ਬਹਿਰਾਮਪੁਰ ਬੇਟ ’ਚ ਬਿਜਲੀ ਸਪਲਾਈ ਦਾ ਮਾੜਾ ਹਾਲ, ਦੋ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਬਹਿਰਾਮਪੁਰ ਬੇਟ ’ਚ ਬਿਜਲੀ ਸਪਲਾਈ ਦਾ ਮਾੜਾ ਹਾਲ
Publish Date: Tue, 30 Jun 2026 07:07 PM (IST)
Updated Date: Wed, 01 Jul 2026 04:08 AM (IST)
ਬੇਲਾ ਬਿਜਲੀ ਦਫਤਰ ਦਾ ਪਰਿਵਾਰਾਂ ਸਮੇਤ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ ਬੇਟ : ਬਹਿਰਾਮਪੁਰ ਬੇਟ ਵਿਖੇ ਬਿਜਲੀ ਦੀਆਂ ਤਾਰਾਂ ਵਾਰ ਵਾਰ ਤਾਰਾਂ ਸੜਨ ਨਾਲ ਕਸਬੇ ਦੇ ਐੱਸਸੀ ਭਾਈਚਾਰੇ ਦੇ 30-35 ਦੇ ਕਰੀਬ ਘਰਾਂ ਦੀ ਬਿਜਲੀ ਪਿਛਲੇ ਦੋ ਦਿਨਾਂ ਤੋਂ ਬੰਦ ਹੋਣ ਕਾਰਨ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਸ ਦੇ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਧਰਮਪਾਲ ਨੇ ਕਿਹਾ ਕਿ ਬਹਿਰਾਮਪੁਰ ਬੇਟ ਦੇ ਕਈ ਘਰਾਂ ਵਿਚ ਪਿਛਲੇ ਦੋ ਦਿਨਾਂ ਤੋਂ ਬਿਜਲੀ ਬੰਦ ਹੋਣ ਕਾਰਨ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਵਿਸ਼ੇਸ਼ ਤੌਰ ’ਤੇ ਛੋਟੇ ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦਾ ਕਾਫੀ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਉਹ ਰਾਤਾਂ ਜਾਗ ਕੇ ਕੱਟਣ ਲਈ ਮਜ਼ਬੂਰ ਹਨ ਪ੍ਰੰਤੂ ਬਿਜਲੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋੋਇਆ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਤੋਂ ਬਿਜਲੀ ਬੰਦ ਰਹਿਣ ਕਾਰਨ ਇਨਵਰਟਰ ਵੀ ਕੰਮ ਕਰਨਾ ਬੰਦ ਕਰ ਗਏ ਹਨ। ਇਸ ਦੇ ਕਾਰਨ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਕਰਨ ਵਿਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਆਪਣੀ ਮਨਮਰਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮ ਤਾਰਾਂ ਨੂੰ ਉੱਚੀਆਂ ਕਰਨ ਲਈ ਬਿਜਲੀ ਦੇ ਖੰਭੇ ਗਲਤ ਥਾਂ ’ਤੇ ਲਗਾ ਜਾਂਦੇ ਹਨ, ਜਿਸ ਦੇ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿਚ ਕਾਫੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਇਸ ਸਬੰਧੀ ਵਿਭਾਗ ਦੇ ਕਰਮਚਾਰੀਆਂ ਨੂੰ ਵਾਰ ਵਾਰ ਕਹਿਣ ’ਤੇ ਵੀ ਉਨ੍ਹਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਉਨ੍ਹਾਂ ਕਥਿਤ ਤੌਰ ’ਤੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਘਟੀਆ ਤਾਰਾਂ ਪਾਉਣ ਦੇ ਅਰੋਪ ਲਗਾਉਂਦੇ ਹੋਏ ਕਿਹਾ ਕਿ ਘਟੀਆ ਤਾਰਾਂ ਪਾਏ ਜਾਣ ਦੇ ਕਾਰਨ ਤਾਰਾਂ ਵਾਰ ਵਾਰ ਸੜ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਅਣਗਹਿਲੀ ਤੇ ਲਾਪਰਵਾਹੀ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਇਸ ਅੱਤ ਦੀ ਗਰਮੀ ਦੇ ਮੌਸਮ ਵਿਚ ਬਿਜਲੀ ਤੋਂ ਬਿਨ੍ਹਾਂ ਉਹ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਸ ਸਬੰਧੀ ਮਾਮਲੇ ਦੀ ਜਾਂਚ ਅਤੇ ਤੁਰੰਤ ਬਿਜਲੀ ਸਪਲਾਈ ਨਿਰਵਿਘਨ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਐੱਸਸੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਵੀ ਵਿਭਾਗ ਦੇ ਕਰਮਚਾਰੀ ਗਲਤ ਥਾਂਵਾਂ ’ਤੇ ਖੰਭੇ ਲਗਾ ਜਾਂਦੇ ਹਨ ਅਤੇ ਇੱਕੋ ਥਾਂ ’ਤੇ ਬਿਜਲੀ ਦੀਆਂ ਤਾਰਾਂ ਦੇ ਜਾਲ ਇੱਕੱਠੇ ਹੋ ਜਾਂਦੇ ਹਨ ਜੋ ਤਾਰਾਂ ਸੜਨ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਿਜਲੀ ਵਿਭਾਗ ਵੱਲੋਂ ਨਿਰਵਿਘਨ ਬਿਜਲੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਿਜਲੀ ਦਫਤਰ ਬੇਲਾ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਡਾ.ਸੋਹਣ ਲਾਲ, ਹਰਬਿਲਾਸ ਸਿੰਘ, ਦਲਬਾਰਾ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ ਬਲਾਕ ਸੰਮਤੀ ਮੈਂਬਰ, ਮਦਨ ਲਾਲ ਬਲਾਕ ਪ੍ਰਧਾਨ, ਪਰਮਜੀਤ ਸਿੰਘ ਆਪ ਆਗੂ, ਗੁਰਦਾਸ ਸਿੰਘ, ਸੋਮਾ ਸਿੰਘ ਆਦਿ ਐੱਸਸੀ ਭਾਈਚਾਰੇ ਦੇ ਨਿਵਾਸੀ ਹਾਜ਼ਰ ਸਨ।