ਰਾਜਪਾਲ ਕਟਾਰੀਆ ਵੱਲੋਂ ਤੇਗਬੀਰ ਸਿੰਘ ਦਾ ਸਨਮਾਨ ਰਾਜਪਾਲ ਕਟਾਰੀਆ ਵੱਲੋਂ ਪਰਬਤਾਰੋਹੀ ਬੱਚੇ ਤੇਗਬੀਰ ਸਿੰਘ ਦਾ ਸਨਮਾਨ
Publish Date: Tue, 28 Jul 2026 04:08 PM (IST)
Updated Date: Wed, 29 Jul 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਪਰਬਤਾਰੋਹੀ ਬੱਚੇ ਤੇਗਬੀਰ ਸਿੰਘ ਦੇ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ (ਗਵਰਨਰ ਹਾਊਸ) ਵਿਖੇ ਅਧਿਕਾਰਤ ਤੌਰ ’ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਰੂਪਨਗਰ ਵਿਚ ਜਨਮੇ ਇਸ ਹੁਨਰਮੰਦ ਬੱਚੇ ਵੱਲੋਂ ਹਾਸਲ ਕੀਤੀਆਂ ਇਤਿਹਾਸਕ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੰਜਾਬ ਨੂੰ ਵਿਸ਼ਵ ਸਾਹਸੀ ਖੇਡਾਂ ਦੇ ਨਕਸ਼ੇ ’ਤੇ ਲਿਆਂਦਾ ਹੈ। ਇਸ ਮੌਕੇ ਤੇਗਬੀਰ ਨੇ ਰਾਜਪਾਲ ਕਟਾਰੀਆ ਦੇ ਨਾਲ ਨੇੜਿਓਂ ਗੱਲਬਾਤ ਕੀਤੀ ਤੇ ਆਪਣੀਆਂ ਮੁਹਿੰਮਾਂ ਦੇ ਨਿੱਜੀ ਅਨੁਭਵ ਸਾਂਝੇ ਕੀਤੇ, ਜਿਸ ਵਿਚ ਉਨ੍ਹਾਂ ਨੇ ਇੰਨੀ ਛੋਟੀ ਉਮਰ ਵਿਚ ਅੰਤਰਰਾਸ਼ਟਰੀ ਚੋਟੀਆਂ ਨੂੰ ਸਰ ਕਰਨ ਲਈ ਲੋੜੀਂਦੀ ਸਖਤ ਸਰੀਰਕ ਤਿਆਰੀ ਅਤੇ ਮਾਨਸਿਕ ਦ੍ਰਿੜ੍ਹਤਾ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਤੇਗਬੀਰ ਸਿੰਘ ਦੇ ਨਾਮ ਤਿੰਨ ਵਿਸ਼ਵ ਰਿਕਾਰਡ, ਇੱਕ ਏਸ਼ੀਅਨ ਰਿਕਾਰਡ ਅਤੇ ਇੱਕ ਰਾਜ ਪੱਧਰੀ ਰਿਕਾਰਡ ਦਰਜ ਹੈ। ਉਸ ਨੇ 5 ਸਾਲ ਅਤੇ 7 ਮਹੀਨੇ ਦੀ ਉਮਰ ਵਿਚ ਹੀ ਅਪ੍ਰੈਲ 2024 ਦੌਰਾਨ ਨੇਪਾਲ ਦੇ ਐਵਰੈਸਟ ਬੇਸ ਕੈਂਪ ਤੱਕ ਦੀ ਯਾਤਰਾ ਸਫਲਤਾਪੂਰਵਕ ਪੂਰੀ ਕੀਤੀ। ਇਸੇ ਤਰ੍ਹਾਂ ਅਗਸਤ 2024 ਵਿਚ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ (5,895 ਮੀਟਰ) ਨੂੰ ਸਰ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਏਸ਼ੀਆਈ ਬਣਿਆ ਅਤੇ ਉਸ ਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋਇਆ। ਇਸ ਤੋਂ ਉਪਰੰਤ ਉਸ ਨੇ ਜੂਨ 2025 ਨੂੰ ਸਿਰਫ਼ 6 ਸਾਲ ਅਤੇ 7 ਮਹੀਨਿਆਂ ਦੀ ਉਮਰ ਵਿਚ ਯੂਰਪ ਦੀ ਸਭ ਤੋਂ ਉੱਚੀ ਚੋਟੀ (5,642 ਮੀਟਰ) ਮਾਊਂਟ ਐਲਬਰੂਸ ’ਤੇ ਚੜ੍ਹਾਈ ਕੀਤੀ ਤੇ ਇੱਕ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਦੇ ਲਈ ਉਸ ਨੂੰ ਵੱਕਾਰੀ ਪੰਜਾਬ ਰਾਜ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਅਪ੍ਰੈਲ 2026 ਨੂੰ ਨੇਪਾਲ ਵਿਚ 235 ਕਿਲੋਮੀਟਰ ਲੰਬੇ ਅਤੇ ਬੇਹੱਦ ਔਖੇ ਉੱਚ-ਮੁਕਾਮੀ ਅੰਨਪੂਰਨਾ ਸਰਕਟ ਨੂੰ ਸਭ ਤੋਂ ਘੱਟ ਉਮਰ ਵਿਚ ਸਫਲਤਾਪੂਰਵਕ ਪੂਰਾ ਕਰਕੇ ਇੱਕ ਗਲੋਬਲ ਰਿਕਾਰਡ ਬਣਾਇਆ। ਇਸ ਦੇ ਇਲਾਵਾ ਜੁਲਾਈ 2026 ਨੂੰ ਹਿਮਾਚਲ ਪ੍ਰਦੇਸ਼ ਵਿਚ ਮਾਊਂਟ ਯੂਨਮ (6,111 ਮੀਟਰ) ’ਤੇ ਤਿਰੰਗਾ ਲਹਿਰਾ ਕੇ ਵਿਸ਼ਵ ਇਤਿਹਾਸ ਰਚਿਆ, ਜਿਸ ਨਾਲ ਉਹ 6,000 ਮੀਟਰ ਤੋਂ ਉੱਚੀ ਚੋਟੀ ਨੂੰ ਸਰ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ। ਇਸ ਮੌਕੇ ਉਸ ਦੇ ਪੱਕੇ ਇਰਾਦੇ ਦੀ ਸ਼ਲਾਘਾ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਸ ਦੀਆਂ ਆਉਣ ਵਾਲੀਆਂ ਮੁਹਿੰਮਾਂ ਲਈ ਅਸੀਸਾਂ ਦਿੱਤੀਆਂ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਸ ਦਾ ਇਹ ਅਸਧਾਰਨ ਸਫ਼ਰ ਪੰਜਾਬ ਅਤੇ ਦੇਸ਼ ਦੇ ਨੌਜਵਾਨਾਂ ਲਈ ਖੇਡਾਂ ਅਤੇ ਸਾਹਸੀ ਖੇਤਰਾਂ ਵਿਚ ਮੱਲਾਂ ਮਾਰਨ ਲਈ ਇੱਕ ਸ਼ਕਤੀਸ਼ਾਲੀ ਪ੍ਰੇਰਣਾਸ੍ਰੋਤ ਹੈ।