ਭਾਜਪਾ ਇਕ ਅਨਾਰ ਸੌ ਬਿਮਾਰ ਵਾਲੀ ਸਥਿਤੀ ’ਚ
ਹਲਕਾ ਸ਼੍ਰੀ ਚਮਕੌਰ ਸਾਹਿਬ ਵਿਚ ਭਾਜਪਾ ਇੱਕ ਅਨਾਰ ਸੌ ਬਿਮਾਰ ਵਾਲੀ ਸਥਿਤੀ ’ਚ
Publish Date: Sat, 21 Feb 2026 04:06 PM (IST)
Updated Date: Sun, 22 Feb 2026 04:01 AM (IST)

ਅਸ਼ੋਕ ਕੁਮਾਰ ਚੇਤਲ, ਪੰਜਾਬੀ ਜਾਗਰਣ, ਬੇਲਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ 117 ਹਲਕਿਆਂ ਵਿਚ ਇਕੱਲਿਆਂ ਲੜਨ ਦੇ ਦਾਅਵੇ ਕੀਤੇ ਜਾ ਰਹੇ ਹਨ। ਬੀਜੇਪੀ ਵੱਲੋਂ ਪੰਜਾਬ ਵਿਚ ਪੂਰੀ ਤਾਕਤ ਨਾਲ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰ ਕੇ ਪੰਜਾਬ ਵਿਚ ਆਪਣੇ ਦਮ ’ਤੇ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਦਾਅਵੇ ਹਕੀਕਤ ਵਿਚ ਕਿੰਨੇ ਕੁ ਸਹੀ ਸਾਬਤ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪ੍ਰੰਤੂ ਮੌਜੂਦਾ ਹਾਲਾਤਾਂ ਵਿਚ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ (ਰਿਜ਼ਰਵ) ਤੋਂ ਭਾਜਪਾ ਦੀ ਸਥਿਤੀ ਇੱਕ ਅਨਾਰ ਸੌ ਬਿਮਾਰ ਵਾਲੀ ਹੈ ਕਿਉਂਕਿ ਬੀਜੇਪੀ ਦੇ ਕਈ ਆਗੂ ਇਸ ਟਿਕਟ ’ਤੇ ਆਪਣੀ ਦਾਅਵੇਦਾਰੀ ਰੱਖ ਰਹੇ ਹਨ। ਹਲਕੇ ਦੇ ਭਾਜਪਾ ਆਗੂਆਂ ਵਿਚਾਲੇ ਆਪਸੀ ਧੜੇਬੰਦੀ ਸਾਫ਼ ਤੌਰ ’ਤੇ ਨਜ਼ਰ ਆ ਰਹੀ ਹੈ। ਵੱਖ-ਵੱਖ ਗੁੱਟ ਆਪਣੇ-ਆਪਣੇ ਪੱਧਰ ’ਤੇ ਸਰਗਰਮ ਹਨ। ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਵਾਈਸ ਪ੍ਰਧਾਨ ਡਾ.ਜਤਿੰਦਰਪਾਲ ਸਿੰਘ ਨੰਨੂੰਆਂ ਆਪਣੇ ਸਮੱਰਥਕਾਂ ਸਮੇਤ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਨਿਰੰਤਰ ਸ਼ਮੂਲੀਅਤ ਕਰ ਰਹੇ ਹਨ ਅਤੇ ਉਹ ਪਿਛਲੇ 20 ਸਾਲਾਂ ਤੋਂ ਰਾਜਨੀਤੀ ਵਿਚ ਸਰਗਰਮ ਹਨ। ਉਨਾਂ ਦੇ ਸਮਰਥਕ ਨੰਨੂੰਆਂ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਟਿਕਟ ਦੇ ਮਜਬੂਤ ਦਾਅਵੇਦਾਰ ਮੰਨ ਰਹੇ ਹਨ। ਦਰਸ਼ਨ ਸਿੰਘ ਸ਼ਿਵਜੋਤ ਭਾਜਪਾ ਦੇ ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਕਨਵੀਨਰ ਵੀ ਹਲਕੇ ਵਿਚ ਚੰਗਾ ਅਸਰ ਰਸੂਖ ਰੱਖਦੇ ਹਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਵੀ ਸਨ। ਉਨ੍ਹਾਂ ਨੇ ਪਾਰਟੀ ਲਈ ਉਸ ਸਮੇਂ ਚੋਣ ਲੜੀ ਜਦੋਂ ਤਿੰਨ ਕਾਲੇ ਕਾਨੂੰਨਾਂ ਕਾਰਨ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਵੜਨ ਤੱਕ ਨਹੀਂ ਦਿੱਤਾ ਜਾਂਦਾ ਸੀ। ਇਸ ਦੇ ਬਾਵਜੂਦ ਵੀ ਉਹ ਲਗਭਗ 3,000 ਵੋਟਾਂ ਲੈ ਗਏ ਸਨ। ਉਨ੍ਹਾਂ ਦੇ ਸਮੱਰਥਕ ਵੀ ਉਨਾਂ ਨੂੰ ਟਿਕਟ ਦੇ ਦਾਅਵੇਦਾਰ ਮੰਨਦੇ ਹਨ। ਸਵਰਨ ਸਿੰਘ ਸੈਂਪਲਾ, ਅਜਮੇਰ ਸਿੰਘ ਬਰਸਾਲਪੁਰੀ ਬੀਜੇਪੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਦੇ ਛੋਟੇ ਭਰਾ ਹਨ ਅਤੇ ਉਹ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਕੋ-ਕਨਵੀਨਰ ਵੀ ਹਨ ਤੇ ਹਲਕੇ ਵਿਚ ਚੰਗਾ ਰਸੂਖ ਰੱਖਦੇ ਹਨ। ਉਹ ਵੀ ਹਲਕੇ ਵਿਚ ਲਗਾਤਾਰ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਉਹ ਸ਼੍ਰੀ ਚਮਕੌਰ ਸਾਹਿਬ ਹਲਕੇ ਵਿਚ ਲੋਕਲ ਹੋਣ ਕਾਰਨ ਸਮੱਰਥਕ ਉਨਾਂ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਦੀ ਟਿਕਟ ਦਾ ਦਾਅਵੇਦਾਰ ਮੰਨਦੇ ਹਨ। ਅਮਨਪ੍ਰੀਤ ਕੌਰ ਰਾਏ ਵੀ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਚ ਆਪਣੇ ਸਮੱਰਥਕਾਂ ਸਮੇਤ ਰਾਜਨੀਤੀ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਨਿਰੰਤਰ ਸ਼ਮੂਲੀਅਤ ਕਰ ਰਹੇ ਹਨ ਅਤੇ ਇਲਾਕੇ ਵਿਚ ਚੰਗਾ ਰਸੂਖ ਰੱਖ ਰਹੇ ਹਨ ਕਿਉਂਕਿ ਇਨ੍ਹਾਂ ਦਾ ਪੋਲੀਟੀਕਲ ਬੈਕਰਾਊਂਡ ਬਹੁਤ ਵੱਡਾ ਹੈ। ਉਨ੍ਹਾਂ ਦੇ ਪਿਤਾ ਸਾਬਕਾ ਐੱਮਐੱਲਏ ਅਤੇ ਚੇਅਰਮੈਨ ਐੱਸਸੀ ਕਾਰਪੋਰੇਸ਼ਨ ਪੰਜਾਬ ਸ਼ਮਸ਼ੇਰ ਸਿੰਘ ਰਾਏ ਹਨ। ਉਨ੍ਹਾਂ ਦੇ ਸਮੱਰਥਕ ਵੀ ਅਮਨਪ੍ਰੀਤ ਰਾਏ ਨੂੰ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਬੀਜੇਪੀ ਦੀ ਟਿਕਟ ਦੇ ਮੁੱਖ ਦਾਅਵੇਦਾਰ ਮੰਨ ਰਹੇ ਹਨ। ਮੇਜਰ ਅੰਜੂ ਬਾਲਾ ਸਿੰਘ ਭਾਰਤੀ ਜਨਤਾ ਪਾਰਟੀ ਦੀ ਐੱਸਸੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਵੀ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਪਿਛਲੇ ਦੋ ਮਹੀਨਿਆਂ ਤੋਂ ਮੈਦਾਨ ਵਿਚ ਉਤਰੇ ਹਨ। ਉਹ ਵੀ ਆਪਣੇ ਸਮੱਰਥਕਾਂ ਸਮੇਤ ਇਲਾਕੇ ਵਿਚ ਵਿਚਰ ਰਹੇ ਹਨ। ਇਸ ਤੋਂ ਇਲਾਵਾ ਵੀ ਭਾਜਪਾ ਦੇ ਕਈ ਵਰਕਰ ਅਤੇ ਮੰਡਲ ਪ੍ਰਧਾਨ ਵੀ ਆਪਣੇ ਆਪ ਨੂੰ ਦਾਅਵੇਦਾਰ ਘੋਸ਼ਿਤ ਕਰ ਰਹੇ ਹਨ ਅਤੇ ਜ਼ਮੀਨੀ ਪੱਧਰ ’ਤੇ ਹਲਕੇ ਵਿਚ ਸਰਗਰਮ ਹਨ। ਭਾਜਪਾ ਦਾ ਉਮੀਦਵਾਰ ਕੋਈ ਵੀ ਹੋਵੇ, ਇੱਕ ਗੱਲ ਬਿਲਕੁਲ ਸਾਫ ਹੈ ਕਿ ਸ਼ਹੀਦਾਂ ਦੀ ਧਰਤੀ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਚ ਭਾਜਪਾ ਆਗੂਆਂ ਦੀ ਆਪਸੀ ਧੜੇਬੰਦੀ ਪਾਰਟੀ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਇੱਥੇ ਇਹ ਵਰਣਯੋਗ ਹੈ ਕਿ ਰਾਮ ਮੰਦਰ ਬਣਨ ਤੋਂ ਬਾਅਦ ਹਲਕੇ ਵਿਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ, ਭਾਵੇਂ ਉਪਰੋਕਤ ਨੇਤਾਵਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਹੁਕਮਾਂ ਅਨੁਸਾਰ ਹੀ ਚੱਲਣਗੇ ਪ੍ਰੰਤੂ ਜੇਕਰ ਇਹ ਧੜੇਬਾਜ਼ੀ ਦੂਰ ਨਾ ਹੋਈ ਅਤੇ ਪਾਰਟੀ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਨਾ ਉੱਤਰੀ ਤਾਂ ਹਲਕੇ ਵਿਚ ਜਿੱਤ ਦਾ ਰਾਹ ਭਾਜਪਾ ਲਈ ਬੇਹੱਦ ਮੁਸ਼ਕਿਲਾਂ ਵਾਲਾ ਬਣ ਜਾਵੇਗਾ। ਹਲਕੇ ਵਿਚ ਇਸ ਸਮੇਂ ਇੱਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣੀ ਹੋਈ ਹੈ।