ਕਾਰਾਂ ਦੀ ਟੱਕਰ ’ਚ ਇਕ ਦੀ ਮੌਤ, ਮਾਮਲਾ ਦਰਜ
ਕਾਰਾਂ ਦੀ ਟੱਕਰ ਵਿਚ ਇਕ ਕਾਰ ਚਾਲਕ ਦੀ ਮੌਤ, ਮਾਮਲਾ ਦਰਜ
Publish Date: Sun, 22 Feb 2026 03:40 PM (IST)
Updated Date: Mon, 23 Feb 2026 04:01 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਲੁਧਿਆਣਾ ਸੜਕ ਤੇ ਸਥਿਤ ਇੱਕ ਕਾਰ ਏਜੰਸੀ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਦੀ ਟੱਕਰ ਵਿਚ ਇੱਕ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਟੱਕਰ ਮਾਰਨ ਵਾਲਾ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਹਾਦਸੇ ਸਬੰਧੀ ਮੋਰਿੰਡਾ ਪੁਲਿਸ ਵੱਲੋਂ ਕਾਰ ਚਾਲਕ ਖਿਲਾਫ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡੀਸ਼ਨਲ ਐਸਐਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਵਾਰਡ ਨੰਬਰ 4 ਮੋਰਿੰਡਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਛੋਟਾ ਭਰਾ ਹਰਕਮਲ ਸਿੰਘ ਆਪਣੇ ਕਿਸੇ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਵਿਚ ਗਏ ਹੋਏ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮੋਰਿੰਡਾ ਲਿਆਉਣ ਲਈ ਪਿੰਡ ਲੱਖੋਵਾਲ ਖੁਰਦ, ਥਾਣਾ ਮਾਛੀਵਾੜਾ ਪੁਲਿਸ ਜ਼ਿਲ੍ਹਾ ਖੰਨਾ ਵਿਖੇ ਆਪੋ ਆਪਣੀਆਂ ਕਾਰਾਂ ਵਿਚ ਜਾ ਰਹੇ ਸੀ। ਹਰਮਿੰਦਰ ਸਿੰਘ ਅਨੁਸਾਰ ਉਹ ਆਪਣੀ ਕਾਰ ਨੰਬਰ ਪੀਬੀ 23 ਸੀ 9049 ਰਾਹੀਂ ਅਤੇ ਉਸ ਦਾ ਭਰਾ ਹਰਕਮਲ ਸਿੰਘ ਆਪਣੀ ਕਾਰ ਨੰਬਰ ਪੀਬੀ 29 ਡੀ 7484 ਰਾਹੀਂ ਉਸ ਤੋਂ ਅੱਗੇ ਜਾ ਰਿਹਾ ਸੀ ਅਤੇ ਜਦੋਂ ਉਹ ਮਾਮੇ ਦੇ ਢਾਬੇ ਤੋਂ ਅੱਗੇ ਪੁਰਾਣੀ ਸਮਰਾਲਾ ਰੋਡ ਤੇ ਸਥਿਤ ਇੱਕ ਕਾਰ ਏਜੰਸੀ ਨੇੜੇ ਪਹੁੰਚੇ ਤਾਂ ਲੁਧਿਆਣਾ ਤਰਫੋਂ ਆਉਂਦੀ ਕਾਰ ਨੇ ਉਸਦੇ ਭਰਾ ਹਰਮਿੰਦਰ ਸਿੰਘ ਦੀ ਕਾਰ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਹਰਮਿੰਦਰ ਸਿੰਘ ਦੀ ਕਾਰ ਦਾ ਇੰਜਣ ਅਤੇ ਸਟੇਰਿੰਗ ਅੰਦਰ ਨੂੰ ਧੱਸ ਗਿਆ ਤੇ ਉਸਦੇ ਭਰਾ ਦਾ ਸਰੀਰ ਕਾਰ ਵਿਚ ਫਸ ਗਿਆ ਜਦਕਿ ਉਸ ਦੇ ਸਿਰ ਤੇ ਕਾਫੀ ਗੰਭੀਰ ਸੱਟਾਂ ਵੱਜੀਆਂ। ਹਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਟੱਕਰ ਮਾਰਨ ਵਾਲੇ ਕਾਰ ਚਾਲਕ ਨੇ ਆਪਣੀ ਕਾਰ ਨੰਬਰ ਸੀਐਚ 01ਏਵਾਈ 3200 ਮੌਕੇ ਤੇ ਰੋਕ ਲਈ ਪ੍ਰੰਤੂ ਮੌਕੇ ਤੇ ਇਕੱਤਰ ਹੋਈ ਭੀੜ ਦਾ ਫਾਇਦਾ ਚੁੱਕ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਹਰਵਿੰਦਰ ਸਿੰਘ ਅਨੁਸਾਰ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚੀ, ਜਿਨਾਂ ਵੱਲੋਂ ਉਸ ਦੇ ਭਰਾ ਹਰਮਿੰਦਰ ਸਿੰਘ ਨੂੰ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਪ੍ਰੰਤੂ ਡਾਕਟਰਾਂ ਵੱਲੋਂ ਚੈੱਕ ਕਰਨ ਉਪਰੰਤ ਹਰਕਮਲ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਐਡੀਸ਼ਨਲ ਐਸਐਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ ਕਾਰ ਨੰਬਰ ਸੀਐਚ 01ਏ ਵਾਈ 3200 ਦੇ ਚਾਲਕ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।