ਕੌਂਸਲਰਾਂ ਵੱਲੋਂ ਸ਼ਹਿਰ 'ਚ ਕੂੜਾ ਚੁੱਕਣ ਦੀ ਮੁਹਿੰਮ ਜੰਗੀ ਪੱਧਰ 'ਤੇ ਸ਼ੁਰੂ ਜੌਲੀ ਤੇ ਸਾਥੀ ਕੌਂਸਲਰਾਂ ਵੱਲੋਂ ਸ਼ਹਿਰ 'ਚ ਕੂੜਾ ਚੁੱਕਣ ਦੀ ਮੁਹਿੰਮ ਜੰਗੀ ਪੱਧਰ 'ਤੇ ਸ਼ੁਰੂ
Publish Date: Mon, 17 Aug 2026 03:54 PM (IST)
Updated Date: Mon, 17 Aug 2026 03:57 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਬੀਤੇ ਸਾਲਾਂ ਤੋਂ ਸ਼ਹਿਰ ਵਿਚ ਹਰ ਪਾਸੇ ਲੱਗੇ ਸੈਕੜੇ ਟਨ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਾਸੀਆਂ ਨੂੰ ਜਿੱਥੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸ਼ਹਿਰ ਵਾਸੀਆਂ ਵਿਚ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਕੂੜਾ ਡੰਪ ਲਈ ਕੀਤਾ ਗਿਆ ਪਹਿਲਾ ਐਗਰੀਮੈਂਟ ਅਪ੍ਰੈਲ 2025 ਵਿਚ ਖਤਮ ਹੋਣ ਤੋਂ ਬਾਅਦ ਨਗਰ ਕੌਂਸਲ ਹੁਣ ਤੱਕ ਕੂੜੇ ਲਈ ਨਵਾਂ ਡੰਪ ਬਣਾਉਣ ਵਿਚ ਅਸਫਲ ਸਾਬਤ ਰਹੀ। ਨਗਰ ਕੌਂਸਲ ਦੀ ਪਿਛਲੀ ਟਰਮ ਦੇ ਪ੍ਰਧਾਨ ਅਤੇ ਕੌਂਸਲਰਾਂ ਸਮੇਤ ਨਗਰ ਕੌਂਸਲ ਅਧਿਕਾਰੀ ਕੂੜਾ ਡੰਪ ਲਈ ਕੋਈ ਵੀ ਜਗ੍ਹਾ ਪ੍ਰਾਪਤ ਕਰਨ ਵਿਚ ਅਸਫਲ ਰਹੇ। ਜਿਸ ਕਾਰਨ ਸ਼ਹਿਰ ਵਿਚ ਹਰ ਪਾਸੇ ਗਲੀਆਂ, ਬਾਜ਼ਾਰਾਂ ਵਿਚ, ਬਾਹਰਲੀਆਂ ਸੜਕਾਂ ਤੇ ਹਜ਼ਾਰਾਂ ਟਨ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ। ਜੋ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਦਾ ਕਾਰਨ ਬਣੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਹਾ ਜਾਵੇ ਕਿ ਮੋਰਿੰਡਾ ਸ਼ਹਿਰ ਕੂੜੇ ਦੇ ਢੇਰ ਤੇ ਬੈਠਾ ਹੈ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸੇ ਦੌਰਾਨ ਸਾਲ 2025 ਵਿਚ ਹੀ ਨਗਰ ਕੌਂਸਲ ਵੱਲੋਂ ਪਿੰਡ ਭਟੇੜੀ ਵਿਖੇ ਕੂੜਾ ਡੰਪ ਕਰਨ ਅਤੇ ਕੂੜਾ ਸੈਗਰੀਗੇਟ ਕਰਨ ਲਈ ਇੱਕ ਕਿਸਾਨ ਨਾਲ ਜਮੀਨ ਦਾ ਐਗਰੀਮੈਂਟ ਹੋਇਆ ਸੀ ਅਤੇ ਉੱਥੇ ਨਗਰ ਕੌਂਸਲ ਵੱਲੋਂ ਕੂੜਾ ਸੁੱਟਣਾ ਸ਼ੁਰੂ ਵੀ ਕਰ ਦਿੱਤਾ ਗਿਆ ਸੀ। ਪਰੰਤੂ ਨਗਰ ਕੌਂਸਲ ਕੂੜਾ ਪ੍ਰਬੰਧਨ ਲਈ ਨਿਯਮਾਂ ਅਨੁਸਾਰ ਫੈਂਸਿੰਗ ਆਦਿ ਨਹੀਂ ਕਰ ਸਕੀ। ਜਿਸ ਕਾਰਨ ਕੂੜਾ ਉੱਡ ਕੇ ਨੇੜਲੇ ਪਿੰਡਾਂ ਦੀਆਂ ਜਮੀਨਾਂ ਵਿਚ ਫਸਲਾਂ ਖਰਾਬ ਕਰ ਰਿਹਾ ਸੀ। ਜਿਸ ਨੂੰ ਲੈ ਕੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਭਟੇੜੀ ਡੰਪ ਤੇ ਕੂੜਾ ਨਾ ਸੁੱਟਣ ਦੇਣ ਲਈ ਲਗਾਤਾਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਨਗਰ ਕੌਂਸਲ ਉੱਥੇ ਕੂੜਾ ਸੁੱਟਣ ਤੋਂ ਲਾਚਾਰ ਦਿਖਾਈ ਦਿੱਤੀ ਅਤੇ ਨਗਰ ਕੌਂਸਲ ਵੱਲੋਂ ਉਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਗਿਆ। ਸ਼ਹਿਰ ਵਿੱਚ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਲੋਕਾਂ ਵਿਚ ਨਗਰ ਕੌਂਸਲ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਖਿਲਾਫ ਰੋਸ ਪੈਦਾ ਹੋ ਰਿਹਾ ਹੈ। ਹੁਣ ਨਗਰ ਕੌਂਸਲ ਚੋਣਾਂ ਸਮੇਂ ਨਵੇਂ ਕੌਂਸਲਰ ਚੁਣੇ ਜਾਣ ਤੇ ਲੋਕਾਂ ਦੀਆਂ ਉਮੀਦਾਂ ਨਵੀਂ ਕਮੇਟੀ ‘ਤੇ ਟਿੱਕੀਆਂ ਹਨ। ਹਾਲਾਂਕਿ ਨਗਰ ਕੌਂਸਲ ਵੱਲੋਂ ਹਾਲ ਤੱਕ ਕੂੜਾ ਡੰਪ ਕਰਨ ਲਈ ਕੋਈ ਵਿਸ਼ੇਸ਼ ਡੰਪ ਨਹੀਂ ਬਣਾਇਆ ਗਿਆ ਅਤੇ ਨਾ ਹੀ ਹਾਲੇ ਤੱਕ ਕੂੜਾ ਡੰਪ ਕਰਨ ਲਈ ਕੋਈ ਜਮੀਨ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰੰਤੂ ਫਿਰ ਵੀ ਕੁਝ ਕੌਂਸਲਰਾਂ ਵੱਲੋਂ ਆਪਣੀ ਨਿੱਜੀ ਦਿਲਚਸਪੀ ਲੈ ਕੇ ਸ਼ਹਿਰ ਚੋਂ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਜਿਨਾਂ ਵਿਚ ਕੌਂਸਲਰ ਜਗਪਾਲ ਸਿੰਘ ਜੋਲੀ, ਕੌਂਸਲਰ ਹਰਜਿੰਦਰ ਸਿੰਘ ਛਿੱਬਰ, ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਉਹਨਾਂ ਦੇ ਸਹਿਯੋਗੀ ਰੁਪਿੰਦਰ ਸਿੰਘ ਭਿਚਰਾ ਆਦਿ ਦੀ ਟੀਮ ਵੱਲੋਂ ਸ਼ਹਿਰ ਵਿਚ ਕੂੜਾ ਚੁੱਕਣ ਦਾ ਬੀੜਾ ਚੁੱਕਿਆ ਗਿਆ ਹੈ। ਇਸ ਸਬੰਧੀ ਜਗਪਾਲ ਸਿੰਘ ਜੌਲੀ ਅਤੇ ਅੰਮ੍ਰਿਤ ਪਾਲ ਸਿੰਘ ਖਟੜਾ ਨੇ ਕਿਹਾ ਕਿ ਉਹ ਆਪਣੀ ਨਿੱਜੀ ਦਿਲਚਸਪੀ ਲੈ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਯਤਨ ਕਰ ਰਹੇ ਹਨ। ਜਿਸ ਦੀ ਸ਼ੁਰੂਆਤ ਉਹਨਾਂ ਵੱਲੋਂ ਮੋਰਿੰਡਾ ਦੇ ਚੁੰਨੀ ਰੋਡ ਸਥਿਤ ਕੂੜੇ ਦੇ ਢੇਰਾਂ ਨੂੰ ਚੁਕਵਾ ਕੇ ਕੀਤੀ ਗਈ ਹੈ। ਕੌਂਸਲਰਾਂ ਦੀ ਇਸ ਟੀਮ ਦਾ ਕਹਿਣਾ ਹੈ ਕਿ ਉਹ ਪੂਰਾ ਯਤਨ ਕਰਨਗੇ ਕਿ ਸ਼ਹਿਰ ਨੂੰ ਕੂੜਾ ਮੁਕਤ ਕੀਤਾ ਜਾ ਸਕੇ। ਉਧਰ ਕੌਂਸਲਰਾਂ ਦੀ ਇਸ ਟੀਮ ਵੱਲੋਂ ਕੂੜਾ ਚੁੱਕਣ ਦੀ ਸ਼ੁਰੂਆਤ ਕਰਨ ਦਾ ਸਵਾਗਤ ਕਰਦਿਆਂ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਸੁਰਜੀਤ ਕੁਮਾਰ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਸਰਪੰਚ ਦਵਿੰਦਰ ਸਿੰਘ ਮਝੈਲ, ਸਚਿਨ ਪੂਰੀ ਗੋਲਡੀ, ਤਰਲੋਚਨ ਸਿੰਘ ਤਾਜਪੁਰਾ, ਯੂਥ ਆਗੂ ਲੱਖੀ ਸ਼ਾਹ, ਮਜੀਦ ਮੋਨੂ ਖਾਨ, ਤਜਿੰਦਰ ਕੁਮਾਰ ਬਿੱਟੂ ਆਦਿ ਸ਼ਹਿਰ ਵਾਸੀਆਂ ਨੇ ਕੌਂਸਲਰਾਂ ਦੀ ਇਸ ਟੀਮ ਦਾ ਸ਼ਹਿਰ ਵਿੱਚ ਫੈਲਿਆ ਕੂੜਾ ਚੁਕਵਾਉਣ ਦਾ ਸਵਾਗਤ ਕੀਤਾ ਹੈ।