ਹੁਣ ਹੋਣਗੇ ਨੌਜਵਾਨਾਂ ਦੇ ਸੁਪਨੇ ਸਾਕਾਰ, ਅੱਜ ਹੋਵੇਗਾ ਰੂਪਨਗਰ ਆਈਏਐਸ ਅਕੈਡਮੀ ਦਾ ਉਦਘਾਟਨ ਹੁਣ ਹੋਣਗੇ ਨੌਜਵਾਨਾਂ ਦੇ ਸੁਪਨੇ ਸਾਕਾਰ, ਅੱਜ ਹੋਵੇਗਾ ਰੂਪਨਗਰ ਆਈਏਐਸ ਅਕੈਡਮੀ ਦਾ ਉਦਘਾਟਨ
Publish Date: Sun, 26 Jul 2026 04:59 PM (IST)
Updated Date: Mon, 27 Jul 2026 04:01 AM (IST)
ਪਹਿਲੇ ਸੈਸ਼ਨ ਵਿਚ 185 ਨੌਜਵਾਨ ਆਫ਼ ਲਾਇਨ ਤੇ 130 ਨੌਜਵਾਨ ਆਨਲਾਈਨ ਕਲਾਸਾਂ ਰਾਹੀਂ ਲੈਣਗੇ ਮੁਫ਼ਤ ਕੋਚਿੰਗ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਹੁਣ ਰੂਪਨਗਰ ਜ਼ਿਲ੍ਹੇ ਦੇ ਨੌਜਵਾਨ ਲੜਕੇ-ਲੜਕੀਆਂ ਆਈਏਐਸ ਤੇ ਪੀਸੀਐੱਸ ਵਰਗੀਆਂ ਦੇਸ਼ ਦੀਆਂ ਪਾਵਰਫੁੱਲ ਪੋਸਟਾਂ ‘ਤੇ ਕੰਮ ਕਰਨ ਲਈ ਯੋਗ ਪ੍ਰੀਖਿਆਂਵਾਂ ਵਿਚ ਸਫਲ ਹੋਣਗੇ। ਜੀ ਹਾਂ ਆਪ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਰੂਪਨਗਰ ਦੇ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਰੂਪਨਗਰ ਆਈਏਐਸ ਅਕੈਡਮੀ ਦਾ ਉਦਘਾਟਨ ਸੋਮਵਾਰ 27 ਜੁਲਾਈ ਨੂੰ ਪੰਜਾਬ ਦੇ ਇੰਚਾਰਜ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਕਰਨਗੇ। ਜਾਣਕਾਰੀ ਅਨਸਾਰ ਇਸ ਅਕੈਡਮੀ ਦੇ ਪਹਿਲੇ ਸੈਸ਼ਨ ਲਈ 315 ਨੌਜਵਾਨਾਂ ਦੀ ਰਜਿਸਟਰੇਸ਼ਨ ਹੋਈ ਹੈ, ਜਿਸ ਵਿਚ 185 ਨੌਜਵਾਨ ਆਫ਼ ਲਾਈਨ ਕਲਾਸਾਂ ਲਗਾਉਣਗੇ, ਜਦਕਿ 130 ਨੌਜਵਾਨ ਆਪੋ-ਆਪਣੇ ਘਰਾਂ ਤੋਂ ਹੀ ਆਨਲਾਈਨ ਕਲਾਸ ਲਾਇਆ ਕਰਨਗੇ। ਇਹ ਕੋਚਿੰਗ ਸੈਂਟਰ ਏਈਐੱਸ ਕੋਚਿੰਗ ਸੈਂਟਰ ਮੋਹਾਲੀ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ, ਜੋ ਕਿ ਮੁਫਤ ਹੋਵੇਗਾ ਅਤੇ ਇਹ ਕੋਚਿੰਗ ਸ਼ਾਮ ਸਾਢੇ ਤਿੰਨ ਵਜ਼ੇ ਤੋਂ ਸ਼ਾਮ 6 ਵਜ਼ੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਿੱਤੀ ਜਾਵੇਗੀ। ਇਹ ਉਪਰਾਲਾ ਸ਼ਾਇਦ ਪੰਜਾਬ ਵਿਚ ਪਹਿਲਾ ਹੋਵੇਗਾ ਕਿ ਨੌਜਵਾਨਾਂ ਨੂੰ ਆਈਏਐੱਸ, ਪੀਸੀਐੱਸ ਬਣਨ ਲਈ ਕੋਚਿੰਗ ਮੁਫ਼ਤ ਦੇਣ ਲਈ ਕੀਤਾ ਹੋਵੇ। ਹੋਣਹਾਰ ਨੌਜਵਾਨਾਂ ਦੇ ਸੁਪਨੇ ਸਾਕਾਰ ਕਰੇਗੀ ਇਹ ਅਕੈਡਮੀ : ਚੱਢਾ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਇਹ ਅਕੈਡਮੀ ਰੂਪਨਗਰ ਦੇ ਹੋਣਹਾਰ ਨੌਜਵਾਨਾਂ ਲਈ ਇੱਕ ਨਵੀਂ ਉਮੀਦ ਅਤੇ ਨਵੀਂ ਸ਼ੁਰੂਆਤ ਸਾਬਤ ਹੋਵੇਗੀ। ਉਨ੍ਹਾਂ ਕਿਹਾਕਿ ਰੂਪਨਗਰ ਆਈਏਐਸ ਅਕੈਡਮੀ, ਏਈਸੀ ਕੋਚਿੰਗ ਮੋਹਾਲੀ ਦੇ ਸਹਿਯੋਗ ਨਾਲ ਚਲਾਈ ਜਾਵੇਗੀ, ਜਿੱਥੇ ਜ਼ਿਲ੍ਹੇ ਦੇ ਯੋਗ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਆਈਏਐਸ ਤੇ ਪੀਸੀਐਸ ਪ੍ਰੀਖਿਆਵਾਂ ਲਈ ਮੁਫ਼ਤ ਅਤੇ ਉੱਚ ਪੱਧਰੀ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਪੇਂਡੂ ਅਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਵੱਡੇ ਸੁਪਨੇ ਸਾਕਾਰ ਕਰਨ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਇਹ ਅਕੈਡਮੀ ਰੂਪਨਗਰ ਦੇ ਨੌਜਵਾਨਾਂ ਨੂੰ ਦੇਸ਼ ਦੀਆਂ ਵੱਕਾਰੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਆਪਣਾ ਸਥਾਨ ਬਣਾਉਣ ਲਈ ਮਜ਼ਬੂਤ ਮੰਚ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦੇਣ ਹੀ ਸਾਡੀ ਸਰਕਾਰ ਦਾ ਮਕਸਦ ਹੈ ਕਿ ਨੌਜਵਾਨ ਸਮਾਜ਼ਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣੀਆ ਜਿੰਦਗੀ ਨੂੰ ਖੁਸ਼ਹਾਲ ਬਣਾ ਸਕੇ। ਨੌਜਵਾਨਾਂ ’ਚ ਖੁਸ਼ੀ ਦੀ ਲਹਿਰ ਹਰਮਨਜੀਤ ਸਿੰਘ, ਮਨਪ੍ਰੀਤ ਕੌਰ, ਚਰਨਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਲਈ ਹੀ ਨਹੀ ਜ਼ਿਲ੍ਹੇ ਦੇ ਨੌਜਵਾਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਸਰਕਾਰੀ ਪੌਲੀਟੈਨਿਕ ਕਾਲਜ ਵਿਚ ਉੱਚ ਪੱਧਰੀ ਪੋਸਟਾਂ ਲਈ ਦੇਸ਼-ਵਿਆਪੀ ਹੋਣ ਵਾਲੇ ਟੈਸਟਾਂ ਨੂੰ ਪਾਸ ਕਰਨ ਲਈ ਕੋਚਿੰਗ ਲਈ ਆਈਏਐਸ ਅਕੈਡਮੀ ਦੀ ਸ਼ੁਰੂਆਤ ਹੋ ਰਹੀ ਹੈ, ਜੋ ਨੌਜਵਾਨਾਂ ਦੀ ਜਿੰਦਗੀ ਦੇ ਸੁਪਨੇ ਪੂਰੇ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਆਈਏਐੱਸ ਤੇ ਪੀਸੀਐਸ ਦੀ ਤਿਆਰੀ ਲਈ ਨੌਜਵਾਨਾਂ ਮਹਿੰਗੀਆਂ ਅਕੈਡਮੀਆਂ ਵਿਚ ਜਾਂਦੇ ਸਨ ਪ੍ਰੰਤੂ ਹੁਣ ਮੁਫ਼ਤ ਕੋਚਿੰਗ ਆਪਣੇ ਜ਼ਿਲ੍ਹੇ ਵਿਚ ਹੀ ਪ੍ਰਾਪਤ ਕਰ ਸਕਣਗੇ।