ਸਤਨਾਮ ਸਿੰਘ ਤੇ ਸਲਮਾਨ ਨੇ ਪਹਿਲੀ ਵਾਰ ਭਾਰਤ ਦੀ ਝੋਲੀ ਪਾਇਆ ਰੋਇੰਗ ਦੇ ਡਬਲ ਸਕੱਲ ਮੁਕਾਬਲੇ ’ਚ ਕਾਂਸੀ ਦਾ ਤਗਮਾ ਸਤਨਾਮ ਸਿੰਘ ਤੇ ਸਲਮਾਨ ਨੇ ਪਹਿਲੀ ਵਾਰ ਭਾਰਤ ਦੀ ਝੋਲੀ ਪ
Publish Date: Fri, 25 Sep 2026 06:27 PM (IST)
Updated Date: Fri, 25 Sep 2026 06:30 PM (IST)
ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤੂ ਮਲੂਕਾ ਦਾ ਜੰਮਪਲ ਹੈ ਖਿਡਾਰੀ ਸਤਨਾਮ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਸਾਬਕਾ ਵਿਦਿਆਰਥੀ ਹੈ ਸਤਨਾਮ ਸਿੰਘ। ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ: ਜਪਾਨ ਦੇ ਆਇਚੀ ਪ੍ਰੀਫੈਕਚਰ ਤੇ ਨਾਗੋਯ ਸ਼ਹਿਰ ’ਚ ਹੋ ਰਹੀਆਂ 2026 ਦੀਆਂ ਏਸ਼ੀਆਈ ਖੇਡਾਂ ’ਚ ਰੋਇੰਗ ਦੇ ਪੁਰਸ਼ ਡਬਲਜ਼ ਸਕਲ ਇਵੈਂਟ ਮੁਕਾਬਲੇ ’ਚ ਸਤਨਾਮ ਸਿੰਘ ਤੇ ਸਲਮਾਨ ਨੇ ਕਾਂਸੀ ਤਗਮਾ ਜਿੱਤ ਕੇ ਭਾਰਤ ਨੂੰ ਪਹਿਲੀ ਵਾਰ ਮੈਡਲ ਹਾਸਲ ਕਰਨ ਦਾ ਮਾਣ ਦਵਾਇਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤੂ ਮਲੂਕਾ ਦਾ ਜੰਮਪਲ ਖਿਡਾਰੀ ਸਤਨਾਮ ਸਿੰਘ ਪੀਐੱਸ ਰੋਇੰਗ ਅਕੈਡਮੀ ਰੂਪਨਗਰ ਦਾ ਸਾਬਕਾ ਖਿਡਾਰੀ ਹੈ ਤੇ ਸਲਮਾਨ ਖਾਨ ਯੂਪੀ ਅਮੇਠੀ ਦੇ ਰਹਿਣ ਵਾਲਾ ਹੈ। ਸਤਨਾਮ ਸਿੰਘ ਦੇ ਮੈਡਲ ਜਿੱਤਣ ਦੀ ਖੁਸ਼ੀ ਨੇ ਜਿੱਥੇ ਪੀਐੱਸ ਰੋਇੰਗ ਅਕੈਡਮੀ ਦੇ ਖਿਡਾਰੀਆਂ ਤੇ ਪ੍ਰਬੰਧਕਾਂ ’ਚ ਖੁਸ਼ੀ ਦੀ ਲਹਿਰ ਦੌੜੀ ਹੈ, ਉੱਥੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦਾ ਸਾਬਕਾ ਵਿਦਿਆਰਥੀ ਹੋਣ ਕਰਕੇ ਸਕੂਲ ’ਚ ਵੀ ਸ਼ੁੱਕਰਵਾਰ ਨੂੰ ਮਾਹੌਲ ਖੁਸ਼ੀ ਭਰਿਆ ਰਿਹਾ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਸਾਬਕਾ ਵਿਦਿਆਰਥੀ ਸਤਨਾਮ ਸਿੰਘ ਨੇ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ ਅਤੇ ਪਹਿਲਾਂ ਵੀ ਸਤਨਾਮ ਸਿੰਘ ਨੇ ਹਾਗਜੂ਼ (ਚੀਨ) ਏਸ਼ੀਆਈ ਖੇਡਾਂ ਵਿਚ ਪੁਰਸ਼ ਦੇ ਕੁਆਡਰ ਡਬਲ ਸਕਲ ਇਵੈਂਟ ਵਿਚ ਵੀ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ। ਉਨਾਂ ਨੇ ਕਿਹਾ ਕਿ ਸਤਨਾਮ ਸਿੰਘ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਕੇਵਲ ਸਕੂਲ ਦਾ , ਸਗੋਂ ਪੂਰੇ ਦੇਸ਼ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ ਹੈ। ਉਨ੍ਹਾਂ ਉਮੀਦ ਜਤਾਈ ਕਿ ਸਤਨਾਮ ਸਿੰਘ ਦੀ ਇਹ ਇਤਿਹਾਸਿਕ ਪ੍ਰਾਪਤੀ ਸਕੂਲ ਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਖ਼ੇਤਰ ਵਿਚ ਅੱਗੇ ਵਧਣ ਅਤੇ ਉੱਚੇ ਦਰਜੇ ਹਾਸਿਲ ਕਰਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਮੈਨੇਜਰ ਦੀ ਅੰਬਾਲਾ ਬੋਰਡ ਆਫ ਐਜੂਕੇਸ਼ਨ ਹਰਬੰਸ ਸਿੰਘ ਕੰਧੋਲਾ ਨੇ ਰੋਇੰਗ ਖਿਡਾਰੀ ਸਤਨਾਮ ਸਿੰਘ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਇਹ ਜਿੱਤਾਂ ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ ਦੀ ਅਣਥੱਕ ਮਿਹਨਤ ਸਦਕਾ ਪ੍ਰਾਪਤ ਕੀਤੀਆਂ। ============= ਬਾਕਸ- ਸਾਡੇ ਲਈ ਮਾਣ ਦੀ ਗੱਲ : ਚੀਮਾਂ ਪੀਐੱਸ ਰੋਇੰਗ ਅਕੈਡਮੀ ਰੂਪਨਗਰ ਦੇ ਕੋਚ ਗੁਰਜਿੰਦਰ ਸਿੰਘ ਚੀਮਾਂ ਨੇ ਖਿਡਾਰੀ ਸਤਨਾਮ ਸਿੰਘ ਦੇ ਮੈਡਲ ਜਿੱਤਣ ਦੀ ਖੁਸ਼ੀ ਸਾਂਝੀ ਕਰਦਿਆਂ ਕਿਹਾਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਖਿਡਾਰੀ ਨੇ ਰੋਇੰਗ ਵਿਚ ਮੈਡਲ ਹਾਸਲ ਕਰਕੇ ਮੈਡਲਾਂ ਦੀ ਲਿਸਟ ਵਿਚ ਭਾਰਤ ਦਾ ਨਾਮ ਦਰਜ ਕੀਤਾ ਹੈ। ਉਨ੍ਹਾਂ ਕਿਹਾਕਿ ਅਕੈਡਮੀ ਲਈ ਵੀ ਮਾਣ ਦੀ ਗੱਲ ਹੈ ਕਿ ਸਾਡੇ ਸਾਬਕਾ ਖਿਡਾਰੀ ਨੇ ਮੈਡਲ ਜਿੱਤ ਕੇ ਕੋਚਿੰਗ ਲੈ ਰਹੇ ਖਿਡਾਰੀਆਂ ਨੂੰ ਉਤਸ਼ਹਿਤ ਕਰਨ ਵਿਚ ਬਲ ਮਿਲੇਗਾ। ਉਨ੍ਹਾਂ ਕਿਹਾਕਿ ਇਸ ਤੋਂ ਪਹਿਲਾ ਵੀ 2022 ਵਿਚ ਏਸ਼ੀਆਈ ਖੇਡਾਂ ਵਿਚ ਚੰਗਾ ਨਾਮਣਾ ਖਿੱਟਿਆ ਸੀ। ਸਤਨਾਮ ਸਿੰਘ ਨੇ ਪੀਐੱਸ ਅਕੈਡਮੀ ਵਿਚ 8 ਸਾਲਾ ਕੋਚਿੰਗ ਲਈ ਹੈ।