ਭਾਖੜਾ ਨਹਿਰ ’ਚ ਪਾਣੀ ਦਾ ਪੱਧਰ ਘਟਿਆ, ਸਪਲਾਈ ਪ੍ਰਭਾਵਿਤ
ਭਾਖੜਾ ਨਹਿਰ ’ਚ ਪਾਣੀ ਦਾ ਪੱਧਰ ਘਟਿਆ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ
Publish Date: Sun, 22 Feb 2026 05:56 PM (IST)
Updated Date: Mon, 23 Feb 2026 04:10 AM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਸ਼ਹਿਰ ਵਿਚ ਦੋ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਭਾਖੜਾ ਨਹਿਰ ਵਿਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ, ਸ਼ੁੱਕਰਵਾਰ ਅੱਧੀ ਰਾਤ ਨੂੰ ਸੈਫਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਗਿਆਨੀ ਜ਼ੈਲ ਸਿੰਘ ਨਗਰ ਵਿਚ ਸਥਿਤ ਮੁੱਖ ਵਾਟਰ ਵਰਕਸ ਵਿਚ ਪਾਣੀ ਸਟੋਰ ਨਹੀਂ ਕੀਤਾ ਜਾ ਸਕਿਆ। ਇਸ ਦੇ ਕਾਰਨ ਸਵੇਰੇ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਸਕੀ। ਵਾਟਰ ਵਰਕਰਸ ਬ੍ਰਾਂਚ ਦੇ ਕਰਮਚਾਰੀ ਸਵੇਰੇ 5 ਵਜੇ ਭਾਖੜਾ ਨਹਿਰ ਪਹੁੰਚੇ ਸਨ। ਸੈਫਨ 8-8 ਘੰਟਿਆਂ ਦੇ ਅੰਤਰਾਲ ’ਚ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਿਸ ਨੂੰ ਕਰਮਚਾਰੀਆਂ ਵੱਲੋਂ ਤੁਰੰਤ ਟੈਂਕਰ ਲਿਆ ਕੇ ਮੁੜ ਚਾਲੂ ਕੀਤਾ ਜਾਂਦਾ ਹੈ। ਇਸ ਵਿਚ ਅੱਧੇ ਤੋਂ ਇੱਕ ਘੰਟਾ ਲੱਗਦਾ ਹੈ। ਨਹਿਰ ਵਿਚ ਪਾਣੀ ਦਾ ਪੱਧਰ ਦੋ ਫੁੱਟ ਘੱਟ ਗਿਆ ਹੈ। ਬੀਬੀਐੱਮਬੀ ਨੇ 24 ਫਰਵਰੀ ਤੱਕ ਭਾਖੜਾ ਨਹਿਰ ਵਿਚ 3200 ਕਿਊਸਿਕ ਪਾਣੀ ਘਟਾ ਦਿੱਤਾ ਗਿਆ। ਇਨ੍ਹਾਂ ਇਲਾਕਿਆਂ ਵਿਚ ਪ੍ਰਭਾਵਿਤ ਰਹੀ ਪਾਣੀ ਦੀ ਸਪਲਾਈ : ਸ਼ਹਿਰ ਦੇ ਗਿਆਨੀ ਜ਼ੈਲ ਸਿੰਘ ਨਗਰ, ਹਰਗੋਬਿੰਦ ਨਗਰ, ਆਦਰਸ਼ ਨਗਰ, ਗਾਂਧੀ ਨਗਰ, ਲਖਵਿੰਦਰਾ ਇੰਨਕਲੇਵ, ਬੜੀ ਹਵੇਲੀ ਖੇਤਰ, ਗਾਰਡਨ ਕਲੌਨੀ, ਨਿਊ ਗਾਰਡਨ ਕਲੌਨੀ, ਉੱਚਾ ਖੇੜਾ, ਛੋਟਾ ਖੇੜਾ, ਜੈਨ ਮੁਹੱਲਾ, ਪੱਕਾ ਬਾਗ, ਗਊਸ਼ਾਲਾ ਰੋਡ ਆਦਿ ਇਲਾਕਿਆਂ ਦੇ ਲੋਕ ਸਵੇਰ ਵੇਲੇ ਪਾਣੀ ਦੀ ਸਪਲਾਈ ਤੋਂ ਵਾਂਝੇ ਰਹੇ। ਇੱਕੋ ਸਮੇਂ ਦਿੱਤਾ ਗਿਆ ਪਾਣੀ: ਵਾਟਰ ਵਰਕਰਸ ਬ੍ਰਾਂਚ ਦੇ ਇੰਚਾਰਜ ਸ਼ਾਮ ਸਿੰਘ ਅਤੇ ਪਰਿਤੋਸ਼ ਭੱਟੀ ਮਿੰਕਾ ਨੇ ਦੱਸਿਆ ਕਿ ਵਾਟਰ ਵਰਕਰਸ ਬ੍ਰਾਂਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਵੇਰੇ 4 ਵਜੇ ਤੋਂ 11 ਵਜੇ ਤੱਕ ਨਿਰਧਾਰਤ ਸਮੇਂ ’ਤੇ ਪਾਣੀ ਦੀ ਸਪਲਾਈ ਕਰਦੀ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਸਵੇਰੇ ਸਪਲਾਈ ਠੀਕ ਹੋ ਗਈ ਹੈ ਜਦਕਿ ਸ਼ਨਿੱਚਰਵਾਰ ਨੂੰ ਸਵੇਰ ਦੀ ਸਪਲਾਈ ਨਹੀਂ ਦਿੱਤੀ ਗਈ ਸੀ।