ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤੱਕ ਲਿਜਾਣ ਲਈ ਲੰਘਣਾ ਪੈ ਰਿਹਾ ਗੰਦੇ ਪਾਣੀ ’ਚੋਂ ਮੋਰਿੰਡਾਂ ਵਿਚ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਤੱਕ ਲਿਜਾਣ ਲਈ ਲੰਘਣਾ ਪੈ ਰਿਹਾ ਹੈ ਗੰਦੇ ਪਾਣੀ ਵਿਚੋਂ
Publish Date: Sun, 02 Aug 2026 05:06 PM (IST)
Updated Date: Mon, 03 Aug 2026 04:05 AM (IST)
ਇਨਸਾਨ ਦਾ ਆਖਰੀ ਰਸਤੇ ਜਾਣ ’ਚ ਵੀ ਹੁਣ ਅੜਿੱਕਾ ਬਣਿਆ ਸੀਵਰੇਜ ਓਵਰਫਲੋਅ ਦਾ ਗੰਦਾ ਪਾਣੀ ਅਮਰਜੀਤ ਧੀਮਾਨ, ਪੰਜਾਬੀ ਜਾਰਗਣ, ਮੋਰਿੰਡਾ : ਮੋਰਿੰਡਾ ਸ਼ਹਿਰ ਦੇ ਸਮੂਹ ਮ੍ਰਿਤਕ ਪ੍ਰਾਣੀਆਂ ਦੀ ਅੰਤਿਮ ਯਾਤਰਾ ਲਈ ਵਰਤੇ ਜਾਂਦੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਪਿਛਲੇ ਲੰਮੇ ਸਮੇਂ ਤੋਂ ਅਤੀ ਤਰਸਯੋਗ ਬਣੀ ਹੋਈ ਹੈ। ਸੜਕ ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਲਗਾਤਾਰ ਖੜ੍ਹਾ ਰਹਿਣ ਕਾਰਨ ਮਨੁੱਤਾ ਅਤੇ ਇਨਸਾਨੀ ਕਦਰਾਂ-ਕੀਮਤਾਂ ਸ਼ਰਮਸਾਰ ਹੋ ਰਹੀਆਂ ਹਨ। ਦੁੱਖ ਦੀ ਘੜੀ ਵਿਚ ਮ੍ਰਿਤਕ ਦੇਹ ਨੂੰ ਕੰਧਿਆਂ ਤੇ ਚੁੱਕ ਕੇ ਲੈ ਕੇ ਜਾਣ ਵਾਲੇ ਪਰਿਵਾਰਕ ਮੈਂਬਰਾਂ, ਔਰਤਾਂ ਤੇ ਸਬੰਧੀਆਂ ਨੂੰ ਆਪਣੇ ਹੰਝੂ ਪੂੰਝਦਿਆਂ ਇਸੇ ਗੰਦੇ ਪਾਣੀ ਵਿੱਚੋਂ ਪੈਦਲ ਲੰਘ ਕੇ ਸ਼ਮਸ਼ਾਨ ਘਾਟ ਪਹੁੰਚਣਾ ਪੈ ਰਿਹਾ ਹੈ। ਇਕ ਪਾਸੇ ਪਰਿਵਾਰ ਆਪਣੇ ਵਿਛੜੇ ਜੀਅ ਦੇ ਦੁੱਖ ਵਿਚ ਹੁੰਦਾ ਹੈ, ਉੱਥੇ ਹੀ ਪ੍ਰਸ਼ਾਸਨਿਕ ਅਣਦੇਖੀ ਕਾਰਨ ਉਨ੍ਹਾਂ ਦੀ ਪਰੇਸ਼ਾਨੀ ਹੋਰ ਵਧ ਜਾਂਦੀ ਹੈ। ਜਦ ਕਿ ਮੋਢਿਆਂ ਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਲਿਜਾਣ ਵਾਲੇ ਲੋਕਾਂ ਲਈ ਸੜਕ ਤੇ ਭਰੇ ਗੰਦੇ ਪਾਣੀ ਵਿੱਚ ਟੋਏ ਠੱਡੇ ਰੋੜੇ ਆਦਿ ਦਿਖਾਈ ਨਾ ਦੇਣ ਕਾਰਨ ਕਿਸੇ ਸਮੇਂ ਵੀ ਡਿੱਗਣ ਨਾਲ ਮ੍ਰਿਤਕ ਦੇਹ ਦਾ ਅਪਮਾਨ ਹੋਣ ਦਾ ਖਤਰਾ ਅਲੱਗ ਤੋਂ ਬਣਿਆ ਰਹਿੰਦਾ ਹੈ। ਇਸ ਗੰਭੀਰ ਸਮੱਸਿਆ ਸਬੰਧੀ ਜਾਣਕਾਰੀ ਦਿੰਦਿਆਂ ਐਨਆਰਆਈ ਅਤੇ ਸੀਨੀਅਰ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ, ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਚੱਕਲ, ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਤਾਜਪੁਰਾ, ਸਰਪੰਚ ਦਵਿੰਦਰ ਸਿੰਘ ਮਝੈਲ, ਭਾਜਪਾ ਆਗੂ ਜਤਿੰਦਰ ਗੁੰਬਰ, ਕੈਮਿਸਟ ਅਸੋਸੀਏਸ਼ਨ ਦੇ ਪ੍ਰਧਾਨ ਹਰਸ਼ ਕੋਹਲੀ, ਅਮਨ ਸਖੋਮਾਜਰਾ, ਯੂਥ ਆਗੂ ਰੋਹਿਤ ਗੁਪਤਾ, ਯੂਥ ਆਗੂ ਲੱਖੀ ਸ਼ਾਹ, ਮਜੀਦ ਖਾਨ, ਮੋਨੂ ਖਾਨ, ਡੇਅਰੀ ਅਤੇ ਦੋਧੀ ਯੂਨੀਅਨ ਦੇ ਸੀਨੀਅਰ ਆਗੂ ਤੇਜਿੰਦਰ ਕੁਮਾਰ ਬਿੱਟੂ, ਸਮੇਤ ਹੋਰਨਾਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਨੂੰ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਦੇਣ ਅਤੇ ਅਖ਼ਬਾਰਾਂ ਵਿਚ ਖ਼ਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਕੋਈ ਪੁਖ਼ਤਾ ਹੱਲ ਨਹੀਂ ਕੀਤਾ ਗਿਆ। ਉਧਰ ਸਰਕਾਰੀ ਹਸਪਤਾਲ ਦੇ ਬਾਹਰ ਵੀ ਛੋਟੇ ਐਂਟਰੀ ਗੇਟ ਦੇ ਨਾਲ ਸੜਕ ਤੇ ਬਰਸਾਤੀ ਤੇ ਗੰਦਾ ਪਾਣੀ ਜਮਾਂ ਰਹਿੰਦਾ ਹੈ। ਜਿਸ ਨਾਲ ਮਰੀਜ਼ਾਂ ਤੇ ਆਮ ਰਾਹਗੀਰਾਂ ਨੂੰ ਪਹਿਲਾਂ ਹਸਪਤਾਲ ਅੱਗੇ ਖੜ੍ਹੇ ਪਾਣੀ ਤੇ ਫਿਰ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਬਣਦੇ ਪ੍ਰਬੰਧਾਂ ਲਈ ਕਾਰਵਾਈ ਦੀ ਮੰਗ ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਤੋਂ ਗੁਹਾਰ ਲਗਾਈ ਹੈ ਕਿ ਲੋਕ ਜਿਊਂਦੇ ਜੀਅ ਤਾਂ ਸਮੱਸਿਆਵਾਂ ਨਾਲ ਜੂਝਦੇ ਹੀ ਹਨ, ਘੱਟੋ-ਘੱਟ ਮੌਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਵਾਲੇ ਆਖ਼ਰੀ ਰਸਤੇ ਨੂੰ ਤਾਂ ਲੰਘਣ ਯੋਗ ਬਣਾਇਆ ਜਾਵੇ। ਸ਼ਹਿਰ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਜਲਦ ਸਥਾਈ ਹੱਲ ਨਾ ਹੋਇਆ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਰੂਪ ਨਗਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਗੇ। ਜਿਸ ਦੀ ਪੂਰੀ ਜਿੰਮੇਵਾਰੀ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੀ ਹੋਵੇਗੀ। ਕੀ ਕਹਿੰਦੇ ਹਨ ਸ਼ਿਵ ਲੋਕਪੁਰੀ ਦੇ ਪੰਡਤ ਸ਼ਮਸ਼ਾਨ ਘਾਟ (ਸ਼ਿਵ ਲੋਕਪੁਰੀ) ਵਿਖੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਪੰਡਿਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸੜਕ ਗੰਦੇ ਪਾਣੀ ਨਾਲ ਭਰੀ ਰਹਿੰਦੀ ਹੈ। ਇੱਥੇ ਹਰ ਮਹੀਨੇ ਲਗਭਗ 20 ਤੋਂ 25 ਮ੍ਰਿਤਕ ਦੇਹਾਂ ਦਾ ਸੰਸਕਾਰ ਹੁੰਦਾ ਹੈ ਅਤੇ ਸਭ ਨੂੰ ਇਸੇ ਨਰਕ ਭਰੇ ਰਸਤੇ ਤੋਂ ਲੰਘਣਾ ਪੈਂਦਾ ਹੈ। ਕੀ ਕਹਿੰਦੇ ਹਨ ਅਧਿਕਾਰੀ ਜਦੋਂ ਇਸ ਸਬੰਧੀ ਸੀਵਰੇਜ ਬੋਰਡ ਦੇ ਐਸਡੀਓ ਦੀਪਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਾਲ ਲੱਗਦੀ ਕਲੋਨੀ ਵਿਚ ਸੀਵਰੇਜ ਚੋਕ ਹੋਣ ਕਾਰਨ ਇਹ ਸਮੱਸਿਆ ਆਈ ਹੈ। ਹੁਣ ਮੇਨਹੋਲ ਦੀ ਸਫ਼ਾਈ ਲਈ ਸਕਸ਼ਨ ਮਸ਼ੀਨ ਮੰਗਵਾਈ ਗਈ ਹੈ ਅਤੇ ਜਲਦ ਹੀ ਇਸ ਸਮੱਸਿਆ ਦਾ ਸਥਾਈ ਹੱਲ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਹਰ ਵਾਰ ਸਮੱਸਿਆ ਦਾ ਹੱਲ ਕਰਨ ਦੇ ਕੀਤੇ ਜਾਂਦੇ ਵਾਅਦੇ ਅਤੇ ਦਾਅਵੇ ਆਖਿਰ ਕਦੋਂ ਸੱਚ ਹੋਣਗੇ।