
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਰਿੰਡਾ ਦੇ ਪਿੰਡ ਮੁੰਡੀਆਂ-ਢੋਲਣਮਾਜਰਾ ਰੋਡ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਖੂਨੀ ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ।

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਦੇ ਪਿੰਡ ਮੁੰਡੀਆਂ-ਢੋਲਣਮਾਜਰਾ ਰੋਡ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਖੂਨੀ ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਾਸੀ ਸਰਹਾਣਾ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਵਿਚ ਪੁਸ਼ਵਿੰਦਰ ਸਿੰਘ ਵਾਸੀ ਸਰਹਾਣਾ ਅਤੇ ਕਿਰਨਦੀਪ ਸਿੰਘ ਵਾਸੀ ਬੜੀ ਹਵੇਲੀ ਸ਼ਾਮਲ ਹਨ, ਜੋ ਰੂਪਨਗਰ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ 30 ਅਗਸਤ ਨੂੰ ਪਿੰਡ ਮੜੌਲੀ ਕਲਾਂ ਦੇ ਛਿੰਝ ਮੇਲੇ ਦੌਰਾਨ ਉਨ੍ਹਾਂ ਦੀ ਮਨੀ ਵਾਸੀ ਚੱਕਲਾਂ ਅਤੇ ਉਸ ਦੇ ਸਾਥੀਆਂ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੱਥੋਪਾਈ ਹੋ ਗਈ ਸੀ। ਇਸ ਤੋਂ ਬਾਅਦ ਜਦੋਂ ਉਹ ਆਪਣੀ ਕਰੂਜ਼ ਗੱਡੀ ਰਾਹੀਂ ਮੋਰਿੰਡਾ ਵੱਲ ਜਾ ਰਹੇ ਸਨ ਤਾਂ ਢੋਲਣਮਾਜਰਾ ਰੋਡ ’ਤੇ ਆਈ-20, ਸਕਾਰਪੀਓ, ਸਵਿਫਟ ਅਤੇ ਵਰਨਾ ਗੱਡੀਆਂ ਵਿਚ ਆਏ 15-20 ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਘੇਰ ਲਿਆ। ਹਮਲਾਵਰਾਂ ਨੇ ਸਕਾਰਪੀਓ ਨਾਲ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ, ਜਿਸ ਨਾਲ ਪੁਸ਼ਵਿੰਦਰ ਦੀ ਲੱਤ ਟੁੱਟ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਅਜੇ ਕੁਮਾਰ ਅਤੇ ਕਿਰਨਦੀਪ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਲਜ਼ਾਮ ਹੈ ਕਿ ਮਿੰਦੀ ਡਾਕਟਰ, ਗਗਨ ਅਤੇ ਕਰਨ ਨੇ ਪਿਸਤੌਲਾਂ ਨਾਲ ਫਾਇਰਿੰਗ ਕੀਤੀ, ਜਿਸ ਵਿਚ ਅਜੇ ਕੁਮਾਰ ਨੂੰ ਗੋਲੀਆਂ ਲੱਗੀਆਂ, ਜਿਸ ਨੂੰ ਹਸਪਤਾਲ ਵਿਖੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੁਸ਼ਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨੀ, ਗਗਨ, ਮਿੰਦੀ ਡਾਕਟਰ, ਕਰਨ, ਹਰਿੰਦਰ ਸਿੰਘ ਅਤੇ ਨੱਟ ਸਮੇਤ 6 ਨਾਮਜ਼ਦ ਅਤੇ 14-15 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।