ਸਫਾਈ ਕਰਮਚਾਰੀਆਂ ਦੀ ਹੜਤਾਲ ਹੜਤਾਲ ਨੇ ਸਫਾਈ ਵਿਵਸਥਾ ਪੂਰੀ ਤਰ੍ਹਾਂ ਵਿਗਾੜੀ, ਥਾਂ ਥਾਂ ਲੱਗੇ ਕੂੜੇ ਦੇ ਢੇਰ ਸਫਾਈ ਕਰਮਚਾਰੀਆਂ ਦੀ ਹੜਤਾਲ ਹੜਤਾਲ ਨੇ ਸਫਾਈ ਵਿਵਸਥਾ ਪੂਰੀ ਤਰ੍ਹਾਂ ਵਿਗਾੜੀ, ਥਾਂ ਥਾਂ ਲੱਗੇ ਕੂੜੇ ਦੇ ਢੇਰ
Publish Date: Sun, 02 Aug 2026 05:36 PM (IST)
Updated Date: Mon, 03 Aug 2026 04:05 AM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਜ਼ਿਲ੍ਹੇ ਵਿਚ ਪਿਛਲੇ 25 ਦਿਨਾਂ ਤੋਂ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਨੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਇਸ ਹੜ੍ਹਤਾਲ ਦੇ ਕਾਰਨ ਸ਼ਹਿਰ ਦੀਆਂ ਲੱਗਭੱਗ ਸਾਰੀਆਂ ਸੜਕਾਂ, ਗਲੀਆਂ ਅਤੇ ਬਾਜ਼ਾਰਾਂ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ। ਇਸ ਦੇ ਕਾਰਨ ਸ਼ਹਿਰ ਵਾਸੀਆਂ ਦੇ ਨਾਲ ਰੂਪਨਗਰ ਦੇ ਆਸਪਾਸ ਦੇ ਪਿੰਡਾਂ ਤੋਂ ਰੂਪਨਗਰ ਬਜ਼ਾਰ ਵਿਚ ਖਰੀਦਦਾਰੀ ਕਰਨ ਆਉਣ ਵਾਲੇ ਗ੍ਰਾਹਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਦੁਕਾਨਾਂ ਦੇ ਆਸਪਾਸ ਗੰਦਗੀ ਦੇ ਢੇਰਾਂ ਨੂੰ ਦੁਕਾਨਦਾਰਾਂ ਨੂੰ ਖੁਦ ਹੀ ਹਟਾਉਣਾ ਪੈ ਰਿਹਾ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਦੀਆਂ ਦੁਕਾਨਾਂ ਦੇ ਆਸਪਾਸ ਕੂੜਾ ਬਿਖਰਿਆ ਰਹਿੰਦਾ ਹੈ। ਇਸ ਦੇ ਕਾਰਨ ਉਨ੍ਹਾਂ ਦੇ ਵਪਾਰ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਦੇ ਇਲਾਵਾ ਬੀਤੇ ਦਿਨ ਹੋਈ ਭਾਰੀ ਬਾਰਿਸ਼ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਇਸ ਬਾਰਿਸ਼ ਕਾਰਨ ਗਿੱਲੇ ਹੋਏ ਕੂੜੇ ਤੋਂ ਨਿਕਲਣ ਵਾਲੀ ਬਦਬੂ ਤੇ ਸੀਵਰੇਜ ਲੀਕ ਹੋਣ ਕਾਰਨ ਸ਼ਹਿਰ ਵਾਸੀਆਂ ਦੀਆਂ ਪਰੇਸ਼ਾਨੀਆਂ ਹੋਰ ਵੱਧ ਗਈਆਂ ਹਨ। ਇਸ ਦੇ ਕਾਰਨ ਮੱਖੀਆਂ-ਮੱਛਰਾਂ ਵੀ ਭਰਮਾਰ ਹੋ ਗਈ ਹੈ ਅਤੇ ਇਨ੍ਹਾਂ ਸ਼ਹਿਰਵਾਸੀਆਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ ਕਿਉਂਕਿ ਇਹ ਕਿਸੇ ਵੀ ਸਮੇਂ ਵੱਡੀ ਮਹਾਂਮਾਰੀ ਦਾ ਕਾਰਨ ਬਣ ਸਕਦੇ ਹਨ। ਇਹੀ ਨਹੀਂ, ਕਈ ਇਲਾਕਿਆਂ ਵਿਚ ਕੂੜਾ ਬਰਸਾਤੀ ਪਾਣੀ ਦੇ ਨਾਲ ਸੜਕਾਂ ’ਤੇ ਬਿਖਰ ਗਿਆ ਹੈ, ਜਿਸ ਵਿਚ ਜ਼ਿਆਦਾ ਮਾਤਾਰ ਪਲਾਸਟਿਕ ਲਿਫਾਫਿਆਂ ਦੀ ਹੈ ਜੋ ਕਦੇ ਵੀ ਦੋਪਹੀਆ ਵਾਹਨ ਚਾਲਕਾਂ ਲਈ ਖਤਰਾ ਬਣ ਸਕਦੇ ਹਨ ਤੇ ਉਹ ਫਿਸਲ ਕੇ ਹਾਦਸਿਆਂ ਦਾ ਸ਼ਿਕਾਰ ਹੋ ਸਕਦੇ ਹਨ। ਇਸ ਦੌਰਾਨ ਸਾਵਣ ਮਹੀਨੇ ਦੇ ਕਾਰਨ ਸ਼ਹਿਰ ਦੇ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਵਿਖੇ ਸ਼ਰਧਾਲੂਆਂ ਦੀ ਭੀੜ ਹੈ ਪ੍ਰੰਤੂ ਸੜਕਾਂ ਤੇ ਫੈਲੇ ਕੂੜੇ ਕੇ ਬਦਬੂ ਦੇ ਕਾਰਨ ਉਨ੍ਹਾਂ ਦੀ ਆਸਥਾ ਨੂੰ ਵੀ ਭਾਰੀ ਠੇਸ ਪਹੁੰਚ ਰਹੀ ਹੈ। ਇਸ ਦੇ ਇਲਾਵਾ ਸੜਕਾਂ ਉੱਤੇ ਫੈਲੇ ਕੂੜੇ ਤੇ ਗੰਦਗੀ ਨੇ ਸਾਵਣ ਮਹੀਨੇ ਦੌਰਾਨ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਸਾਮਲ ਹੋਣ ਵਾਲੀ ਸੰਗਤ ਦੀਆਂ ਪਰੇਸ਼ਾਨੀਆਂ ਤੇ ਸਮੱਸਿਆਵਾਂ ਨੂੰ ਵੀ ਹੋਰ ਵਧਾ ਦਿੱਤਾ ਹੈ। ਰੂਪਨਗਰ ਸ਼ਹਿਰ ਵਿਚ ਸਫਾਈ ਕਰਮਚਾਰੀਆਂ ਦੀ ਹੜ੍ਹਤਾਲ ਦੇ ਕਾਰਨ ਡੰਪਿੰਗ ਪੁਆਇੰਟਾਂ ਦੀ ਗਿਣਤੀ ਮੌਜੂਦਾ 8 ਤੋਂ ਵਧ ਕੇ 30 ਤੋਂ ਵੱਧ ਹੋ ਗਈ ਹੈ, ਜਿੱਥੇ ਕੂੜੇ ਦੇ ਅੰਬਾਰ ਲੱਗ ਗਏ ਹਨ। ਇਹੀ ਨਹੀਂ ਕਈ ਥਾਵਾਂ ’ਤੇ ਤਾਂ ਕੂੜੇ ਦੇ ਢੇਰ ਲੱਗਭੱਗ 100 ਮੀਟਰ ਤੱਕ ਫੈਲੇ ਹੋਏ ਹਨ ਜੋ ਸੜਕਾਂ ਦੇ ਅੱਧ ਵਿਚਕਾਰ ਪਹੁੰਚ ਗਏ ਹਨ। ਇਸ ਦੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸਹਿਰ ਦੇ ਕਾਲਜ ਰੋਡ ’ਤੇ ਹਵੇਲੀ ਮੋੜ ’ਤੇ ਸਰਕਾਰੀ ਕਾਲਜ ਦੀ ਦੀਵਾਰ ਦੇ ਨਾਲ, ਸਾਬਕਾ ਸਪੀਕਰ ਰਾਣਾ ਕੇਪੀ ਦੀ ਰਿਹਾਇਸ਼ ਨੇੜੇ, ਡੀਏਵੀ ਸਕੂਲ ਰੋਡ, ਏਡੀਸੀ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ਅਤੇ ਸਿਵਲ ਹਸਪਤਾਲ ਰੋਡ, ਪੀਡਬਲਿਊਡੀ ਕਲੌਨੀ ਦੀ ਦੀਵਾਰ ਦੇ ਨਾਲ, ਬੇਲਾ ਚੌਂਕ ਦੇ ਆਸਪਾਸ, ਹਸਪਤਾਲ ਰੋਡ ਆਦਿ ਸਮੇਤ ਕੂੜੇ ਦੇ ਢੇਰ ਲੱਗ ਗਏ ਹਨ। ਸ਼ਹਿਰ ਵਿਚ ਸਥਿਤਿ ਇੰਨੀ ਭਿਆਨਕ ਹੋ ਗਈ ਹੈ ਜਿਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਹਿਰਵਾਸੀਆਂ ਨੂੰ ਕੂੜਾ ਸੁੱਟਣ ਲਈ ਥਾਂ ਨਹੀਂ ਮਿਲ ਰਹੀ, ਇਸ ਦੇ ਕਾਰਨ ਸ਼ਹਿਰ ਦਾ ਲੱਗਭੱਗ ਹਰ ਮੋੜ ਹੀ ਕੂੜਾ ਡੰਪ ਬਣ ਗਿਆ ਜਾਪਦਾ ਹੈ। ਇਸ ਕੂੜੇ ਤੋਂ ਉੱਠਦੀ ਬਦਬੂ ਦੇ ਕਾਰਨ ਕਈ ਮੁਹੱਲਿਆਂ ਦੇ ਨਿਵਾਸੀਆਂ ਨੂੰ ਆਪਣੇ ਘਰਾਂ ਵਿਚ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇਸ ਸਬੰਧੀ ਸਿਹਤ ਮਾਹਰਾਂ ਨੇ ਕਿਹਾ ਕਿ ਜੇਕਰ ਜਲਦੀ ਹੀ ਹੜ੍ਹਤਾਲ ਨਹੀਂ ਖੁੱਲਦੀ ਅਤੇ ਇਸੇ ਤਰ੍ਹਾਂ ਲਗਾਤਾਰ ਬਰਸਾਤ ਹੰਦੀ ਰਹਿੰਦੀ ਹੈ ਤਾਂ ਕਿਸੇ ਵੀ ਸਮੇਂ ਕੋਈ ਬੀਮਾਰੀ ਮਹਾਂਮਾਰੀ ਦਾ ਰੂਪ ਧਾਰ ਸਕਦੀ ਹੈ। ਇਸ ਨਾਲ ਹੀ ਮੱਛਰਾਂ-ਮੱਖੀਆਂ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਵਧਣ ਦਾ ਖਤਰਾ ਵੀ ਕਈ ਗੁਣਾ ਵੱਧ ਗਿਆ ਹੈ। ਕੂੜੇ ਦੇ ਢੇਰਾਂ ਦੇ ਆਸਪਾਸ ਆਵਾਰਾ ਪਸ਼ੂਆਂ ਦੀ ਭਰਮਾਰ ਸ਼ਹਿਰ ’ਚ ਥਾਂ-ਥਾਂ ’ਤੇ ਲੱਗੇ ਕੂੜੇ ਦੇ ਢੇਰਾਂ ‘ਤੇ ਬੇਸਹਾਰਾ ਪਸ਼ੂ ਵੀ ਖਾਣ ਦੀ ਤਲਾਸ਼ ਵਿਚ ਮੂੰਹ ਮਾਰਦੇ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਦੇ ਕਾਰਨ ਕੂੜਾ ਸੜਕਾਂ ’ਤੇ ਤਾਂ ਫੈਲ ਹੀ ਰਿਹਾ ਹੈ, ਜਦਕਿ ਇਨ੍ਹਾਂ ਦੇ ਕਾਰਨ ਸੜਕੀ ਹਾਦਸਸਿਆਂ ਦਾ ਖਤਰਾ ਵੀ ਕਈ ਗੁਣਾ ਵੱਧ ਗਿਆ ਹੈ, ਜੋ ਕਿਸੇ ਵੀ ਸਮੇਂ ਜਾਨਲੇਵਾ ਸਿੱਧ ਹੋ ਸਕਦਾ ਹੈ।