ਹਿਮਾਚਲ ਦੇ ਵਿਰੋਧ ’ਚ ਸਰਹੱਦੀ ਇਲਾਕੇ ਦੇ ਲੋਕ ਲਾਮਬੰਦ
ਹਿਮਾਚਲ ਦੇ ਵਿਰੋਧ ਵਿੱਚ ਸਰਹੱਦੀ ਇਲਾਕੇ ਦੇ ਲੋਕ ਲਾਮਬੰਦ
Publish Date: Sun, 31 May 2026 06:32 PM (IST)
Updated Date: Mon, 01 Jun 2026 04:11 AM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਹਿਮਾਚਲ ਪ੍ਰਦੇਸ਼ ਵੱਲੋਂ ਲਗਾਏ ਗਏ ਐਂਟਰੀ ਟੈਕਸਾਂ ਦੇ ਵਿਰੋਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਰੋਸ਼ ਪ੍ਰਦਰਸ਼ਨ ਚੱਲ ਰਿਹਾ ਜਿਸ ਨੂੰ ਲੈ ਕੇ ਅੱਜ ਇਕ ਜੂਨ ਨੂੰ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ 55 ਐਂਟਰੀ ਟੈਕਸ ਪੁਆਇੰਟਾਂ ’ਤੇ ਵੱਡਾ ਰੋਸ ਪ੍ਰਦਰਸ਼ਨ ਧਰਨਾ ਦਿੱਤਾ ਜਾ ਰਿਹਾ ਤੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਿਆ ਜਾਵੇਗਾ। ਇਸ ਰੋਸ਼ ਪ੍ਰਦਰਸ਼ਨ ਸਬੰਧੀ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਲੋਕ ਵੀ ਲਾਮਬੰਦ ਹੋ ਰਹੇ ਹਨ ਅਤੇ ਹਿਮਾਚਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਇਸ ਸਬੰਧੀ ਅੱਜ ਪਿੰਡ ਚੀਕਣਾ ਗੁਰਦੁਆਰਾ ਸਾਹਿਬ ਵਿਖੇ ਅਤੇ ਹੇਠਲਾ ਦੋਲੋਵਾਲ ਪਿੰਡ ਵਾਸੀਆਂ ਵੱਲੋਂ ਭਰਵਾਂ ਇਕੱਠ ਕੀਤਾ ਗਿਆ ’ਤੇ ਧਰਨੇ ਦਾ ਸਮਰਥਨ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਲੋਕ ਜਿਨ੍ਹਾਂ ਨੂੰ ਰੋਜਾਨਾ ਵਿਆਹ ਸ਼ਾਦੀਆਂ ਰਿਸ਼ਤੇਦਾਰੀਆਂ ਅਤੇ ਕਾਰੋਬਾਰ ਲਈ ਸਰਹੱਦੀ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਉਨ੍ਹਾਂ ਲਈ ਸਭ ਤੋਂ ਔਖਾ ਹੈ ਰੋਜਾਨਾ ਆਉਣ-ਜਾਣ ਲਈ ਇਹ ਜਜੀਆ ਟੈਕਸ ਦੇਣਾ ਪੈਂਦਾ ਹੈ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਦੀਆਂ ਆਪਸ ਵਿੱਚ ਭਾਈਚਾਰਕ ਸਾਂਝਾ ਹਨ, ਪਰ ਹਿਮਾਚਲ ਸਰਕਾਰ ਇਨ੍ਹਾਂ ਸਾਂਝਾਂ ਵਿੱਚ ਵੀ ਕੁੜੱਤਣ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ’ਤੇ ਕੋਈ ਵੀ ਸੂਬਾ ਸਰਕਾਰ ਐਂਟਰੀ ਟੈਕਸ ਨਹੀਂ ਲਗਾ ਸਕਦੀ। ਜਦੋਂ ਕਿ ਵੱਖ ਵੱਖ ਸੂਬਿਆਂ ਤੋਂ ਸੈਲਾਨੀ ਅਤੇ ਸੰਗਤਾਂ ਹਿਮਾਚਲ ਪ੍ਰਦੇਸ਼ ਮੰਦਰਾਂ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਜਾਂਦੀਆ ਹਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਨੈਸ਼ਨਲ ਹਾਈਵੇ ’ਤੇ ਲੱਗੇ ਗਰਾਂ ਮੋੜਾ ਟੋਲ ਪਲਾਜ਼ਾ ’ਤੇ ਟੈਕਸ ਦੇਣਾ ਪੈਂਦਾ ਹੈ ਅਤੇ ਨਾਲ ਹੀ ਇਕ ਕਿਲੋਮੀਟਰ ਅੱਗੇ ਹਿਮਾਚਲ ਐਂਟਰੀ ਟੈਕਸ ਦੇਣਾ ਪੈਂਦਾ ਹੈ। ਇਸ ਦੇ ਨਾਲ ਹੀ ਸੈਲਾਨੀਆਂ ਨੂੰ ਮਨਾਲੀ ,ਮਨੀਕਰਨ ਗਰੀਨ ਟੈਕਸ ਵੀ ਲਗਾਇਆ ਜਾਂਦਾ ਹੈ। ਇਸ ਸਬੰਧੀ ਪੰਜਾਬ ਸਰਕਾਰ ਦੀ ਭੂਮਿਕਾ ਵੀ ਸ਼ੱਕੀ ਨਜ਼ਰ ਆ ਰਹੀ ਹੈ ਜਦੋਂ ਕਿ ਧਰਨੇ ਵਿੱਚ ਪਹੁੰਚੇ ਹਲਕੇ ਦੇ ਵਿਧਾਇਕ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹਿਮਾਚਲ ਦੇ ਬਰਾਬਰ ਪੰਜਾਬ ਵਿੱਚ ਵੀ ਹਿਮਾਚਲ ਦੀਆਂ ਗੱਡੀਆਂ ਨੂੰ ਟੈਕਸ ਲਗਾਉਣ ਦੀ ਵਕਾਲਤ ਕੀਤੀ ਸੀ, ਹੁਣ ਸਖਤ ਫੈਸਲਾ ਲੈਣ ਦਾ ਸਮਾਂ ਹੈ ਪੰਜਾਬ ਸਰਕਾਰ ਨੂੰ ਵੀ ਹਿਮਾਚਲ ਦੀਆਂ ਗੱਡੀਆਂ ’ਤੇ ਬਰਾਬਰ ਐਂਟਰੀ ਟੈਕਸ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤਿੰਨ ਘੰਟੇ ਲਈ 11 ਵਜੇ ਤੋਂ ਤਿੰਨ ਵਜੇ ਤੱਕ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਤੇ ਵਸਨੀਕ ਵੀ ਸਾਡੇ ਹੀ ਭਰਾ ਹਨ ਸਾਡਾ ਮਕਸਦ ਕਿਸੇ ਵੀ ਰਾਹਗੀਰ ਨੂੰ ਤੰਗ ਕਰਨਾ ਨਹੀਂ ਹੈ, ਪਰ ਅਣ ਅਧਿਕਾਰਤ ਨਿਜਮਾਂ ਦੇ ਖਿਲਾਫ ਲੱਗੇ ਐਂਟਰੀ ਟੈਕਸਾਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਜਰੂਰੀ ਹੈ। ਇਸ ਦੇ ਨਾਲ ਹੀ ਵੱਖ ਵੱਖ ਸਮਾਜ ਸੇਵੀਆਂ ਦੇ ਨਾਲ ਨਾਲ ਸਾਬਕਾ ਡੀ ਆਈ ਜੀ ਦਲਜੀਤ ਸਿੰਘ ਰਾਣਾ ਨੇ ਵੀ ਧਰਨੇ ਦਾ ਸਮਰਥਨ ਕਰਦੇ ਹੋਏ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਗੱਲਬਾਤ ਕਰਦੇ ਹੋਏ ਦਿਲਜੀਤ ਸਿੰਘ ਰਾਣਾ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਸਰਹੱਦੀ ਇਲਾਕੇ ਵਿੱਚ ਹੈ ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਵਿੱਚ ਹਨ। ਸਰਹੱਦੀ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਉਹ ਭਲੀ ਭਾਂਤੀ ਜਾਣਦੇ ਹਨ। ਗੌਰਵ ਰਾਣਾ ਨੇ ਦੱਸਿਆ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ ਵੱਖ ਟੈਕਸੀ ਯੂਨੀਅਨਾਂ, ਸਮਾਜ ਸੇਵੀਆਂ ਅਤੇ ਅਲੱਗ ਅਲੱਗ ਸੰਗਠਨਾਂ ਦੀਆਂ ਡਿਊਟੀਆਂ ਵੱਖ ਵੱਖ ਐਂਟਰੀ ਪੁਆਇੰਟਾਂ ਤੇ ਲਗਾ ਦਿੱਤੀਆਂ ਗਈਆਂ ਹਨ ਜੋ ਸਰਹੱਦੀ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਨਾਲ ਧਰਨੇ ਨੂੰ ਕਾਮਯਾਬ ਬਣਾਉਣਗੇ, ਉਨ੍ਹਾਂ ਕਿਹਾ ਕਿ ਸੰਘਰਸ਼ ਦਾ ਲਾਭ ਹਿਮਾਚਲ ਪ੍ਰਦੇਸ਼ ਦੇ ਟੈਕਸੀ ਅਤੇ ਪਿਕਅਪ ਚਾਲਕਾਂ ਨੂੰ ਮਿਲਿਆ ਹੈ। ਹਿਮਾਚਲ ਸਰਕਾਰ ਵੱਲੋਂ ਪੀਲੀ ਨੰਬਰ ਪਲੇਟ ਅਤੇ ਪਿਕ ਅਪ ਸਮੇਤ ਹਿਮਾਚਲ ਨੰਬਰ ਕਾਰਾਂ ਨੂੰ ਐਂਟਰੀ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਜਦੋਂ ਤੱਕ ਹਿਮਾਚਲ ਪ੍ਰਦੇਸ਼ ਐਂਟਰੀ ਟੈਕਸ ਬੰਦ ਨਹੀਂ ਕਰਦੀ ਉਦੋਂ ਤੱਕ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।