ਜੇਕਰ ਮੌਕਾ ਮਿਲਿਆ ਹੈ ਤਾਂ ਇਨ੍ਹਾਂ ਕੰਮਾਂ ਨੂੰ ਸਿਰੇ ਲੱਗਣ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਦੀ ਸਰਕਾਰ ’ਚ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਅਤੇ ਭਾਜਪਾ ਦੇ ਕੌਂਸਲਰਾਂ ਦਾ ਕੋਈ ਕੰਮ ਨਹੀਂ ਹੁੰਦਾ ਸੀ ਅਤੇ ਜੇਕਰ ਹੁਣ ਨਵੀਂ ਕੌਂਸਲ ਆਈ ਹੈ ਤਾਂ ਹੁਣ ਵੀ ਸਭ ਕੁਝ ਰੋਲੇ ਰੱਪੇ ਦੇ ’ਚ ਗਵਾਚ ਰਿਹਾ ਹੈ।