ਮਿੰਡਵਾਂ ਲੋਅਰ ਕਥਿਤ ਮਾਈਨਿੰਗ ਮਾਮਲੇ ਵਿੱਚ ਐਕਸ਼ਨ ਤੇਜ਼ ਮਿੰਡਵਾਂ ਲੋਅਰ ਕਥਿਤ ਮਾਈਨਿੰਗ ਮਾਮਲੇ ਵਿੱਚ ਐਕਸ਼ਨ ਤੇਜ਼
Publish Date: Sun, 19 Jul 2026 06:43 PM (IST)
Updated Date: Mon, 20 Jul 2026 04:07 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਮੀੰਡਵਾਂ ਲੋਅਰ ਨੇੜੇ ਕਥਿਤ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਹੁਣ ਪ੍ਰਸ਼ਾਸਨਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮਾਈਨਿੰਗ ਵਿਭਾਗ ਨੇ ਮਾਮਲੇ ਸਬੰਧੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ, ਜਦਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੇ ਵੀ ਖੱਡ ਦੇ ਕੁਦਰਤੀ ਵਹਾਅ ਵਿੱਚ ਕੀਤੀ ਗਈ ਕਥਿਤ ਰੁਕਾਵਟ ਨੂੰ ਜਲਦੀ ਦੂਰ ਕਰਨ ਲਈ ਕਿਹਾ ਹੈ। ਮਾਈਨਿੰਗ ਵਿਭਾਗ ਦੇ ਐਕਸੀਅਨ ਭਾਵੁਕ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਜੇਈ ਦਵਿੰਦਰ ਰਾਹੀਂ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਕਰੀਬ 25 ਹਜ਼ਾਰ ਸੀਐਫਟੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਸਾਹਮਣੇ ਆਈ ਹੈ, ਜਿਸ ਨਾਲ ਸਰਕਾਰ ਨੂੰ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਗੈਰ-ਕਾਨੂੰਨੀ ਖੁਦਾਈ ਹੋਈ ਹੈ, ਉੱਥੇ ਜ਼ਮੀਨ ਦੀ ਮਾਲਕੀ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਅਤੇ ਮਾਮਲੇ ਨਾਲ ਜੁੜੇ ਲੋਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਬੀਬੀਐਮਬੀ ਦੇ ਐੱਸ.ਡੀ.ਓ. ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਖੱਡ ਰੂਪੀ ਨਾਲੇ ਦੇ ਕੁਦਰਤੀ ਵਹਾਅ ਨੂੰ ਰੋਕਣ ਕਾਰਨ ਬਣੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਇਸ ਸਬੰਧੀ ਪਹਿਲਾਂ ਮਾਈਨਿੰਗ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ। ਜੇਕਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਸਤੇ ਨੂੰ ਮੁੜ ਨਹੀਂ ਖੋਲ੍ਹਿਆ ਜਾਂਦਾ ਅਤੇ ਇਸ ਨਾਲ ਨਹਿਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਤਾਂ ਬੀਬੀਐਮਬੀ ਆਪਣੀ ਮਸ਼ੀਨਰੀ ਰਾਹੀਂ ਖੁਦ ਰਸਤਾ ਖੋਲ੍ਹਣ ਦੀ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਥਾਨਕ ਲੋਕਾਂ ਨੇ ਦੋਸ਼ ਲਗਾਏ ਸਨ ਕਿ ਪਹਾੜੀ ਦੀ ਕਥਿਤ ਪੁਟਾਈ ਕਾਰਨ ਬੈਰਾ ਖੱਡ ਦਾ ਕੁਦਰਤੀ ਵਹਾਅ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਬਰਸਾਤ ਦੇ ਮੌਸਮ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਬੀਬੀਐਮਬੀ ਨਹਿਰ ਦੀ ਸੁਰੱਖਿਆ ਤੇ ਵੀ ਅਸਰ ਪੈ ਸਕਦਾ ਹੈ। ਇਨ੍ਹਾਂ ਦਾਅਵਿਆਂ ਤੋਂ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਨੇ ਵੀ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਹੁਣ ਮਾਈਨਿੰਗ ਵਿਭਾਗ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਤੇ ਬੀਬੀਐਮਬੀ ਵੱਲੋਂ ਜਾਰੀ ਚੇਤਾਵਨੀ ਤੋਂ ਬਾਅਦ ਨਜ਼ਰਾਂ ਇਸ ਗੱਲ ਤੇ ਟਿਕੀਆਂ ਹਨ ਕਿ ਜਾਂਚ ਵਿੱਚ ਕੀ ਤੱਥ ਸਾਹਮਣੇ ਆਉਂਦੇ ਹਨ ਅਤੇ ਕੀ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਬਾਕਸ: ਪੱਤਰਕਾਰਾਂ ਦਾ ਦਾਅਵਾ, ਖ਼ਬਰ ਨਾ ਛਾਪਣ ਲਈ ਬਣਾਇਆ ਕਥਿਤ ਦਬਾਅ ਇਸ ਮਾਮਲੇ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੱਤਰਕਾਰਾਂ ਦਾ ਦਾਅਵਾ ਹੈ ਕਿ ਕਥਿਤ ਮਾਈਨਿੰਗ ਨਾਲ ਜੁੜੇ ਇੱਕ ਵਿਅਕਤੀ ਵੱਲੋਂ ਵਾਰ-ਵਾਰ ਫੋਨ ਕਰ ਕੇ ਖ਼ਬਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ। ਪੱਤਰਕਾਰਾਂ ਦੇ ਅਨੁਸਾਰ ਉਕਤ ਵਿਅਕਤੀ ਨੇ ਕਥਿਤ ਤੌਰ ਤੇ ਇਹ ਵੀ ਕਿਹਾ ਕਿ ਜੇਕਰ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਤਾਂ ਉਹ ਝੂਠੀ ਸ਼ਿਕਾਇਤ ਦੇਵੇਗਾ ਕਿ ਪੱਤਰਕਾਰਾਂ ਨੇ ਖ਼ਬਰ ਰੋਕਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ।