ਮੋਟਰਾਂ ’ਤੇ ਚੋਰੀ ਕਰਨ ਵਾਲੇ ਸਾਮਾਨ ਸਮੇਤ ਦੋ ਜਣੇ ਕਾਬੂ ਲੋਕਾਂ ਨੇ ਮੋਟਰਾਂ 'ਤੇ ਚੋਰੀ ਕਰਨ ਵਾਲੇ ਚੋਰੀ ਦੇ ਸਾਮਾਨ ਸਮੇਤ ਫੜਕੇ ਦੋ ਕੀਤੇ ਪੁਲਿਸ ਹਵਾਲੇ
Publish Date: Sun, 02 Aug 2026 04:28 PM (IST)
Updated Date: Mon, 03 Aug 2026 04:04 AM (IST)
ਮਾਮਲਾ ਦਰਜ ਕਰਨ ਉਪਰੰਤ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ : ਐੱਸਐੱਚਓ ਅਮਰਜੀਤ ਧੀਮਾਨ, ਪੰਜਾਬੀ ਜਾਰਗਣ, ਮੋਰਿੰਡਾ : ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦਿਨੋ-ਦਿਨ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਪੰਚਾਇਤ ਮੈਂਬਰਾਂ ਅਤੇ ਸਥਾਨਕ ਲੋਕਾਂ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪਿੰਡ ਚਤਾਮਲਾ ਦੀ ਇਕ ਮੋਟਰ ਤੋਂ ਚੋਰੀ ਕਰ ਰਹੇ ਦੋ ਚੋਰਾਂ ਨੂੰ ਮੋਟਰਸਾਈਕਲ, ਲੋਹਾ ਤੇ ਹੋਰ ਸਮਾਨ ਸਮੇਤ ਰੰਗੇ ਹੱਥੀਂ ਕਾਬੂ ਕਰ ਕੇ ਮੋਰਿੰਡਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰਡ ਚਤਾਮਲਾ ਦੀ ਸਰਪੰਚ ਸੁਰਿੰਦਰ ਕੌਰ ਦੇ ਪੁੱਤਰ ਸੁਖਜੀਤ ਸਿੰਘ ਉਰਫ ਸੁੱਖਾ, ਪਿੰਡ ਢੰਗਰਾਲੀ ਦੇ ਸਰਪੰਚ ਰਣਦੀਪ ਸਿੰਘ ਦੀਪੂ ਅਤੇ ਹਰਜਿੰਦਰ ਸਿੰਘ ਖੈਰਪੁਰ, ਜਗਤਾਰ ਸਿੰਘ ਖੱਟੜਾ, ਗਗਨਜੋਤ ਸਿੰਘ ਖੈਰਪੁਰ, ਰਣਜੋਧ ਸਿੰਘ ਖੈਰਪੁਰ ਤੇ ਅਵਤਾਰ ਸਿੰਘ ਖੈਰਪੁਰ ਸਮੇਤ ਇਨ੍ਹਾਂ ਪਿੰਡਾਂ ਦੇ ਪੰਚਾਇਤ ਮੈਂਬਰਾਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਖੇਤਾਂ ਵਿਚ ਬਣੇ ਫਾਰਮ ਹਾਊਸ ਤੇ ਮੋਟਰਾਂ ਤੋਂ ਸਰੀਆ, ਤਾਰਾਂ ਤੇ ਕੇਬਲਾਂ ਚੋਰੀ ਹੋਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਇਲਾਕੇ ਦੇ ਕਿਸਾਨ ਸੁਚੇਤ ਸਨ। ਪਿੰਡ ਚਤਾਮਲਾ ਦੇ ਸੁਖਜੀਤ ਸਿੰਘ ਉਰਫ ਸੁੱਖਾ ਨੇ ਦੱਸਿਆ ਕਿ ਉਹ ਆਪਣੀ ਮੋਟਰ ਤੇ ਕੰਮ ਕਰ ਰਹੇ ਸਨ, ਜਦਕਿ ਚੋਰ ਉਨਾਂ ਦੀ ਮੋਟਰ ਦੇ ਸਾਹਮਣੇ ਸਥਿਤ ਫਾਰਮ ਹਾਊਸ ਤੋਂ ਸਰੀਆ ਤੇ ਤਾਰਾਂ ਆਦਿ ਚੋਰੀ ਕਰਦੇ ਸਮੇਂ ਉਨਾਂ ਅਤੇ ਮੋਟਰ ਤੇ ਮੌਜੂਦ ਹੋਰ ਲੋਕਾਂ ਦੀ ਨਜ਼ਰ ਪੈ ਗਏ। ਉਨਾ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਆਲੇ ਦੁਆਲੇ ਦੇ ਹੋਰ ਲੋਕ ਵੀ ਇਕੱਤਰ ਹੋ ਗਏ। ਜਦੋਂ ਇਹ ਚੋਰ ਇੱਕ ਮੋਟਰਸਾਈਕਲ ਨੰਬਰ ਪੀਬੀ 23 ਐਨ 2665 ‘ਤੇ ਭੱਜਣ ਲੱਗੇ ਤਾਂ ਪੰਚਾਇਤ ਮੈਂਬਰਾਂ ਅਤੇ ਲੋਕਾਂ ਨੇ ਘੇਰਾਬੰਦੀ ਕਰਕੇ ਇਨ੍ਹਾਂ ਨੂੰ ਫੜ ਕੇ ਮੋਟਰਸਾਈਕਲ ਤੇ ਹੋਰ ਸਮਾਨ ਸਮੇਤ ਮੋਰਿੰਡਾ ਸਦਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਿੰਡਾਂ ਦੇ ਉਕਤ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰਾਂ ਕੋਲੋਂ ਮੌਕੇ ਤੇ ਕੀਤੀ ਗਈ ਪੁੱਛਗਿੱਛ ਦੌਰਾਨ ਇੱਕ ਚੋਰ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਦੀਪੂ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਖਾਬੜਾਂ (ਜ਼ਿਲ੍ਹਾ ਰੂਪਨਗਰ) ਅਤੇ ਦੂਜੇ ਨੇ ਆਪਣਾ ਨਾਮ ਹਰਜੀਤ ਸਿੰਘ ਜੋਸ਼ੀ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਖੁੰਦਰਾ ਨੇੜੇ ਗੜ੍ਹਦੀਵਾਲਾ (ਜ਼ਿਲ੍ਹਾ ਹੁਸ਼ਿਆਰਪੁਰ) ਦੱਸਿਆ ਹੈ। ਲੋਕਾਂ ਨੇ ਦੱਸਿਆ ਕਿ ਉਕਤ ਦੋਵਾਂ ਨੇ ਕਬੂਲਿਆ ਕਿ ਉਹ ਚਿੱਟੇ ਦੇ ਆਦੀ ਹਨ। ਆਪਣੇ ਨਸ਼ੇ ਦੀ ਪੂਰਤੀ ਲਈ ਹੀ ਉਹ ਵੱਖ-ਵੱਖ ਥਾਵਾਂ ਤੇ ਚੋਰੀਆਂ ਕਰਦੇ ਹਨ। ਇਸ ਸਬੰਧੀ ਐਸਐਚਓ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੋਰਿੰਡਾ ਸਦਰ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਚੋਰਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਵੱਲੋਂ ਚੋਰੀ ਦਾ ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਕਰਨ ਉਪਰੰਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।