ਸਫ਼ਾਈ ਸੇਵਕਾਂ ਦਾ ਧਰਨੇ ’ਚ ਭਾਜਪਾ ਆਗੂ ਸੁਭਾਸ਼ ਸ਼ਰਮਾ ਹੋਏ ਹਾਜ਼ਰ ਸਫਾਈ ਸੇਵਕਾਂ ਦਾ ਧਰਨਾ 20ਵੇਂ ਦਿਨ ਜਾਰੀ
Publish Date: Mon, 27 Jul 2026 06:34 PM (IST)
Updated Date: Tue, 28 Jul 2026 04:04 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਆਪਣੀਆਂ ਮੰਗਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਦੀ ਮੰਗ ਨੂੰ ਲੈ ਕੇ ਨੰਗਲ ਵਿਖੇ ਸਫ਼ਾਈ ਸੇਵਕਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ 20ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਸਫ਼ਾਈ ਕਰਮਚਾਰੀਆਂ ਦੇ ਇਸ ਸੰਘਰਸ਼ ਨੂੰ ਆਪਣਾ ਪੂਰਨ ਸਮਰਥਨ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸੁਭਾਸ਼ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗਾਰੰਟੀ ਦਿੱਤੀ ਸੀ, ਪਰ ਸਾਢੇ ਚਾਰ ਸਾਲ ਬੀਤਣ ਤੇ ਵੀ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀਂ ਹਨ, ਪਰ ਇਸ਼ਤਿਹਾਰਬਾਜ਼ੀ ਤੇ 800 ਕਰੋੜ ਰੁਪਏ ਫੂਕ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਮੁਲਾਜ਼ਮ ਪੱਕੇ ਨਹੀਂ ਹੁੰਦੇ, ਉਦੋਂ ਤੱਕ ਚੰਡੀਗੜ੍ਹ ਦੇ ਪੈਟਰਨ ਤੇ ਘੱਟੋ-ਘੱਟ 24-25 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਬੀਬੀਐਮਬੀ ਦੇ ਕਰਮਚਾਰੀਆਂ ਨੂੰ ਡੀ.ਏ. ਮਿਲ ਰਿਹਾ ਹੈ, ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਸੁਪਰੀਮ ਕੋਰਟ ਜਾ ਕੇ ਡੀ.ਏ. ਦੇਣ ਤੋਂ ਮਨ੍ਹਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਅਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਡਾ. ਸੁਭਾਸ਼ ਸ਼ਰਮਾ ਨੇ ਐਲਾਨ ਕੀਤਾ ਕਿ 30 ਤਾਰੀਖ਼ ਨੂੰ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਭਾਰਤੀ ਜਨਤਾ ਪਾਰਟੀ ਪੂਰਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਉਹ ਰਾਜਪਾਲ (ਗਵਰਨਰ) ਸਾਹਿਬ ਨਾਲ ਮੁਲਾਕਾਤ ਕਰਨਗੇ ਅਤੇ ਬੀਜੇਪੀ ਦੇ ਐੱਮ.ਪੀ. ਇਸ ਮੁੱਦੇ ਨੂੰ ਪਾਰਲੀਮੈਂਟ (ਸੰਸਦ) ਵਿੱਚ ਵੀ ਪ੍ਰਮੁੱਖਤਾ ਨਾਲ ਉਠਾਉਣਗੇ। ਇਸ ਮੌਕੇ ਬੀਜੇਪੀ ਵੱਲੋਂ ਪ੍ਰਿੰਸ, ਹਰਪਾਲ ਰਾਣਾ, ਮਮਤਾ ਕਪਿਲਾ, ਵਿਵੇਕ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਦੂਜੇ ਪਾਸੇ ਸਫ਼ਾਈ ਯੂਨੀਅਨ ਵੱਲੋਂ ਕੌਸ਼ਲ ਕੁਮਾਰ, ਵਿਨੋਦ ਕੁਮਾਰ, ਰਾਜ ਕੁਮਾਰ, ਧਰਮਪਾਲ, ਵਿਜੈ ਸਹੋਤਾ, ਦੀਪਕ ਬੈਂਸ, ਹਨੀ, ਦਵਿੰਦਰ ਬੈਂਸ, ਸੁਨੀਤਾ, ਅਨੀਤਾ, ਸ਼ਮਾ, ਰੇਖਾ, ਰਿੰਕੀ, ਅੰਜੂ, ਬਲਬੀਰ ਕੌਰ, ਅੰਜੂ ਸਹੋਤਾ, ਰੂਪਾ, ਨੀਲਮ, ਸਾਵਿਤਰੀ ਆਦਿ ਆਗੂ ਅਤੇ ਸਫ਼ਾਈ ਸੇਵਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।