- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਡੀਐਮ ਬੈਂਸ ਵੱਲੋਂ ਦਾਣਾ ਮੰਡੀ ਬੇਲਾ ਦਾ ਅਚਨਚੇਤ ਦੌਰਾ; ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਅਸ਼ੋਕ ਚੇਤਲ ਪੰਜਾਬੀ ਜਾਗਰਣ ਬੇਲਾ / ਸ੍ਰੀ ਚਮਕੌਰ ਸਾਹਿਬ: ਸਬ-ਡਿਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਐਸਡੀਐਮ. ਪ੍ਰਦੀਪ ਸਿੰਘ ਬੈਂਸ ਵੱਲੋਂ ਅੱਜ ਸਥਾਨਕ ਦਾਣਾ ਮੰਡੀ ਬੇਲਾ ਵਿਖੇ ਚੱਲ ਰਹੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੰਡੀ ਵਿਚ ਫ਼ਸਲ ਵੇਚਣ ਆਏ ਕਿਸਾਨਾਂ, ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਖ਼ਰੀਦ ਅਤੇ ਲਿਫਟਿੰਗ ਦੇ ਕੰਮਾਂ ਦੀ ਸਮੀਖਿਆ ਕੀਤੀ।
ਐੱਸਡੀਐੱਮ ਨੇ ਮੰਡੀ ’ਚ ਹਾਜ਼ਰ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਿਹਨਤ ਨਾਲ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਖ਼ੁਦ ਪਿੰਡ ਫ਼ਤਿਹਪੁਰ ਦੇ ਕਿਸਾਨ ਗੁਰਮੀਤ ਸਿੰਘ ਮੰਗਤ ਸਿੰਘ ਵੱਲੋਂ ਲਿਆਂਦੀ ਝੋਨੇ ਦੀ ਢੇਰੀ ਦੀ ਨਮੀ ਚੈੱਕ ਕੀਤੀ, ਜੋ ਕਿ ਨਿਰਧਾਰਿਤ ਹੱਦ ਦੇ ਅੰਦਰ 16.5 ਫ਼ੀਸਦੀ ਦਰਜ ਕੀਤੀ ਗਈ। ਮੰਡੀ ਵਿਚ ਸਾਫ਼-ਸਫ਼ਾਈ, ਪਾਣੀ ਅਤੇ ਹੋਰ ਬੁਨਿਆਦੀ ਪ੍ਰਬੰਧ ਤਸੱਲੀਬਖ਼ਸ਼ ਪਾਏ ਗਏ।
ਉਨ੍ਹਾਂ ਮੌਕੇ 'ਤੇ ਹਾਜ਼ਰ ਪਨਗ੍ਰੇਨ ਦੇ ਇੰਸਪੈਕਟਰ ਰਜਿੰਦਰ ਸਿੰਘ ਤੇ ਅਮਿਤ ਕੁਮਾਰ, ਪਨਸਪ ਦੇ ਇੰਸਪੈਕਟਰ ਵਿਕਰਮ ਸਿੰਘ ਤੇ ਰਾਜ ਕੁਮਾਰ ਅਤੇ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਬਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਤੋਂ ਫ਼ਸਲ ਦੀ ਰੋਜ਼ਾਨਾ ਖ਼ਰੀਦ ਅਤੇ ਬੋਰੀਆਂ ਦੀ ਲਿਫਟਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਜਿਣਸ ਦੀ ਤੁਲਾਈ ਅਤੇ ਲਿਫਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਮੰਡੀ ਵਿਚ ਜਾਮ ਵਰਗੀ ਸਥਿਤੀ ਨਾ ਬਣੇ।
ਇਸ ਮੌਕੇ ਆੜ੍ਹਤੀ ਹਰਦੇਵ ਸਿੰਘ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਪਾਰਸਮਣੀ ਸਭਰਵਾਲ, ਦੀਪ ਮਣੀ ਸਭਰਵਾਲ, ਸੁਰਿੰਦਰ ਸਿੰਘ, ਜਸਵੀਰ ਸਿੰਘ ਜੱਸੀ, ਜਸਪ੍ਰੀਤ ਸਿੰਘ ਸੇਠੀ, ਸ਼ੁਭਮ ਚੇਤਲ, ਬਿੱਟੂ ਕੰਗ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।