ਸਰਸਾ ਰਨਰਜ਼ ਕਲੱਬ ਦੀ ਮੈਰਾਥਨ ਨੇ ਨੌਜਵਾਨਾਂ ’ਚ ਭਰਿਆ ਨਵਾਂ ਜੋਸ਼ ਸਰਸਾ ਰਨਰਜ਼ ਕਲੱਬ ਦੀ ਮੈਰਾਥਨ ਨੇ ਨੌਜਵਾਨਾਂ ’ਚ ਭਰਿਆ ਨਵਾਂ ਜੋਸ਼
Publish Date: Sun, 11 Oct 2026 04:04 PM (IST)
Updated Date: Sun, 11 Oct 2026 04:05 PM (IST)
ਬੱਚਿਆਂ ਦੇ ਦੌੜ, ਤਾਕਤ ਅਤੇ ਮਨੋਰੰਜਕ ਮੁਕਾਬਲੇ ਕਰਵਾ ਕੇ ਖੇਡਾਂ ਪ੍ਰਤੀ ਕੀਤਾ ਉਤਸ਼ਾਹਿਤ ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ: ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਿਹਤਮੰਦ ਜੀਵਨਸ਼ੈਲੀ ਅਤੇ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਸਰਸਾ ਰਨਰਜ਼ ਕਲੱਬ ਵੱਲੋਂ ਮੈਰਾਥਨ ਦੌੜ ਅਤੇ ਬੱਚਿਆਂ ਤੇ ਨੌਜਵਾਨਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਖੇਡ ਸਮਾਗਮ ਦੌਰਾਨ ਭਾਗ ਲੈਣ ਵਾਲਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਮੈਰਾਥਨ ਦੇ ਨਾਲ-ਨਾਲ ਬੱਚਿਆਂ ਲਈ ਦੌੜਾਂ, ਸਰੀਰਕ ਤਾਕਤ ਦੇ ਮੁਕਾਬਲੇ ਅਤੇ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਕੁਦਰਤ ਕੇ ਸਭ ਬੰਦੇ’ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਦੱਸਿਆ ਕਿ ਸਰਸਾ ਰਨਰਜ਼ ਕਲੱਬ ਵੱਲੋਂ ਕਰਵਾਈ ਗਈ ਮੈਰਾਥਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋਈ ਅਤੇ ਘਨੌਲੀ ਵਿਖੇ ਭਾਖੜਾ ਨਹਿਰ ’ਤੇ ਸਮਾਪਤ ਹੋਈ। ਇਸ ਉਪਰਾਲੇ ਦਾ ਮੁੱਖ ਮਕਸਦ ਨੌਜਵਾਨਾਂ ਅਤੇ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣਾ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਹੈ। ਵਿੱਕੀ ਧੀਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਨੌਜਵਾਨਾਂ ਨੂੰ ਖੇਡਾਂ, ਦੌੜਾਂ ਅਤੇ ਹੋਰ ਸਿਹਤਮੰਦ ਗਤੀਵਿਧੀਆਂ ਵੱਲ ਪ੍ਰੇਰਿਤ ਕਰਨਾ ਬੇਹੱਦ ਜ਼ਰੂਰੀ ਹੈ। ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਨੌਜਵਾਨਾਂ ਵਿਚ ਅਨੁਸ਼ਾਸਨ, ਹੌਸਲਾ, ਮਿਹਨਤ ਅਤੇ ਟੀਮ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਆਉਣ ਵਾਲੇ ਸਮੇਂ ’ਚ ਪੰਜਾਬ ਪੱਧਰ ਦੀ ਮੈਰਾਥਨ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਨਾਲ ਵੱਖ-ਵੱਖ ਇਲਾਕਿਆਂ ਦੇ ਦੌੜਾਕਾਂ ਅਤੇ ਖੇਡ ਪ੍ਰੇਮੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਮੌਕੇ ਸੀਤਾ ਰਾਮ, ਲੱਕੀ ਸਰਸਾ, ਸੁਖਵਿੰਦਰ ਸਿੰਘ ਪਿੰਟਾ, ਬਾਬਾ ਜਰਨੈਲ ਸਿੰਘ, ਧੀਰਜ , ਪੰਚ ਗੁਰਜੀਤ ਸਿੰਘ ਕਾਕਾ,ਸੁੱਖੀ ਆਸਪੁਰ, ਸੁਖ ਪਾਬਲਾ, ਗੁਰਮੇਲ ਸਿੰਘ ਪੰਚ, ਰਿੰਪੀ, ਗੁਰਚਰਨ ਪੰਡਿਤ,ਨੰਦ ਸਿੰਘ ਘਨੌਲੀ, ਸੁਖਵਿੰਦਰ ਫੌਜੀ ਭਰਤਗੜ੍ਹ, ਭਰਤਗੜ੍ਹ ਯੂਥ ਕਲੱਬ ਦੇ ਆਗੂ ਸੁੱਖੀ, ਜੱਸੀ ਸੈਣੀ ਸਮੇਤ ਹੋਰ ਨੌਜਵਾਨ ਹਾਜ਼ਰ ਸਨ।