ਅਪਰਾਧ ਰਾਹੀਂ ਜਲਦ ਅਮੀਰ ਬਣਨ ਦੀ ਕੋਸ਼ਿਸ਼ ਦਾ ਅੰਤ ਜੇਲ੍ਹ ਹੀ ਹੈ : ਐੱਸਪੀ ਚੀਮਾ ਏਟੀਐੱਮ ਚੋਰ ਗਿਰੋਹ ’ਤੇ ਰੂਪਨਗਰ ਪੁਲਿਸ ਨੇ ਕਸਿਆ ਸ਼ਿਕੰਜਾ
Publish Date: Sat, 29 Aug 2026 05:02 PM (IST)
Updated Date: Sat, 29 Aug 2026 05:04 PM (IST)
ਮੋਰਿੰਡਾ ਤੇ ਨੰਗਲ ’ਚ ਏਟੀਐੱਮ ਪੁੱਟਣ ਦੇ ਮਾਮਲੇ ’ਚ 4 ਕਾਬੂ, ਸਾਮਾਨ ਸਮੇਤ ਅਹਿਮ ਬਰਾਮਦਗੀ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਏਟੀਐੱਮ ਚੋਰ ਗਿਰੋਹ ’ਤੇ ਸ਼ਿਕੰਜਾ ਕੱਸਦਿਆਂ ਰੂਪਨਗਰ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਦੋ ਵਾਹਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੰਲਬਾਤ ਕਰਦਿਆਂ ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੋਰਿੰਡਾ ਦੇ ਸ਼ੂਗਰ ਮਿੱਲ ਰੋਡ ਸਥਿਤ ਐੱਚਡੀਐੱਫਸੀ ਬੈਂਕ ਦੇ ਏਟੀਐੱਮ ਨੂੰ ਬੀਤੀ 24-25 ਅਗਸਤ ਦੀ ਦਰਮਿਆਨੀ ਰਾਤ ਮੁਲਜ਼ਮਾਂ ਨੇ ਪੁੱਟ ਕੇ ਸਵਿਫਟ ਕਾਰ (ਪੀਬੀ-46-ਏਏ-3868) ਦੇ ਪਿੱਛੇ ਰੱਸੇ ਨਾਲ ਬੰਨ੍ਹ ਕੇ ਘਸੀਟਦਿਆਂ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਜੋ ਥੋੜੀ ਦੂਰ ਮਿਲ ਗਿਆ ਸੀ ਪ੍ਰੰਤੂ ਮੁਲਜ਼ਮ ਏਟੀਐੱਮ ਵਿੱਚੋਂ ਨਕਦੀ ਕੱਢਣ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਗੱਡੀ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਮੋਰਿੰਡਾ ਵਿਖੇ ਬੀਐੱਨਐੱਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦੇ ਹੋਏ ਸੀਸੀਟੀਵੀ ਫੁਟੇਜ, ਤਕਨੀਕੀ ਸਹਾਇਤਾ ਅਤੇ ਖੁਫੀਆ ਸੂਤਰਾਂ ਦੀ ਮੱਦਦ ਨਾਲ ਇਸ ਮਾਮਲੇ ਵਿਚ ਸਿਮਰਨਜੀਤ ਸਿੰਘ ਉਰਫ਼ ਅਭੀ (19) ਵਾਸੀ ਤਰਨਤਾਰਨ ਅਤੇ ਕੁਲਵਿੰਦਰ ਸਿੰਘ ਉਰਫ਼ ਕਿੰਦਾ ਉਰਫ਼ ਕੁੱਲਾ (20) ਵਾਸੀ ਮੋਗਾ ਨੂੰ 26 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਅਰੋਪੀਆਂ ਦੇ ਕੋਲ ਤੋਂ ਸਵਿਫਟ ਕਾਰ, ਲੋਹੇ ਦਾ ਘਣ, ਕੁਹਾੜਾ ਅਤੇ ਰੱਸਾ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਨ੍ਹਾਂ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੀਤੀ 11-12 ਅਗਸਤ ਦੀ ਦਰਮਿਆਨੀ ਰਾਤ ਨੂੰ ਬੈਂਕ ਆਫ਼ ਬੜੌਦਾ ਜਵਾਹਰ ਮਾਰਕੀਟ ਨੰਗਲ ਦੇ ਏਟੀਐੱਮ ਨੂੰ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸਬੰਧੀ ਥਾਣਾ ਨੰਗਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਹਾਇਤਾ ਦੇ ਆਧਾਰ ’ਤੇ ਅਮਨਦੀਪ ਸਿੰਘ ਉਰਫ਼ ਅਮਨ (25) ਵਾਸੀ ਫਰੀਦਕੋਟ ਅਤੇ ਅਰਮਾਨਦੀਪ ਸਿੰਘ ਉਰਫ਼ ਮਾਨਾ (21) ਵਾਸੀ ਬਠਿੰਡਾ ਨੂੰ 16 ਅਗਸਤ ਨੂੰ ਸਕਾਰਪੀਓ (ਪੀਬੀ-04-ਏਜੀ-1873) ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਨੋਂ ਅਰੋਪੀ ਇਸ ਸਮੇਂ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵਾਰਦਾਤ ਦੀ ਸੂਚਨਾ ਮਿਲਦੇ ਹੀ ਤੁਰੰਤ ਨਾਕਾਬੰਦੀ ਅਤੇ ਟੀਮਾਂ ਨੂੰ ਸਰਗਰਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਪਰਾਧ ਰਾਹੀਂ ਜਲਦ ਅਮੀਰ ਬਣਨ ਦੀ ਕੋਸ਼ਿਸ਼ ਦਾ ਅੰਤ ਜੇਲ੍ਹ ਹੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਪੁਲਿਸ ਜ਼ਿਲ੍ਹੇ ਵਿਚ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਨਹੀਂ ਚੁੱਕਣ ਦੇਵੇਗੀ ਅਤੇ ਅਮਨ-ਕਾਨੂੰਨ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ।