1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਕੀਤਾ ਜ਼ੋਨਲ ਪੱਧਰੀ ਰੋਸ ਪ੍ਰਦਰਸ਼ਨ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੇ ਕੀਤਾ ਜ਼ੋਨਲ ਪੱਧਰੀ ਰੋਸ ਪ੍ਰਦਰਸ਼ਨ
Publish Date: Sat, 01 Aug 2026 04:36 PM (IST)
Updated Date: Sun, 02 Aug 2026 04:01 AM (IST)
4 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਵਿਧਾਨ ਸਭਾ ਵੱਲ ਕਰਨਗੇ ਰੋਸ ਮਾਰਚ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੀ ਰੂਪਨਗਰ ਇਕਾਈ ਨੇ ਅੱਜ ਸਰਕਾਰੀ ਕਾਲਜ ਰੂਪਨਗਰ ਦੇ ਗੇਟ ’ਤੇ ਪ੍ਰਦਰਸ਼ਨ ਕਰਦਿਆਂ ਪ੍ਰੈੱਸ ਬਿਆਨ ਜਾਰੀ ਕੀਤਾ ਕਿ ਉਹ ਆਪਣਾ ਰੁਜ਼ਗਾਰ ਅਤੇ ਪੰਜਾਬ ਦੇ ਸਰਕਾਰੀ ਕਾਲਜ, ਉਚੇਰੀ ਸਿੱਖਿਆ ਨੂੰ ਬਚਾਉਣ ਹਿੱਤ ਪੰਜਾਬ ਵਿਧਾਨ ਸਭਾ ਦੇ ਇਸ ਮਾਨਸੂਨ ਸੈਸ਼ਨ ਦੌਰਾਨ ਵਿਸ਼ੇਸ਼ ਐਕਟ ਬਣਾਉਣ ਦੀ ਗੁਹਾਰ ਲਗਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋ.ਸੁਰਿੰਦਰ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਭਾਂਵੇ ਸਰਕਾਰੀ ਪ੍ਰਸਾਸ਼ਕੀ ਨਲਾਇਕੀ ਕਰਕੇ 1158 ਭਰਤੀ ਰੱਦ ਕਰ ਦਿੱਤੀ ਹੈ ਪ੍ਰੰਤੂ ਪੰਜਾਬ ਸਰਕਾਰ ਵਿਧਾਨ ਸਭਾ ਵਿਚ ਵਿਸ਼ੇਸ਼ ਐਕਟ ਬਣਾ ਕੇ ਭਰਤੀ ਬਹਾਲ ਕਰ ਸਕਦੀ ਹੈ। ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਨ੍ਹਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਉਹ ਭਰਤੀ ਨੂੰ ਐਕਟ ਬਣਾ ਕੇ ਬਹਾਲ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ 1999 ਵਿਚ ਅਧਿਆਪਕਾਂ ਅਤੇ 2001 ਵਿਚ ਹੈੱਲਥ ਵਰਕਰਾਂ ਦੀ ਭਰਤੀ ਨੂੰ ਅਦਾਲਤ ਵਿੱਚੋਂ ਰੱਦ ਹੋਣ ਤੋਂ ਬਾਅਦ ਐਕਟ ਬਣਾ ਕੇ ਸੁਰੱਖਿਅਤ ਕਰ ਚੁੱਕੀ ਹੈ। ਇਸ ਸਬੰਧੀ ਫਰੰਟ ਵੱਲੋਂ ਸਿੱਖਿਆ ਮੰਤਰੀ ਦੀ ਹਦਾਇਤ ਮੁਤਾਬਕ ਰਾਜ ਦੇ ਨਾਮੀ ਵਕੀਲ ਵੱਲੋਂ ਐਕਟ ਦਾ ਖਰੜਾ ਬਣਵਾ ਕੇ ਪੰਜਾਬ ਸਰਕਾਰ ਨੂੰ ਸੌਂਪਿਆ ਵੀ ਜਾ ਚੁੱਕਾ ਹੈ ਪ੍ਰੰਤੂ ਸਰਕਾਰ ਦੇ ਏਜੰਡੇ ਵਿੱਚੋਂ ਉਚੇਰੀ ਸਿੱਖਿਆ ਦਾ ਫ਼ਿਕਰ ਗਾਇਬ ਹੋਣ ਕਰਕੇ ਸਰਕਾਰ ਵਿਧਾਨ ਸਭਾ ਵਿਚ ਇਸ ਮਸਲੇ ’ਤੇ ਕੋਈ ਚਰਚਾ ਨਹੀਂ ਕਰ ਰਹੀ, ਸਗੋਂ ਪ੍ਰਸ਼ਾਸਨਿਕ-ਵਿਭਾਗੀ ਤੌਰ ’ਤੇ 1158 ਉਮੀਦਵਾਰਾਂ ਦੀਆਂ ਹੱਕੀ ਛੁੱਟੀਆਂ ਬੰਦ ਕਰਕੇ ਮਨੋਬਲ ਤੋੜਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਲੱਗਭੱਗ ਅੱਧੇ ਦਹਾਕੇ ਤੋਂ ਕੇਵਲ ਬੇਸਿਕ ਤਨਖ਼ਾਹ ਉੱਪਰ ਸੇਵਾਵਾਂ ਨਿਭਾਅ ਰਹੇ ਹਨ। ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਲਈ ਨਜ਼ਦੀਕੀ ਸਟੇਸ਼ਨਾਂ ’ਤੇ ਬਦਲੀ ਲਈ ਉਚੇਰੀ ਸਿੱਖਿਆ ਵਿਭਾਗ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਕਾਲਜਾਂ ਵਿਚ ਕੁਝ ਪ੍ਰਿੰਸੀਪਲਾਂ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਇਨ੍ਹਾਂ ਉੱਚ ਸਿੱਖਿਅਤ ਉਮੀਦਵਾਰਾਂ ਨਾਲ ਵਿਤਕਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ 4 ਅਗਸਤ ਨੂੰ ਸਮੂਹ 1158 ਫਰੰਟ ਦੇ ਉਮੀਦਵਾਰ ਭਰਾਤਰੀ ਜੱਥੇਬੰਦੀਆਂ ਸਮੇਤ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਦੀ ਲਾਮਬੰਦੀ ਲਈ ਅੱਜ ਪੰਜਾਬ ਭਰ ਵਿਚ ਜ਼ੋਨਲ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਇਸ ਮੌਕੇ ਪ੍ਰੋਫ਼ੈਸਰ ਨੇਹਾ ਸੇਤੀਆ ਨੇ ਦੱਸਿਆ ਕਿ 1158 ਭਰਤੀ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦਾ ਰੁਜ਼ਗਾਰ ਸੁਰੱਖਿਅਤ ਕਰਨਾ ਸਿਰਫ਼ ਮੁਲਾਜ਼ਮਾਂ ਦਾ ਹੀ ਨਹੀਂ, ਸਗੋਂ ਪੰਜਾਬ ਦੀ ਉਚੇਰੀ ਸਿੱਖਿਆ ਦੇ ਭਵਿੱਖ ਦਾ ਵੀ ਸਵਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਵਿਚ ਵਿਸ਼ੇਸ਼ ਬਿੱਲ ਲਿਆ ਕੇ ਐਕਟ ਪਾਸ ਕਰਨਾ ਚਾਹੀਦਾ ਹੈ ਤਾਂ ਜੋ 1158 ਭਰਤੀ ਤਹਿਤ ਨਿਯੁਕਤ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਕਾਨੂੰਨੀ ਸੁਰੱਖਿਆ ਮਿਲ ਸਕੇ ਅਤੇ ਪੰਜਾਬ ਦੇ ਸਰਕਾਰੀ ਕਾਲਜ ਉਜੜਨੋ ਬਚ ਸਕਣ। ਇਸ ਮੌਕੇ ਇਕੱਤਰ ਪ੍ਰੋਫ਼ੈਸਰਾਂ ਨੇ ਕਿਹਾ ਕਿ ਉਹ 4 ਅਗਸਤ ਦੇ ਸੰਘਰਸ਼ ਨਾਲ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣਗੇ ਅਤੇ ਐਕਟ ਦੇ ਪਾਸ ਹੋਣ ਤੱਕ ਤਿੱਖਾ ਸੰਘਰਸ਼ ਜਾਰੀ ਰੱਖਣਗੇ।