ਰੂਪਨਗਰ ਪੁਲਿਸ ਨੇ ਹੌਟਸਪੌਟ ਖੇਤਰਾਂ ’ਚ ਚਲਾਇਆ ਗਿਆ ਕਾਸੋ ਅਪਰੇਸ਼ਨ ਰੂਪਨਗਰ ਪੁਲਿਸ ਨੇ ਹੌਟਸਪੌਟ ਖੇਤਰਾਂ ਵਿਚ ਚਲਾਇਆ ਗਿਆ ਕਾਸੋ ਅਪਰੇਸ਼ਨ
Publish Date: Sun, 25 Oct 2026 03:28 PM (IST)
Updated Date: Sun, 25 Oct 2026 03:31 PM (IST)
ਨਸ਼ਾ ਤਸਕਰ ਨਸ਼ਾ ਤਸਕਰੀ ਦਾ ਰਾਹ ਛੱਡ ਦੇਣ, ਪੰਜਾਬ ’ਚ ਉਨ੍ਹਾਂ ਲਈ ਕੋਈ ਥਾਂ ਨਹੀਂ : ਐੱਸਐੱਸਪੀ ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਗਰਣ, ਘਨੌਲੀ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਰੂਪਨਗਰ ਪੁਲਿਸ ਵੱਲੋਂ ਜ਼ਿਲ੍ਹੇ ’ਚ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਅਤੇ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਲਗਾਤਾਰ ਵਿਸ਼ੇਸ਼ ਅਪਰੇਸ਼ਨ ਚਲਾਏ ਜਾ ਰਹੇ ਹਨ। ਇਸੇ ਲੜੀ ਤਹਿਤ ਐੱਸਐੱਸਪੀ. ਰੂਪਨਗਰ ਮਨਿੰਦਰ ਸਿੰਘ ਦੀ ਅਗਵਾਈ ਹੇਠ ਘਨੌਲੀ ਨੇੜੇ ਨੂਹੋ ਕਲੋਨੀ ਸਥਿਤ ਬਿਜਲੀ ਵਿਭਾਗ ਦੇ ਕੁਆਰਟਰਾਂ ਵਾਲੇ ਖੇਤਰ ’ਚ ਕਾਸੋ ਅਪਰੇਸ਼ਨ ਚਲਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ’ਚ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਦੀਆਂ ਟੀਮਾਂ ਸਰਗਰਮ ਹਨ। ਪੁਲਿਸ ਵੱਲੋਂ ਉਨ੍ਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿੱਥੇ ਨਸ਼ਿਆਂ ਦੀ ਤਸਕਰੀ ਸਬੰਧੀ ਸੂਚਨਾਵਾਂ ਪ੍ਰਾਪਤ ਹੁੰਦੀਆਂ ਹਨ। ਅਜਿਹੇ ਹੌਟਸਪੌਟ ਖੇਤਰਾਂ ’ਚ ਕਾਸੋ ਅਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਅਤੇ ਨਸ਼ਾ ਤਸਕਰੀ ’ਚ ਸ਼ਾਮਲ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੂਪਨਗਰ ਪੁਲਿਸ ਦਾ ਉਦੇਸ਼ ਸਿਰਫ਼ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਹੀ ਨਹੀਂ, ਸਗੋਂ ਨਸ਼ਿਆਂ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਮੁੜ ਆਮ ਜੀਵਨ ਨਾਲ ਜੋੜਨਾ ਵੀ ਹੈ। ਇਸ ਲਈ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਲਈ ਭਰਤੀ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਮੁੜ ਵਸੇਬੇ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਐੱਸਐੱਸਪੀ. ਨੇ ਨਸ਼ਾ ਤਸਕਰੀ ’ਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਤੁਰੰਤ ਛੱਡ ਦੇਣ, ਕਿਉਂਕਿ ਪੰਜਾਬ ਵਿੱਚ ਨਸ਼ਾ ਤਸਕਰੀ ਲਈ ਕੋਈ ਥਾਂ ਨਹੀਂ ਹੈ। ਪੁਲਿਸ ਵੱਲੋਂ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਇਸ ਮੌਕੇ ਐੱਸਪੀ. ਹੈੱਡਕੁਆਰਟਰ ਹਰਸਿਮਰਤ ਸਿੰਘ ਛੇਤਰਾ, ਡੀਐੱਸਪੀ ਰੂਪਨਗਰ ਦੀਪਿੰਦਰ ਸਿੰਘ, ਐੱਸਐੱਚਓ. ਰੂਪਨਗਰ ਸੰਨੀ ਖੰਨਾ, ਚੌਕੀ ਇੰਚਾਰਜ ਘਨੌਲੀ ਗੁਰਿੰਦਰਜੀਤ ਸਿੰਘ ਸਮੇਤ ਪੁਲਿਸ ਵਿਭਾਗ ਦੇ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।