ਪੁਰਾਣਾ ਬੱਸੀ ਰੋਡ ’ਤੇ ਕੂੜੇ ਦਾ ਢੇਰ ਤੇ ਸੀਵਰੇਜ ਦਾ ਗੰਦਾ ਪਾਣੀ ਬਣਿਆ ਮੁਸੀਬਤ
ਪੁਰਾਣਾ ਬੱਸੀ ਰੋਡ ’ਤੇ ਕੂੜੇ ਦਾ ਢੇਰ ਅਤੇ ਸੀਵਰੇਜ ਦਾ ਗੰਦਾ ਪਾਣੀ ਬਣਿਆ ਮੁਸੀਬਤ
Publish Date: Sun, 22 Feb 2026 07:10 PM (IST)
Updated Date: Mon, 23 Feb 2026 04:13 AM (IST)

ਲੋਕਲ ਬਾਡੀ ਮੰਤਰੀ ਤੋਂ ਦੌਰਾ ਅਤੇ ਜਾਇਜਾ ਲੈਣ ਦੀ ਕੀਤੀ ਮੰਗ ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਢੇਰ ਜਿੱਥੇ ਲੋਕਾਂ ਲਈ ਮੁਸੀਬਤਾਂ ਦਾ ਘਰ ਬਣੇ ਹਨ, ਉੱਥੇ ਹੀ ਪੁਰਾਣਾ ਬੱਸੀ ਰੋਡ ’ਤੇ ਕੂੜੇ ਦੇ ਢੇਰਾਂ ਵਿਚ ਭਰਿਆ ਸੀਵਰੇਜ ਦਾ ਗੰਦਾ ਪਾਣੀ ਆਸ ਪਾਸ ਦੇ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰ ’ਚੋਂ ਆ ਰਹੀ ਬਦਬੂ ਅਤੇ ਕੂੜੇ ਦੇ ਢੇਰ ਵਿਚ ਰਲਿਆ ਸੀਵਰੇਜ ਦਾ ਗੰਦਾ ਪਾਣੀ ਭਾਰੀ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਗੰਦੇ ਪਾਣੀ ਵਿਚ ਵਧ ਰਹੀ ਮੱਛਰਾਂ-ਮੱਖੀਆਂ ਦੀ ਪੈਦਾਵਾਰ ਡੇਂਗੂ, ਮਲੇਰੀਆ ਅਤੇ ਚਿਕਨਗੁਨਿਆ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ, ਜਦਕਿ ਕੂੜੇ ਦੇ ਸੜਨ ਨਾਲ ਨਿਕਲ ਰਹੀ ਬਦਬੂ ਅਤੇ ਗੈਸਾਂ ਸਾਹ ਸਬੰਧੀ ਰੋਗਾਂ, ਐਲਰਜੀ ਅਤੇ ਚਮੜੀ ਰੋਗਾਂ ਦਾ ਕਾਰਨ ਬਣ ਸਕਦੀਆਂ ਹਨ। ਵਾਤਾਵਰਨ ਵਿਦਵਾਨਾਂ ਮੁਤਾਬਕ ਕੂੜੇ ਦੇ ਢੇਰਾਂ ਤੋਂ ਨਿਕਲਣ ਵਾਲੀ ਮਿਥੇਨ ਅਤੇ ਹੋਰ ਹਾਨੀਕਾਰਕ ਗੈਸਾਂ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਮੋਰਿੰਡਾ ਸ਼ਹਿਰ ਵਿਚ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਕਾਰਨ ਸ਼ਹਿਰ ਕਦੇ ਵੀ ਮਹਾਮਾਰੀ ਦੀ ਲਪੇਟ ਵਿਚ ਆ ਸਕਦਾ ਹੈ। ਇਸ ਸਬੰਧ ਵਿਚ ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਯੂਥ ਆਗੂ ਲੱਖੀ ਸ਼ਾਹ, ਤੇਜਿੰਦਰ ਕੁਮਾਰ ਬਿੱਟੂ, ਅਮਨਪ੍ਰੀਤ ਅਮਨਾ, ਸਮਾਜ ਸੇਵੀ ਮਨਮੋਹਨ ਕੁਮਾਰ ਵਰਮਾ, ਜਤਿੰਦਰ ਗੁੰਬਰ, ਹਰਸ਼ ਕੋਹਲੀ, ਗੁਰਵਿੰਦਰ ਸਿੰਘ, ਅਸਲਾਮ ਖਾਨ, ਮਲਕੀਤ ਸਿੰਘ, ਗੁਰਦੀਪ ਸਿੰਘ, ਵਿੱਕੀ ਸ਼ਰਮਾ ਆਦਿ ਆਗੂਆਂ ਨੇ ਕਿਹਾ ਕਿ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਅਤੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀ ਦੇਖਦੇ ਹੋਏ ਵੀ ਅੱਖਾਂ ਮੀਟੀ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਨਗਰ ਕੌਂਸਲ ਵਿਖੇ ਅਜਿਹੇ ਮਾਮਲਿਆਂ ਨੂੰ ਲੈ ਕੇ ਸ਼ਿਕਾਇਤ ਵੀ ਕਰਦੇ ਹਨ ਤਾਂ ਨਗਰ ਕੌਂਸਲ ਦੇ ਕਰਮਚਾਰੀ ਹੀ ਇਸ ਦੀ ਜਾਣਕਾਰੀ ਕਬਜ਼ਾ ਧਾਰਕਾਂ ਨੂੰ ਦੇ ਦਿੰਦੇ ਹਨ। ਜਿਸ ਨਾਲ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਉਹ ਸ਼ਹਿਰ ਵਾਸੀਆਂ ਦੇ ਹੱਕਾਂ ਦੀ ਲੜਾਈ ਅੱਗੇ ਹੋ ਕੇ ਲੜਦੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਸੈਨੇਟਰੀ ਵਿਭਾਗ ਦੇ ਅਧਿਕਾਰੀ ਅਤੇ ਨਾ ਹੀ ਈਓ ਸਮੱਸਿਆਵਾਂ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਜਾਂਦੇ ਹਨ, ਸਗੋਂ ਕਈ ਅਧਿਕਾਰੀ ਦਫਤਰਾਂ ਵਿਚ ਕੁਝ ਘੰਟੇ ਬੈਠਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ, ਜਦਕਿ ਈਓ ਅਤੇ ਹੋਰ ਕਈ ਅਧਿਕਾਰੀਆਂ ਨੂੰ ਹੈੱਡ ਕੁਆਟਰ ’ਤੇ ਹੀ ਰਹਿਣ ਦੀਆਂ ਹਦਾਇਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੁੱਝ ਅਧਿਕਾਰੀ ਸਟੇਸ਼ਨ ’ਤੇ ਰਹਿਣਾ ਤਾਂ ਦੂਰ ਦੀ ਗੱਲ, ਸਗੋਂ ਉਹ ਦਫਤਰਾਂ ਵਿਚ ਵੀ ਪੂਰਾ ਸਮਾਂ ਵੀ ਡਿਊਟੀ ’ਤੇ ਰਹਿਣਾ ਪਸੰਦ ਨਹੀਂ ਕਰਦੇ। ਲੋਕਲ ਬਾਡੀ ਮੰਤਰੀ ਤੋਂ ਦੌਰਾ ਕਰਨ ਦੀ ਮੰਗ : ਸ਼ਹਿਰ ਵਾਸੀਆਂ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਜਦੋਂ ਤੱਤਕਾਲੀਨ ਲੋਕਲ ਬਾਡੀ ਮੰਤਰੀ ਡਾ.ਰਵਜੋਤ ਸਿੰਘ ਵੱਲੋਂ ਸ਼ਹਿਰ ਦਾ ਅਚਾਨਕ ਦੌਰਾ ਕੀਤਾ ਗਿਆ ਸੀ ਤਾਂ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਗਈਆਂ ਅਤੇ ਪੁਰਾਣਾ ਬੱਸੀ ਬਾਜ਼ਾਰ ਵਿਚ ਜਿਸ ਥਾਂ ’ਤੇ ਕੂੜਾ ਕਰਕਟ ਦੇ ਢੇਰਾਂ ਵਿਚ ਸੀਵਰੇਜ ਦਾ ਗੰਦਾ ਪਾਣੀ ਭਰ ਰਿਹਾ ਹੈ, ਠੀਕ ਇਸੇ ਥਾਂ ’ਤੇ ਗੰਦਗੀ ਦੀ ਭਰਮਾਰ ਦੇਖਦਿਆਂ ਲੋਕਲ ਬਾਡੀ ਮੰਤਰੀ ਵੱਲੋਂ ਦੋ ਅਧਿਕਾਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਈਓ ਅਤੇ ਹੋਰ ਸਬੰਧਿਤ ਅਧਿਕਾਰੀਆਂ ਦਾ ਹੈੱਡ ਕੁਆਰਟਰ ’ਤੇ ਰਹਿਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਸਮਾਂ ਕੱਢ ਕੇ ਸ਼ਹਿਰ ਦਾ ਜਾਇਜ਼ਾ ਵੀ ਲੈ ਸਕਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ੍ਹ ਕਰ ਸਕਣ, ਉੱਥੇ ਹੀ ਲੋਕਾਂ ਨੇ ਲੋਕਲ ਬਾਡੀ ਮੰਤਰੀ ਸੰਜੀਵ ਅਰੋੜਾ ਤੋਂ ਮੰਗ ਕੀਤੀ ਹੈ ਕਿ ਫਿਰ ਤੋਂ ਇੱਕ ਵਾਰ ਮੋਰਿੰਡਾ ਸ਼ਹਿਰ ਦਾ ਅਚਨਚੇਤ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ ਜਾਵੇ।