ਜੰਗਲਾਤ ਵਿਭਾਗ ਵੱਲੋਂ ਖੈਰ ਦੀ ਲੱਕੜ ਸਣੇ ਸਕਾਰਪੀਓ ਕਾਬੂ ਮਿੰਡਵਾ ਵਿਖੇ ਵਣ ਵਿਭਾਗ ਦੀ ਨਾਕਾਬੰਦੀ ਦੌਰਾਨ ਖੈਰ ਦੀ ਲੱਕੜ ਸਮੇਤ ਸਕਾਰਪੀਓ ਕਾਬੂ
Publish Date: Sun, 20 Sep 2026 05:46 PM (IST)
Updated Date: Sun, 20 Sep 2026 05:47 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਜੰਗਲਾਤ ਵਿਭਾਗ ਵੱਲੋਂ ਜੰਗਲ ਦੀ ਗੈਰ-ਕਾਨੂੰਨੀ ਕਟਾਈ ਤੇ ਲੱਕੜ ਦੀ ਤਸਕਰੀ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਤਹਿਤ ਪਿੰਡ ਮੀਡਵਾ ਵਿਖੇ ਨਾਕਾਬੰਦੀ ਦੌਰਾਨ ਖੈਰ ਦੀ ਲੱਕੜ ਸਮੇਤ ਇਕ ਸਕਾਰਪੀਓ ਗੱਡੀ ਕਾਬੂ ਕੀਤੀ ਗਈ ਹੈ। ਇਸ ਮਾਮਲੇ ’ਚ ਦੋ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਐੱਫਓ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤੇ ਜੰਗਲਾਤ ਰੇਂਜ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਰਾਜੀਵ ਕੁਮਾਰ ਉੱਪਲ ਦੇ ਹੁਕਮਾਂ ਅਨੁਸਾਰ ਮਿੰਡਵਾ ਵਿਖੇ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕੀਮਤੀ ਲੱਕੜੀ ਦੀ ਤਸਕਰੀ ਰੋਕਣ ਲਈ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਬਲਾਕ ਅਫ਼ਸਰ ਤਰਸੇਮ ਸਿੰਘ ਤੇ ਗਾਰਡ ਸ਼ੇਰ ਸਿੰਘ ਨੇ ਸ਼ੱਕ ਦੇ ਆਧਾਰ ’ਤੇ ਸਕਾਰਪੀਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਗੱਡੀ ’ਚੋਂ ਖੈਰ ਦੇ 7 ਪੀਸ ਸ਼ਿੱਲੇ/ਕੱਟੇ ਹੋਏ ਲੱਠ ਬਰਾਮਦ ਕੀਤੇ ਗਏ, ਜਿਸ ਦੀ ਬਾਜ਼ਾਰ ’ਚ ਕੀਮਤ ਹਜ਼ਾਰਾਂ ’ਚ ਦੱਸੀ ਜਾ ਰਹੀ ਹੈ। ਜੰਗਲਾਤ ਵਿਭਾਗ ਵੱਲੋਂ ਗੱਡੀ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ। ਮਾਮਲੇ ਸਬੰਧੀ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕੀ ਇਸ ਇਲਾਕੇ ਵਿਚ ਖੈਰ ਦੀ ਤਸਕਰੀ ਦੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ, ਵਿਭਾਗ ਵੱਲੋਂ ਕਾਫੀ ਲੰਬੇ ਸਮੇਂ ਤੋਂ ਚੌਕਸੀ ਵਰਤੀ ਜਾ ਰਹੀ ਸੀ। ਇਸ ਕਾਰਵਾਈ ਵਿਚ ਗਾਰਡ ਪਰਮਜੀਤ ਸਿੰਘ, ਬੇਲਦਾਰ ਗੁਰਮੇਲ ਸਿੰਘ ਅਤੇ ਬੇਲਦਾਰ ਬੱਗਾ ਰਾਮ ਨੇ ਵੀ ਸਹਿਯੋਗ ਦਿੱਤਾ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਜੰਗਲਾਤ ਦੀ ਗੈਰ-ਕਾਨੂੰਨੀ ਕਟਾਈ ਤੇ ਲੱਕੜ ਦੀ ਤਸਕਰੀ ਵਿਰੁੱਧ ਕਾਰਵਾਈ ਅੱਗੇ ਵੀ ਜਾਰੀ ਰਹੇਗੀ।