- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪਨਗਰ ਦੇ ਸੈਰ-ਸਪਾਟਾ ਸਥਾਨਾਂ ਨੂੰ ਲੱਗਿਆ ‘ਸੂਰਜ ਗ੍ਰਹਿਣ’

ਹੈੱਡਵਰਕਸ ’ਤੇ ਵਾਟਰਲਿਲੀ ਅਤੇ ਕੈਫੇ ਖੋਲ੍ਹਣ ’ਚ ਸਰਕਾਰ ਅਸਫਲ : ਸੈਰ-ਸਪਾਟਾ ਸਹੂਲਤਾਂ ਦੀ ਘਾਟ ਕਾਰਨ ਸੈਲਾਨੀ ਪਰੇਸ਼ਾਨ
ਲਖਵੀਰ ਖਾਬੜਾ, ਪੰਜਾਬੀ ਜਾਗਰਣ,
ਰੂਪਨਗਰ : ਕੁਦਰਤੀ ਸੁੰਦਰਤਾ, ਦਰਿਆ, ਨਹਿਰਾਂ ਤੇ ਇਤਿਹਾਸਕ ਵਿਰਾਸਤ ਨਾਲ ਭਰਪੂਰ ਜ਼ਿਲ੍ਹਾ ਰੂਪਨਗਰ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਹੈੱਡਵਰਕਸ ਵਰਗੇ ਖੂਬਸੂਰਤ ਸੈਰ-ਸਪਾਟਾ ਸਥਾਨ ’ਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨਸਾਰ, ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੂਪਨਗਰ ਜ਼ਿਲ੍ਹੇ ਨੂੰ ਸੈਰ-ਸਪਾਟੇ ਦੇ ਨਕਸ਼ੇ ’ਤੇ ਪ੍ਰਮੁੱਖ ਸਥਾਨ ਵਜੋਂ ਵਿਕਸਤ ਕਰਨ ਦੇ ਵੱਡੇ ਦਾਅਵੇ ਕੀਤੇ ਗਏ ਸਨ। ਰੋਪੜ, ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਇਲਾਕਿਆਂ ਨੂੰ ਉੱਤਰ ਭਾਰਤ ਦੇ ਬਿਹਤਰੀਨ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕਰਨ ਦੀ ਗੱਲ ਵੀ ਕੀਤੀ ਗਈ ਸੀ। ਪ੍ਰੰਤੂ ਹੈੱਡਵਰਕਸ ਦੀ ਮੌਜੂਦਾ ਸਥਿਤੀ ਇਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਹੈੱਡਵਰਕਸ ’ਤੇ ਸਥਿਤ ਵਾਟਰ ਲਿਲੀ ਤੇ ਕੈਫੇ ਨੂੰ ਚਾਲੂ ਕਰਨ ’ਚ ਸਰਕਾਰ ਦੀ ਨਾਕਾਮੀ ਕਾਰਨ ਸੈਲਾਨੀਆਂ ਨੂੰ ਇੱਥੇ ਉਮੀਦ ਮੁਤਾਬਕ ਸਹੂਲਤਾਂ ਨਹੀਂ ਮਿਲ ਰਹੀਆਂ। ਇਸ ਤੋਂ ਇਲਾਵਾ, ਘੁੰਮਣ ਲਈ ਆਉਣ ਵਾਲੇ ਲੋਕਾਂ ਲਈ ਬੁਨਿਆਦੀ ਲੋੜ ਪੀਣ ਵਾਲੇ ਪਾਣੀ, ਬਾਥਰੂਮ ਦੀ ਸਹੂਲਤ ਤੱਕ ਉਪਲਬਧ ਨਹੀਂ ਹੈ। ਇਸ ਕਾਰਨ ਖ਼ਾਸ ਤੌਰ ’ਤੇ ਮਹਿਲਾਵਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਤਾਵਰਣ ਪ੍ਰੇਮੀ ਐਡਵੋਕੇਟ ਜਸਪ੍ਰੀਤ ਸਿੰਘ, ਠੇਕੇਦਾਰ ਜਗਨੰਦਨ ਸਿੰਘ, ਕਾਮਰੇਡ ਗੁਰਦੇਵ ਸਿੰਘ ਬਾਗੀ, ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਨੇ ਕਿਹਾ ਕਿ ਇਸ ਖੂਬਸੂਰਤ ਸੈਰ-ਸਪਾਟਾ ਸਥਾਨ ਦੇ ਰੱਖ-ਰਖਾਅ ਵੱਲ ਵੀ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਦਰਿਆ ਦੇ ਕੰਢੇ ਵੱਡੀ ਗਿਣਤੀ ’ਚ ਲੱਗੀਆਂ ਰੇਹੜੀਆਂ ਤੇ ਉਨ੍ਹਾਂ ਦੇ ਆਲੇ-ਦੁਆਲੇ ਪਿਆ ਕੂੜਾ-ਕਰਕਟ ਇਲਾਕੇ ਦੀ ਕੁਦਰਤੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿੱਥੇ ਸੈਲਾਨੀਆਂ ਨੂੰ ਸਾਫ਼-ਸੁਥਰਾ ਤੇ ਸੁਹਾਵਣਾ ਵਾਤਾਵਰਣ ਮਿਲਣਾ ਚਾਹੀਦਾ ਹੈ, ਉੱਥੇ ਗੰਦਗੀ ਦੇ ਢੇਰ ਤੇ ਬੇਤਰਤੀਬ ਪ੍ਰਬੰਧ ਸੈਰ-ਸਪਾਟੇ ਦੀ ਦਿੱਖ ਨੂੰ ਖਰਾਬ ਕਰ ਰਹੇ ਹਨ। ਰੂਪਨਗਰ ਦੇ ਲੋਕਾਂ ਤੇ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਮੰਗ ਹੈ ਕਿ ਸਰਕਾਰ ਹੈੱਡਵਰਕਸ ਸਮੇਤ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਦੀ ਸਥਿਤੀ ’ਚ ਤੁਰੰਤ ਸੁਧਾਰ ਲਿਆਵੇ। ਇਸ ਤੋਂ ਇਲਾਵਾ, ਸੈਰ-ਸਪਾਟਾ ਵਿਭਾਗ ਦੀ ਜ਼ਮੀਨ ’ਤੇ ਕੈਫੇ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਸਬੰਧਤ ਵਿਭਾਗਾਂ ਨੂੰ ਇਸ ਸਬੰਧੀ ਤੱਥਾਂ ਦੀ ਜਾਂਚ ਕਰਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਤੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨਹਿਰੀ ਵਿਭਾਗ ਦੇ ਐਕਸੀਅਨ ਦਮਨਜੀਤ ਸਿੰਘ ਨੇ ਕਿਹਾਕਿ ਕਿਸ਼ਤੀਆ ਤੇ ਕੇਫੈ ਸਾਡੇ ਐਗਰੀਮੈਂਟ ਅਨਸਾਰ ਚੱਲ ਰਹੇ ਹਨ।
=========
ਬਾਕਸ-
ਦੋ ਦਹਾਕੇ ਬੀਤ ਗਏ ਟੂਰਿਜ਼ਮ ਦੇ ਦਾਅਵੇ ਅਧੂਰੇ
ਪਿਛਲੇ ਦੋ ਦਹਾਕਿਆਂ ਤੋਂ ਰੂਪਨਗਰ ਨੂੰ ਟੂਰਿਜ਼ਮ ਦੀ ਹੱਬ ਬਨਾਉਣ ਲਈ ਪਿਛਲੇ ਦੋ ਦਹਾਕਿਆਂ ਤੋਂ ਸਰਕਾਰਾਂ ਦਾਅਵੇ ਕਰ ਰਹੀਆ ਹਨ ਪ੍ਰੰਤੂ ਆਪ ਸਰਕਾਰ ਦੇ ਵੀ ਪੌਣੇ ਪੰਜ ਸਾਲ ਬੀਤ ਗਏ ਹਨ ਗੱਲ ਉੱਥੇ ਹੀ ਖੜ੍ਹੀ ਹੈ। ਲੋਕ ਅੱਜ ਵੀ ਵਾਟਰ ਲਿਲੀ ਤੇ ਪਿਕਾਸ਼ੀਆਂ ਨੂੰ ਯਾਦ ਕਰ ਰਹੇ ਹਨ ਜਿੱਥੇ ਆਮ ਤੌਰ ਤੇ ਦੇਸ਼-ਵਿਦੇਸ਼ ਤੋਂ ਆ ਕੇ ਸੈਲਾਨੀ ਠਹਿਰਦੇ ਸਨ ਤੇ ਸ਼ਿਵਾਲਿਕ ਦੀਆ ਪਹਾੜੀਆਂ ਦੇ ਕੁਦਰਤੀ ਸੁਹੱਧਪਣੇ ਦੇ ਨਜ਼ਾਰੇ ਲੈਦੇ ਸਨ। ਅਫ਼ਸੋਸ ਇਸ ਗੱਲ ਦਾ ਹੈ ਕਿ ਰੂਪਨਗਰ ਦੇ ਲੋਕਾਂ ਨੂੰ ਵਾਅਦੇ ਤੇ ਦਾਅਵੇ ਹੀ ਸੁਣੇ ਹਕੀਕਤ ’ਚ ਕੁਝ ਪੱਲੇ ਨਹੀ ਪਿਆ।