ਨਰੇਗਾ ਮੁਲਾਜ਼ਮ ਆਗੂਆ ਦੇ ਘਰਾਂ ‘ਤੇ ਪੁਲਿਸ ਨੇ ਕੀਤੀ ਛਾਪੇਮਾਰੀ ਜਸਪਾਲ ਸਿੰਘ ਅਬਿਆਣਾ ਨੂੰ ਕੀਤਾ ਗ੍ਰਿਫਤਾਰ ਨਰੇਗਾ ਮੁਲਾਜ਼ਮ ਆਗੂਆ ਦੇ ਘਰਾਂ ‘ਤੇ ਪੁਲਿਸ ਨੇ ਕੀਤੀ ਛਾਪੇਮਾਰੀ ਜਸਪਾਲ ਸਿੰਘ ਅਬਿਆਣਾ ਨੂੰ ਕੀਤਾ ਗ੍ਰਿਫਤਾਰ
Publish Date: Sun, 19 Jul 2026 07:21 PM (IST)
Updated Date: Mon, 20 Jul 2026 04:08 AM (IST)
ਆਪਣੇ ਹੱਕਾਂ ਲਈ ਲੜਦੇ ਮੁਲਾਜ਼ਮਾਂ ਨੂੰ ਹੱਕ ਦੇਣ ਦੀ ਬਜਾਏ ਪੁਲਿਸ ਤੰਤਰ ਨਾਲ ਡਰਾਇਆ ਜਾ ਰਿਹਾ : ਪ੍ਰਧਾਨ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਨਰੇਗਾ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਘਰ ਦੇ ਘਿਰਾਓ ਦਾ 20 ਜੁਲਾਈ ਦੇ ਸੱਦੇ ਨੂੰ ਅਸਫਲ ਬਨਾਉਣ ਲਈ ਰੂਪਨਗਰ ਜ਼ਿਲ੍ਹੇ ਦੇ ਆਗੂਆ ਤੇ ਮੁਲਾਜ਼ਮਾਂ ਦੇ ਘਰਾਂ ਵਿਚ ਪੁਲਿਸ ਦੀ ਐਤਵਾਰ ਸਵੇਰੇ ਤੋਂ ਛਾਪੇਮਾਰੀ ਜਾਰੀ ਰਹੀ ਪ੍ਰੰਤੂ ਆਗੂ ਤੇ ਮੁਲਾਜ਼ਮ ਪੁਲਿਸ ਛਾਪੇਮਾਰੀ ਦੀ ਭਿਣਕ ਪੈਣ ‘ਤੇ ਪਹਿਲੇ ਹੀ ਘਰਾ ਤੋਂ ਬਾਹਰ ਰੂਪੋਸ਼ ਦੱਸੇ ਜਾ ਰਹੇ ਹਨ ਪਰ ਪਿੰਡ ਅਬਿਆਣਾ ਦੇ ਨਰੇਗਾ ਮੁਲਾਜ਼ਮ ਆਗੂ ਜਸਪਾਲ ਸਿੰਘ ਨੂੰ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਉੱਧਰ ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਿਸੇ ਮੁਲਾਜ਼ਮ ਜਾ ਆਗੂ ਦੇ ਘਰ ਛਾਪੇਮਾਰੀ ਨਹੀ ਕੀਤੀ। ਨਰੇਗਾ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਤੇ ਰੂਪਨਗਰ ਬਲਾਕ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਨਰੇਗਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਸਰਕਾਰ ਵੱਲੋਂ ਨਰੇਗਾ ਸਕੀਮ ਵਿਚ ਵੱਖ ਵੱਖ ਪੋਸਟਾਂ ‘ਤੇ ਕੰਮ ਕਰਦੇ 2100 ਮੁਲਾਜ਼ਮ ਨੂੰ ਕੱਢਣ ਦੇ ਰੋਸ ਵਜ਼ੋ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਦ ਦੇ ਘਰ ਖੰਨਾ ਵਿਖੇ 20 ਜੁਲਾਈ ਨੂੰ ਕੀਤੇ ਜਾਣ ਵਾਲੇ ਘਿਰਾਓ ਦੇ ਸੱਦੇ ਨੂੰ ਅਸਫ਼ਲ ਬਨਾਉਣ ਲਈ ਪੁਲਿਸ ਵੱਲੋਂ ਆਗੂਆ ਤੇ ਮੁਲਾਜ਼ਮਾ ਦੇ ਘਰਾ ‘ਤੇ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਕਿਹਾਕਿ ਸਾਡਾ ਸੰਘਰਸ਼ ਦਬਾਉਣ ਲਈ ਜੋ ਸਰਕਾਰ ਹੱਥ ਕੰਡੇ ਅਪਣਾ ਰਹੀ ਹੈ ਉਹ ਗਲਤ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਸਾਨੂੰ ਨੌਕਰੀ ਤੋਂ ਕੱਢਣ ਦੀ ਚਿੱਠੀ ਕੱਢੀ ਹੈ ਦੂਜੇ ਪਾਸੇ ਸਾਨੂੰ ਵਧੀਕ ਡਿਪਟੀ ਕਮਿਸ਼ਨਰ ਤੇ ਦਫਤਰ ਤੋਂ ਪੱਤਰ ਮਿਲ ਰਹੇ ਹਨ ਕਿ ਤੁਸੀ ਪਹਿਲਾ ਮਗਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਸੀ ਪ੍ਰੰਤੂ ਹੁਣ ਵੀਬੀ ਜੀਰਾਮਜੀ ਸਕੀਮ 1 ਜੁਲਾਈ ਤੋਂ ਲਾਗੂ ਹੋ ਗਈ ਹੈ ਇਸ ਕਰਕੇ ਤੁਹਾਡਾ ਕੰਟਰੈਕਟ ਵੀਬੀ ਜੀਰਾਮਜੀ ਵਿਚ ਕਰਨ ਲਈ ਤੁਰੰਤ ਡਿਊਟੀ ਤੇ ਹਾਜਰ ਹੋਵੋ ਨਹੀ ਤਾਂ ਤੁਹਾਡਾ ਕੰਟਰੈਕਟ ਰੱਦ ਸਮਝਿਆ ਜਾਵੇਗਾ। ਉਨ੍ਹਾਂ ਕਿਹਾਕਿ ਆਮ ਆਦਮੀ ਪਾਰਟੀ ਦੇ ਆਗੂਆ ਨੇ ਜਿਹੜੇ ਕਿ ਹੁਣ ਮੰਤਰੀਆ ਦੇ ਅਹੁਦਿਆ ‘ਤੇ ਬਿਰਾਜ਼ਮਾਨ ਹਨ ਨੇ ਸਾਡੇ ਧਰਨਿਆ ਵਿਚ ਆ ਕੇ ਵਾਅਦੇ ਕੀਤਾ ਸੀ ਕਿ ਸਾਡੀ ਸਰਕਾਰ ਆਉਣ ‘ਤੇ ਨਰੇਗਾ ਮੁਲਾਜ਼ਮਾ ਨੂੰ ਪੱਕੇ ਕੀਤਾ ਜਾਵੇਗਾ ਪ੍ਰੰਤੂ ਹੁਣ ਉਹ ਸਾਨੂੰ ਕੇਂਦਰ ਦੇ ਮੁਲਾਜ਼ਮ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਪੰਜਾਬ ਸਰਕਾਰ ਤੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਹਾਂ ਹੁਣ ਉਲਟ ਪੰਚਾਇਤ ਵਿਭਾਗ ਨੇ 2100 ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ 68000 ਨੌਕਰੀਆਂ ਦੇਣ ਦਾ ਦਾਅਵਾ ਝੂਠਾ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾਕਿ ਸਰਕਾਰ ਨੇ ਸਾਡੀ ਨਿਗੂਣੀਆਂ ਤਨਖ਼ਾਹਾਂ ਤੇ 18 ਸਾਲਾਂ ਦੀ ਕੀਤੀ ਮਿਹਨਤ ਮਿੱਟੀ ਵਿਚ ਮਿਲਾ ਦਿੱਤੀ ਹੈ ਅੱਜ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਉਲਟ ਸਾਨੂੰ ਕੁੱਟਿਆ ਤੇ ਮਾਤਾ ਧੀਆਂ ਸਤਿਕਾਰ ਯੋਜਨਾਂ ਚਲਾਉਣ ਵਾਲੀ ਸਰਕਾਰ ਦੇ ਇਸ਼ਾਰੇ ‘ਤੇ ਨਰੇਗਾ ਮੁਲਾਜ਼ਮ ਲੜਕੀਆ ਦੀ ਪੁਲਿਸ ਨੇ ਸਿਰਾਂ ਤੋਂ ਚੁੰਨੀਆ ਲਾਹੀਆ ਤੇ ਕੁੱਟ ਮਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਰੇਗਾ ਮੁਲਾਜ਼ਮ ਪੇਂਡੂ ਵਿਕਾਸ ਦੇ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾਕਿ ਪਿਛਲੇ ਛੇ ਮਹੀਨਿਆ ਤੋਂ ਸਾਨੂੰ ਤਨਖਾਹ ਨਹੀ ਮਿਲੀ ਅਤੇ ਪਿੰਡਾ ਵਿਚ ਲੱਖਾ ਕਾਮੇ ਵਿਹਲੇ ਬੈਠੇ ਹਨ।