ਹੜਤਾਲ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ ਹੜਤਾਲ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ
Publish Date: Fri, 31 Jul 2026 05:24 PM (IST)
Updated Date: Fri, 31 Jul 2026 05:28 PM (IST)
- ਸਰਕਾਰ ਤੋਂ ਮੰਗਾਂ ਦਾ ਜਲਦੀ ਹੱਲ ਕਰ ਕੇ ਹੜਤਾਲ ਖ਼ਤਮ ਕਰਵਾਉਣ ਦੀ ਅਪੀਲ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਭਰ ਵਿੱਚ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਹੁਣ ਇਤਿਹਾਸਕ ਅਤੇ ਧਾਰਮਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਮੁੱਖ ਮਾਰਗਾਂ, ਚੌਕਾਂ ਅਤੇ ਬਾਜ਼ਾਰਾਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਇਕੱਠੇ ਹੋ ਗਏ ਹਨ, ਜਿਸ ਕਾਰਨ ਨਾ ਸਿਰਫ਼ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ ਹੈ, ਸਗੋਂ ਸਥਾਨਕ ਵਸਨੀਕਾਂ ਅਤੇ ਇੱਥੇ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਚਹਿਰੀ ਰੋਡ, ਨਵੀਂ ਆਬਾਦੀ ਰੋਡ, ਮੁੱਖ ਬਾਜ਼ਾਰ, ਕਿਲ੍ਹਾ ਫਤਿਹਗੜ੍ਹ ਸਾਹਿਬ ਦੇ ਨਜ਼ਦੀਕੀ ਇਲਾਕਿਆਂ, ਨੈਣਾਂ ਦੇਵੀ ਮਾਰਗ ਅਤੇ ਹੋਰ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਥਾਵਾਂ ’ਤੇ ਕੂੜੇ ਵਿੱਚੋਂ ਬਦਬੂ ਆਉਣ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਕੂੜੇ ਦੀ ਸਫ਼ਾਈ ਨਾ ਕੀਤੀ ਗਈ ਤਾਂ ਬਰਸਾਤ ਦੇ ਮੌਸਮ ਵਿੱਚ ਗੰਦਗੀ ਕਾਰਨ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਧ ਸਕਦੀ ਹੈ, ਜਿਸ ਨਾਲ ਲੋਕਾਂ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਹੋਣ ਦਾ ਖ਼ਦਸ਼ਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਸਿੱਖ ਕੌਮ ਦੀਆਂ ਸਭ ਤੋਂ ਪਵਿੱਤਰ ਧਾਰਮਿਕ ਨਗਰੀਆਂ ਵਿੱਚੋਂ ਇੱਕ ਹੈ, ਜਿੱਥੇ ਹਰ ਰੋਜ਼ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਅਜਿਹੇ ਵਿੱਚ ਸ਼ਹਿਰ ਦੀ ਸਫ਼ਾਈ ਵਿਵਸਥਾ ਬਰਕਰਾਰ ਰੱਖਣਾ ਪ੍ਰਸ਼ਾਸਨ ਦੀ ਤਰਜੀਹ ਹੋਣੀ ਚਾਹੀਦੀ ਹੈ। ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਫ਼ਾਈ ਕਰਮਚਾਰੀਆਂ ਨਾਲ ਜਲਦੀ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੱਢਿਆ ਜਾਵੇ ਤਾਂ ਜੋ ਹੜਤਾਲ ਸਮਾਪਤ ਹੋ ਸਕੇ ਅਤੇ ਸ਼ਹਿਰਾਂ ਵਿੱਚ ਸਫ਼ਾਈ ਦਾ ਕੰਮ ਮੁੜ ਪਹਿਲਾਂ ਵਾਂਗ ਸ਼ੁਰੂ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਹੜਤਾਲ ਜਾਰੀ ਹੈ, ਉਦੋਂ ਤੱਕ ਬਦਲਵੇਂ ਪ੍ਰਬੰਧ ਕਰ ਕੇ ਕੂੜੇ ਦੀ ਸਮੇਂ ਸਿਰ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਅਤੇ ਬਦਬੂ ਤੋਂ ਰਾਹਤ ਮਿਲ ਸਕੇ। ਸਥਾਨਕ ਲੋਕਾਂ ਲਾਈਨ ਲਾਈਨਜ਼ ਕਲੱਬ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਤਲਵਾੜ, ਰੋਟਰੀ ਕਲੱਬ ਦੇ ਪ੍ਰਧਾਨ ਸੀਏ ਗੁਰਜਿੰਦਰ ਸਿੰਘ, ਸੈਕਟਰੀ ਬਬਲੂ ਰਾਣਾ, ਜਸਪ੍ਰੀਤ ਸਿੰਘ ਅਰੋੜਾ, ਭਾਗ ਸਿੰਘ ਭੈਣੀ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਬੇਦੀ, ਭਾਜਪਾ ਆਗੂ ਸਤਵੀਰ ਰਾਣਾ, ਨੌਜਵਾਨ ਆਗੂ ਉਦੇਸ਼ ਰਾਣਾ ਦਾ ਕਹਿਣਾ ਹੈ ਕਿ ਸਾਫ਼-ਸੁਥਰਾ ਵਾਤਾਵਰਣ ਨਾ ਸਿਰਫ਼ ਲੋਕਾਂ ਦੀ ਸਿਹਤ ਲਈ ਜ਼ਰੂਰੀ ਹੈ, ਸਗੋਂ ਧਾਰਮਿਕ ਪੱਖੋਂ ਮਹੱਤਵਪੂਰਨ ਸ੍ਰੀ ਆਨੰਦਪੁਰ ਸਾਹਿਬ ਦੀ ਸਾਖ ਨੂੰ ਕਾਇਮ ਰੱਖਣ ਲਈ ਵੀ ਸਫ਼ਾਈ ਪ੍ਰਬੰਧਾਂ ਦਾ ਸੁਚਾਰੂ ਹੋਣਾ ਬੇਹੱਦ ਲਾਜ਼ਮੀ ਹੈ।