ਡੀਆਈਜੀ ਪਰਮਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਆਈ.ਟੀ.ਬੀ.ਪੀ ਦੇ ਡੀਆਈਜੀ ਪਰਮਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
Publish Date: Sun, 16 Aug 2026 05:37 PM (IST)
Updated Date: Mon, 17 Aug 2026 04:03 AM (IST)
ਨਮ ਅੱਖਾਂ ਨਾਲ ਦੋਵੇਂ ਪੁੱਤਰਾਂ ਨੇ ਚਿਖਾ ਨੂੰ ਦਿੱਤੀ ਅਗਨੀ, ਆਈਟੀਬੀਪੀ ਵੱਲੋਂ ਗਾਰਡ ਆਫ਼ ਆਨਰ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਸਹਾਰਨਪੁਰ ਨੇੜੇ ਬੀਤੇ ਦਿਨ ਵਾਪਰੇ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਇੰਡੋ-ਤਿਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਡੀਆਈਜੀ ਪਰਮਿੰਦਰ ਸਿੰਘ (54), ਜੋ ਸ੍ਰੀ ਆਨੰਦਪੁਰ ਸਾਹਿਬ ਦੇ ਮੂਲ ਨਿਵਾਸੀ ਸਨ, ਦਾ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਉਨ੍ਹਾਂ ਦੇ ਦੋਵੇਂ ਪੁੱਤਰਾਂ ਅੰਗਦ ਅਤੇ ਜੋਤ ਨੇ ਨਮ ਅੱਖਾਂ ਨਾਲ ਅਗਨੀ ਦਿੱਤੀ। ਇਸ ਮੌਕੇ ਸ਼ਮਸ਼ਾਨ ਘਾਟ ਦਾ ਮਾਹੌਲ ਬੇਹੱਦ ਗਮਗੀਨ ਬਣਿਆ ਹੋਇਆ ਸੀ ਅਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਸਨ। ਅੰਤਿਮ ਸਸਕਾਰ ਤੋਂ ਪਹਿਲਾਂ ਆਈਟੀਬੀਪੀ ਦੇ ਜਵਾਨਾਂ ਵੱਲੋਂ ਡੀਆਈਜੀ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਤਿਰੰਗੇ ਵਿੱਚ ਲਿਪਟੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀ ਧਰਮ ਪਤਨੀ ਸਰਬਜੀਤ ਕੌਰ ਅਤੇ ਦੋਵੇਂ ਪੁੱਤਰਾਂ ਨੇ ਸਲਾਮੀ ਦੇ ਕੇ ਸਤਿਕਾਰ ਭੇਟ ਕੀਤਾ। ਇਸ ਉਪਰੰਤ ਪੂਰੇ ਸਰਕਾਰੀ ਸਨਮਾਨ ਨਾਲ ਤਿਰੰਗਾ ਉਤਾਰ ਕੇ ਉਨ੍ਹਾਂ ਦੀ ਧਰਮ ਪਤਨੀ ਸਰਬਜੀਤ ਕੌਰ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਆਈਟੀਬੀਪੀ ਦੇ ਆਈਜੀ ਅਕੁਨ ਸਭਰਵਾਲ, ਮੁਕਤਸਰ ਸਾਹਿਬ ਦੇ ਵਧੀਕ ਸੈਸ਼ਨ ਜੱਜ ਅਵਤਾਰ ਬਾਰੜਾ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਧੀਕ ਸੈਸ਼ਨ ਜੱਜ ਰਾਜਵਿੰਦਰ ਸਿੰਘ, ਐੱਸ.ਪੀ. ਅਰਵਿੰਦ ਮੀਨਾ, ਸਾਬਕਾ ਡੀਆਈਜੀ ਦਵਿੰਦਰ ਸਿੰਘ ਮੋਰਾਂਵਾਲੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ,ਸ੍ਰੀ ਆਨੰਦਪੁਰ ਸਾਹਿਬ ਦੇ ਐੱਸ.ਡੀ.ਐੱਮ. ਸੁਖਪਾਲ ਸਿੰਘ, ਡੀ.ਐੱਸ.ਪੀ. ਜਸ਼ਨਦੀਪ ਸਿੰਘ ਮਾਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਮੌਜੂਦ ਸਨ। ਦੱਸਣਯੋਗ ਹੈ ਕਿ ਬੀਤੇ ਕੱਲ੍ਹ ਪੋਸਟਮਾਰਟਮ ਉਪਰੰਤ ਡੀਆਈਜੀ ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਅੰਬਾਲਾ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ ਸੀ। ਅੱਜ ਸਵੇਰੇ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਬਾਲਾ ਤੋਂ ਚੰਡੀਗੜ੍ਹ ਅਤੇ ਫਿਰ ਚੰਡੀਗੜ੍ਹ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਗਿਆ। ਇੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੁਝ ਸਮੇਂ ਲਈ ਜੱਦੀ ਘਰ ਵਿਖੇ ਰੱਖਿਆ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਫ਼ਲਾ ‘ਪਰਮਿੰਦਰ ਸਿੰਘ ਅਮਰ ਰਹੇ’ ਦੇ ਨਾਅਰੇ ਲਗਾਉਂਦਾ ਹੋਇਆ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਰੇ ਮਾਣ-ਸਨਮਾਨ ਨਾਲ ਚਰਨ ਗੰਗਾ ਸ਼ਮਸ਼ਾਨ ਘਾਟ ਵਿਖੇ ਲੈ ਕੇ ਪਹੁੰਚਿਆ। ਰਸਤੇ ਵਿੱਚ ਲੋਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਡੀਆਈਜੀ ਪਰਮਿੰਦਰ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਇਲਾਵਾ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ। ਇਸ ਮੌਕੇ ਲੋਕਾਂ ਨੇ ਕਿਹਾ ਕਿ ਡੀਆਈਜੀ ਪਰਮਿੰਦਰ ਸਿੰਘ ਦੀ ਬੇਵਕਤੀ ਮੌਤ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਸਮੁੱਚੇ ਇਲਾਕੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਬਚਪਨ ਤੋਂ ਹੀ ਮਿਲਣਸਾਰ, ਨਿਮਰ ਅਤੇ ਸੁਹਿਰਦ ਸੁਭਾਅ ਦੇ ਮਾਲਕ ਸਨ। ਉਹ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਖੜ੍ਹਨ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਵਰਗੇ ਨੇਕ, ਇਮਾਨਦਾਰ ਅਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਵਿਅਕਤੀ ਦਾ ਇਸ ਤਰ੍ਹਾਂ ਅਚਾਨਕ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ ਹੈ।