ਟੀਬੀ ਦੀ ਦਵਾਈ ਆਪਣੇ-ਆਪ ਬੰਦ ਕਰਨਾ ਹੋ ਸਕਦੈ ਖਤਰਨਾਕ : ਐੱਸਐੱਮਓ
ਸਰਕਾਰੀ ਹਸਪਤਾਲਾਂ ’ਚ ਟੀਬੀ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ
Publish Date: Sat, 21 Feb 2026 03:54 PM (IST)
Updated Date: Sun, 22 Feb 2026 04:01 AM (IST)

ਸਰਕਾਰੀ ਹਸਪਤਾਲਾਂ ’ਚ ਟੀਬੀ ਦਾ ਇਲਾਜ ਤੇ ਟੈਸਟ ਬਿਲਕੁਲ ਮੁਫ਼ਤ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ.ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਬੌਬੀ ਗੁਲਾਟੀ, ਜ਼ਿਲ੍ਹਾ ਤਪਦਿਕ ਅਫਸਰ ਡਾ.ਡੋਰੀਆ ਬੱਗਾ, ਡਾ.ਰੂਹਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੌਲੀ ਸਿੰਗਲਾ ਤੇ ਸਮੂਹ ਸਟਾਫ ਦੀ ਮੋਜੂਦਗੀ ਵਿਚ ਜ਼ਿਲ੍ਹੇ ਦੇ ਸਮੂਹ ਸੀਐੱਚਓ ਦੀ ਸਟੇਟ ਟੀਮ ਵੱਲੋਂ ਕਫ ਸਟੱਡੀ ਐਪ (ਖੰਘ ਦਾ ਅਧਿਐਨ ਕਰਨ ਵਾਲੀ ਐਪ) ਬਾਰੇ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਐੱਸਐੱਮਓ ਡਾ. ਅਮਰਜੀਤ ਨੇ ਕਿਹਾ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਮੁੱਖ ਤੌਰ ’ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਪ੍ਰੰਤੂ ਇਹ ਸਰੀਰ ਦੇ ਹੋਰ ਹਿੱਸਿਆਂ ਜਿਵੇਂ ਹੱਡੀਆਂ, ਦਿਮਾਗ ਜਾਂ ਗੁਰਦਿਆਂ ਵਿਚ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ 2-3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿੰਦੀ ਹੈ ਅਤੇ ਖੰਘ ਦੇ ਨਾਲ-ਨਾਲ ਖੂਨ ਆਉਂਦਾ ਹੈ ਤਾਂ ਉਸ ਨੂੰ ਆਪਣਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਸ਼ਾਮ ਦੇ ਸਮੇਂ ਹਲਕਾ ਬੁਖਾਰ ਹੋਣਾ, ਬਿਨ੍ਹਾਂ ਕਿਸੇ ਕਾਰਨ ਦੇ ਭਾਰ ਤੇਜ਼ੀ ਨਾਲ ਘਟਣਾ ਅਤੇ ਭੁੱਖ ਨਾ ਲੱਗਣਾ ਵੀ ਇਸ ਦੇ ਲੱਛਣ ਹੋ ਸਕਦੇ ਹਨ। ਇਸ ਦੇ ਨਾਲ ਹੀ ਸਾਹ ਲੈਣ ਜਾਂ ਖੰਘਣ ਵੇਲੇ ਦਰਦ ਹੋਣਾ ਟੀਬੀ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਟੀਬੀ ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ, ਜਦੋਂ ਕੋਈ ਪੀੜਤ ਵਿਅਕਤੀ ਖੰਘਦਾ, ਛਿੱਕਦਾ ਜਾਂ ਥੁੱਕਦਾ ਹੈ ਤਾਂ ਬੈਕਟੀਰੀਆ ਹਵਾ ਵਿਚ ਫੈਲ ਜਾਂਦੇ ਹਨ ਅਤੇ ਸਾਹ ਰਾਹੀਂ ਦੂਜੇ ਵਿਅਕਤੀ ਦੇ ਅੰਦਰ ਚਲੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਟੀਬੀ ਦਾ ਇਲਾਜ ਸੰਭਵ ਹੈ ਪ੍ਰੰਤੂ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦਵਾਈ ਦਾ ਕੋਰਸ (ਆਮ ਤੌਰ ’ਤੇ 6 ਤੋਂ 9 ਮਹੀਨੇ) ਅੱਧਾ ਨਾ ਛੱਡਿਆ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਇਸ ਦਾ ਇਲਾਜ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਜਨਮ ਸਮੇਂ ਬੀਸੀਜੀ ਦਾ ਟੀਕਾ ਲਗਾਉਣਾ ਚਾਹੀਦਾ ਹੈ। ਮਰੀਜ਼ ਨੂੰ ਖੰਘਣ ਵੇਲੇ ਮੂੰਹ ’ਤੇ ਰੁਮਾਲ ਰੱਖਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ’ਤੇ ਥੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟੀਬੀ ਦੀ ਦਵਾਈ ਆਪਣੇ ਆਪ ਬੰਦ ਕਰਨਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਮਲਟੀ-ਡਰੱਗ ਰੈਜ਼ਿਸਟੈਂਟ ਟੀਬੀ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀਬੀ ਇਲਾਜ ਯੋਗ ਹੈ ਅਤੇ ਡੌਟਸ ਇਸ ਦਾ ਪੱਕਾ ਇਲਾਜ ਹੈ। ਇਸ ਦਾ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾ ਅਤੇ ਡਿਸਪੈਸਰੀਆ ਵਿਚ ਬਿਲਕੁੱਲ ਮੁਫਤ ਕੀਤਾ ਜਾਦਾ ਹੈ।