- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੀਰਤਪੁਰ ਸਾਹਿਬ-ਮੰਡੀ ਮੁੱਖ ਮਾਰਗ ’ਤੇ ਨੈਸ਼ਨਲ ਹਾਈਵੇ-205 ਉੱਤੇ ਪਿੰਡ ਬਰੂਵਾਲ ਨੇੜੇ ਸ਼ਾਮ ਕਰੀਬ ਪੰਜ ਵਜੇ ਤੇਜ਼ ਰਫ਼ਤਾਰ ਥਾਰ ਦੀ ਟੱਕਰ ਨਾਲ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਰ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ।

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ-ਮੰਡੀ ਮੁੱਖ ਮਾਰਗ ’ਤੇ ਨੈਸ਼ਨਲ ਹਾਈਵੇ-205 ਉੱਤੇ ਪਿੰਡ ਬਰੂਵਾਲ ਨੇੜੇ ਸ਼ਾਮ ਕਰੀਬ ਪੰਜ ਵਜੇ ਤੇਜ਼ ਰਫ਼ਤਾਰ ਥਾਰ ਦੀ ਟੱਕਰ ਨਾਲ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਥਾਰ ਚਾਲਕ ਗੱਡੀ ਸਮੇਤ ਫ਼ਰਾਰ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਬਲਬੀਰ ਸਿੰਘ (60) ਪੁੱਤਰ ਜੀਤ ਸਿੰਘ ਵਾਸੀ ਬਰੂਵਾਲ, ਥਾਣਾ ਸ੍ਰੀ ਕੀਰਤਪੁਰ ਸਾਹਿਬ, ਅਤੇ ਵਿਸ਼ਵ ਨਾਥ (32) ਪੁੱਤਰ ਨੰਦ ਲਾਲ ਵਾਸੀ ਪਿੰਡ ਪੱਲੀ, ਥਾਣਾ ਨਾਲਾਗੜ੍ਹ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਪਿੰਡ ਬਰੂਵਾਲ ਦੀ ਹੱਦ ਵਿੱਚ ਸੜਕ ਕਿਨਾਰੇ ਖੜ੍ਹੇ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਵੱਲੋਂ ਆ ਰਹੀ ਥਾਰ ਗੱਡੀ (ਨੰਬਰ ਐੱਚਪੀ 07 ਐੱਚ 7865) ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਅਨੁਸਾਰ ਗੱਡੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ।
ਹਾਦਸੇ ਦੀ ਸੂਚਨਾ ਮਿਲਣ ’ਤੇ ਸ੍ਰੀ ਕੀਰਤਪੁਰ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਜਤਾਉਂਦਿਆਂ ਮੰਗ ਕੀਤੀ ਕਿ ਜਦੋਂ ਤੱਕ ਥਾਰ ਅਤੇ ਉਸ ਦੇ ਚਾਲਕ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਹ ਲਾਸ਼ਾਂ ਨਹੀਂ ਚੁੱਕਣ ਦੇਣਗੇ। ਪੁਲਿਸ ਵੱਲੋਂ ਚਾਲਕ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦੇਣ ’ਤੇ ਪਰਿਵਾਰਕ ਮੈਂਬਰ ਲਾਸ਼ਾਂ ਚੁਕਵਾਉਣ ਲਈ ਰਾਜ਼ੀ ਹੋ ਗਏ।
ਥਾਣਾ ਮੁਖੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਥਾਰ ਅਤੇ ਉਸ ਦੇ ਚਾਲਕ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।