ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਰਾਹਗੀਰਾਂ ਲਈ ਬਣੇ ਖ਼ਤਰਾ ਰੂਪਨਗਰ ਬੇਲਾ ਤੇ ਬਹਿਰਾਮਪੁਰ ਸੜਕ ਦੇ ਕਿਨਾਰਿਆ ‘ਤੇ ਖੜ੍ਹੇ ਸੁੱਕੇ ਤੇ ਟੇਡੇ ਹੋਏ ਦਰੱਖਤ ਰਾਹਗੀਰਾਂ ਲਈ ਬਣੇ ਖ਼ਤਰਾ
Publish Date: Sun, 19 Jul 2026 06:09 PM (IST)
Updated Date: Mon, 20 Jul 2026 04:05 AM (IST)
ਸਰਕਾਰੀ ਅਣਗਹਿਲੀ ਸਦਕਾ ਲੱਖਾ ਰੁਪਏ ਦੇ ਦਰੱਖਤ ਹੋ ਰਹੇ ਮਿੱਟੀ ਦੇ ਭਾਅ ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ : ਰੂਪਨਗਰ ਤੋਂ ਬੇਲਾ ਤੇ ਬਹਿਰਾਮਪੁਰ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਖੜ੍ਹੇ ਸੁੱਕੇ ਦਰੱਖਤ ਰਾਹਗੀਰਾਂ ਲਈ ਖ਼ਤਰਾ ਬਣਿਆ ਹੋਇਆ ਹੈ, ਲੱਖਾ ਰੁਪਏ ਦੀ ਕੀਮਤ ਵਾਲੇ ਦਰੱਖਤ ਸਰਕਾਰੀ ਅਣਗਹਿਲੀ ਸਦਕਾ ਬਣ ਮਿੱਟੀ ਦੇ ਭਾਅ ਹੋ ਰਹੇ ਹਨ, ਜਦਕਿ ਸਬੰਧਿਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜਾਣਕਾਰੀ ਅਨਸਾਰ ਇਸ ਸੜਕ ਦੇ ਕਿਨਾਰਿਆ ‘ਤੇ ਖੜ੍ਹੇ ਦਰੱਖਤ ਜ਼ਿਲ੍ਹਾ ਪ੍ਰੀਸ਼ਦ ਦੇ ਅਧੀਨ ਹਨ ਅਤੇ ਦਰੱਖਤਾਂ ਦੀ ਸੰਪਾਲ ਲਈ ਰੋਡ ਰਾਖੇ ਵੀ ਰੱਖੇ ਹੋਏ ਹਨ ਪ੍ਰੰਤੂ ਸੈਕੜੇ ਖੜ੍ਹੇ ਸੁੱਕੇ ਦਰੱਖਤਾਂ ਵੱਲ ਉਨ੍ਹਾਂ ਦਾ ਧਿਆਨ ਕਿਉ ਨਹੀ ਜਾ ਰਿਹਾ ਹੈ ਇਹ ਇੱਕ ਸਵਾਲ ਹੈ। ਬਰਸਾਤ ਦੇ ਦਿਨ ਚੱਲ ਰਹੇ ਹਨ ਇਨ੍ਹਾਂ ਦਿਨਾਂ ਵਿਚ ਤੇਜ ਹਨੇਰੀ ਚੱਲਣੀ ਸੁਭਾਵਿਕ ਹੈ ਜਿਸ ਕਾਰਨ ਕਈ ਵਾਰ ਸੜਕਾਂ ਦੇ ਕਿਨਾਰੇ ਖੜੇ ਸੁੱਕੇ ਦਰੱਖਣ ਡਿੱਗਣ ਨਾਲ ਹਾਦਸਿਆ ਦਾ ਕਾਰਨ ਬਣ ਜਾਂਦੇ ਹਨ। ਦੇਖਣ ਵਿਚ ਆਇਆ ਹੈ ਕਿ ਸੜਕ ਦੇ ਆਸਪਾਸ ਸਫੈਦਾ, ਟਾਹਲੀ, ਕਿੱਕਰ, ਸਰੀਂਹ ਆਦਿ ਕਿਸਮਾਂ ਦੇ ਵੱਡੇ ਵੱਡੇ ਦਰੱਖਤ ਖੜ੍ਹੇ ਹਨ ਇਨ੍ਹਾਂ ਵਿਚੋਂ ਜਿਆਦਾਂਤਰ ਦਰੱਖਤ ਸੜਕ ਵੱਲ ਨੂੰ ਝੁਕੇ ਹੋਏ ਹਨ ਜਾਂ ਸੁੱਕੇ ਖੜੇ ਹਨ ਜੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਦੂਜੇ ਪਾਸੇ ਸਰਕਾਰੀ ਅਣਗਹਿਲੀ ਕਾਰਨ ਇਹ ਦਰੱਖਤ ਜਿਨ੍ਹਾਂ ਦੀ ਕੀਮਤ ਲੱਖਾ ਵਿਚ ਬਣ ਜਾਦੀ ਹੈ ਉਹ ਸੁੱਕੇ ਦੇ ਮਿੱਟੀ ਬਣ ਰਹੇ ਹਨ ਜਿਸ ਨਾਲ ਸਰਕਾਰ ਨੂੰ ਲੱਖਾ ਰੁਪਏ ਦਾ ਨੁਕਸਾਨ ਵੀ ਹੋ ਰਿਹਾ ਹੈ। ਇਸ ਗੰਭੀਰ ਮਾਮਲੇ ਸਬੰਧੀ ਇਲਾਕੇ ਦੇ ਸਮਾਜ ਸੇਵੀ ਨਰਿੰਦਰ ਸਿੰਘ ਟਾਂਕ, ਸੁਬੇਦਾਰ ਜਗਮੇਲ ਸਿੰਘ ਡੱਲਾ, ਬਲਦੇਵ ਸਿੰਘ, ਮਦਨ ਲਾਲ ਪੰਚ ਬਹਿਰਾਮਪੁਰ ਬੇਟ, ਕਲੱਬ ਪ੍ਰਧਾਨ ਤੇਜਿੰਦਰ ਸਿੰਘ ਸਲਾਹਪੁਰ, ਨਰਿੰਦਰ ਸਿੰਘ ਮਿੰਟਾ ਆਦਿ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਅਘਿਕਾਰੀਆ ਨੂੰ ਚਾਹੀਦਾ ਹੈ ਕਿ ਇਨ੍ਹਾਂ ਸੁੱਕੇ ਦਰੱਖਤਾਂ ਦੀ ਬੋਲੀ ਕਰਵਾ ਕੇ ਪੁਟਾਇਆ ਜਾਵੇ। ਉਨ੍ਹਾਂ ਕਿਹਾ ਬੋਲੀ ਕਰਵਾਉਣ ਨਾਲ ਜਿੱਥੇ ਵਿਭਾਗ ਨੂੰ ਵਿੱਤੀ ਲਾਭ ਮਿਲੇਗਾ ਉੱਥੇ ਹੀ ਰਾਹਗੀਰ ਵੀ ਸੁਰੱਖਿਤ ਰੂਪ ਨਾਲ ਬਿਨ੍ਹਾਂ ਕਿਸੇ ਡਰ ਤੋਂ ਇਸ ਸੜਕ ਤੋਂ ਲੰਘ ਸਕਦੇ ਹਨ। ਆਗੂਆ ਨੇ ਇਹ ਵੀ ਅਪੀਲ ਕੀਤੀ ਜਿੰਨੇ ਦਰੱਖਤ ਪੱਟੇ ਜਾਣਗੇ ਉੱਨੀ ਗਿਣਤੀ ਵਿਚ ਪੌਦੇ ਲਗਾਏ ਜਾਣ ਤਾਂ ਕਿ ਸੜਕ ਦੇ ਆਲੇ ਦੁਆਲੇ ਦੀ ਸੁੰਦਰਤਾਂ ਬਣੀ ਰਹੇ। ਜ਼ਿਲ੍ਹਾ ਪ੍ਰੀਸ਼ਦ ਦੇ ਸੂਤਰਾ ਅਨਸਾਰ ਇਸ ਸੜਕ ‘ਤੇ ਖੜ੍ਰੇ ਦਰੱਖਤਾਂ ਦੀ ਸੰਭਾਲ ਲਈ ਰਾਖੇ ਰੋਡ ਰਾਖਿਆ ਨੂੰ ਸੁੱਕੇ ਜਾ ਸੜਕ ਵੱਲ ਨੂੰ ਟੇਡੇ ਹੋਏ ਦਰੱਖਤਾਂ ਦੀ ਗਿਣਤੀ ਕਰ ਕੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਆਉਣ ’ਤੇ ਸਰਕਾਰ ਦੇ ਨਿਯਮਾਂ ਤਹਿਤ ਕਟਾਈ ਕਰਵਾਉਣ ਦੀ ਗੱਲ ਦੱਸੀ ਜਾ ਰਹੀ ਹੈ। ਮੀਟਿੰਗ ’ਚ ਮਾਮਲਾ ਚੁੱਕਿਆ ਜਾਵੇਗਾ : ਖੋਖਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਲੱਖਣ ਸਿੰਘ ਖੋਖਰ ਨੇ ਕਿਹਾ ਕਿ ਸੜਕ ਦੇ ਕਿਨਾਰਿਆ ‘ਤੇ ਖੜੇ ਸੁੱਕੇ ਜਾਂ ਸੜਕ ਵੱਲ ਟੇਡੇ ਹੋਏ ਦਰੱਖਤਾਂ ਦੀ ਗੱਲ ਜ਼ਿਲ੍ਹਾ ਪ੍ਰੀਸ਼ਦ ਦੀ ਹੋਣ ਵਾਲੀ ਮੀਟਿੰਗ ਵਿਚ ਉਠਾਈ ਜਾਵੇਗੀ ਤਾਂ ਕਿ ਲੋਕਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ ਕਿਉਕਿ ਇਸ ਸੜਕ ‘ਤੇ ਹਰ ਸਮੇਂ ਵੀਹਕਲਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਪਹਿਲ ਦੇ ਆਧਾਰ ‘ਤੇ ਇਨ੍ਹਾਂ ਦਰੱਖਤਾਂ ਦੀ ਕਟਾਈ ਕਰਵਾਉਣ ਦੀ ਸਿਫਾਰਸ਼ ਕੀਤੀ ਜਾਵੇਗੀ।