ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੌਂਪਣ ਵਿਰੁੱਧ ਲੜੀ ਜਾਵੇਗੀ ਲੜਾਈ : ਪੰਨੂ, ਢੰਗਰਾਲੀ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਸੌਂਪਣ ਵਿਰੁੱਧ ਆਰ ਪਾਰ ਦੀ ਲੜਾਈ ਲੜੀ ਜਾਵੇਗੀ:ਪੰਨੂ, ਢ
Publish Date: Mon, 10 Aug 2026 03:54 PM (IST)
Updated Date: Mon, 10 Aug 2026 03:56 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਕੇਂਦਰ ਸਰਕਾਰ ਦੇ ਨੀਤੀ ਆਯੋਗ (ਲੈਂਡ ਪੂਲਿੰਗ ਤੇ ਖੇਤੀ ਨੀਤੀਆਂ) ਵੱਲੋਂ ਜਾਰੀ ਤਾਜ਼ਾ ਸਰਕੂਲਰ ਨੇ ਸਰਕਾਰ ਦੀ ਕਿਸਾਨ ਵਿਰੋਧੀ ਮਨੋਰਥ ਨੂੰ ਮੁੜ ਨੰਗਾ ਕਰ ਦਿੱਤਾ ਹੈ। ਇਸ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਸਰਕਾਰ 1995 ਦੀ ਉਸ ਨੀਤੀ ’ਤੇ ਅੱਗੇ ਵੱਧ ਰਹੀ ਹੈ, ਜਿਸ ਦਾ ਮਨੋਰਥ 97 ਫੀਸਦੀ ਕਿਸਾਨਾਂ ਨੂੰ ਖੇਤੀ ’ਚੋਂ ਬਾਹਰ ਕਰਕੇ ਸ਼ਹਿਰਾਂ ਅਤੇ ਕਾਰਖਾਨਿਆਂ ਵੱਲ ਸਸਤੀ ਲੇਬਰ ਵਜੋਂ ਧੱਕਣਾ ਹੈ। ਉਨ੍ਹਾਂ ਇਸ ਮੀਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਮੋਰਚੇ ਦਰਮਿਆਨ ਰੱਦ ਕਰਵਾਏ ਤਿੰਨ ਖੇਤੀ ਕਾਨੂੰਨਾਂ ਨੂੰ ਹੁਣ ਨੀਤੀ ਆਯੋਗ ਰਾਹੀਂ ਪਿਛਲੇ ਚੋਰ-ਦਰਵਾਜ਼ੇ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੀਤੀ ਆਯੋਗ ਦੇ ਸਰਕੂਲਰ ਮੁਤਾਬਕ ਪਹਿਲੇ ਪੜਾਅ ਵਿਚ 10-10 ਹਜ਼ਾਰ ਏਕੜ ਦੇ 100 ਵੱਡੇ ਫਾਰਮ ਬਣਾ ਕੇ 10 ਲੱਖ ਏਕੜ ਜ਼ਮੀਨ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕੀਤੀ ਜਾਵੇਗੀ। ਇਸ ਤੋਂ ਬਾਅਦ ਜ਼ਮੀਨ ਦਾ ਅਸਲ ਮਾਲਕ ਕਿਸਾਨ ਆਪਣੀ ਹੀ ਜ਼ਮੀਨ ’ਚ ਮਹਿਜ਼ ਕੰਪਨੀਆਂ ਦੀਆਂ ਮੀਟਿੰਗਾਂ ਤੱਕ ਸੀਮਤ ਹੋ ਕੇ ਰਹਿ ਜਾਵੇਗਾ ਅਤੇ ਉਸ ਨੂੰ ਮੁਨਾਫ਼ੇ ਦਾ ਨਾਂਮਾਤਰ ਹਿੱਸਾ ਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਿਜਲੀ-ਬੀਜ ਸੋਧ ਬਿਲ ਅਤੇ ਸਿੱਖਿਆ ਨੀਤੀ-2020 ਵਰਗੇ ਕਦਮਾਂ ਰਾਹੀਂ ਦੇਸ਼ ਦੇ ਪੈਦਾਵਾਰੀ ਸਾਧਨਾਂ ਅਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਂਪਣ ਦੀ ਤਿਆਰੀ ਹੈ। ਉਨ੍ਹਾਂ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਪੋਰੇਟ ਵਿਕਾਸ ਮਾਡਲ ਖਿਲਾਫ਼ ਲਾਮਬੰਦ ਹੋਣ। ਉਨ੍ਹਾਂ ਕਿਹਾ ਕਿ ਆਪਣੀ ਜ਼ਮੀਨ, ਖੇਤੀ ਅਤੇ ਰੁਜ਼ਗਾਰ ਬਚਾਉਣ ਲਈ ਇੱਕਮੁੱਠ ਹੋ ਕੇ ਆਰ-ਪਾਰ ਦੇ ਸੰਘਰਸ਼ ਦੇ ਮੈਦਾਨ ਵਿਚ ਕੁੱਦਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਮੌਕੇ ਬਲਾਕ ਪ੍ਰਧਾਨ ਮੋਰਿੰਡਾ ਗੁਰਦੀਪ ਸਿੰਘ ਕੰਗ, ਸੁਖਵਿੰਦਰ ਸਿੰਘ ਕੰਗ, ਗੁਰਨਾਮ ਸਿੰਘ ਬੂਰ ਮਾਜਰਾ, ਅਮਰੀਕ ਸਿੰਘ ਸੋਹੀ, ਰਣਧੀਰ ਸਿੰਘ ਧੀਰਾ, ਅਮਰਜੀਤ ਸਿੰਘ ਪੱਪੂ, ਸੱਜਣ ਸਿੰਘ ਬਡਵਾਲੀ, ਲਖਵਿੰਦਰ ਸਿੰਘ ਬਡਵਾਲੀ, ਅਵਤਾਰ ਸਿੰਘ ਤਾਰਾ, ਸੁਰਿੰਦਰ ਸਿੰਘ ਦਾਤਾਰਪੁਰ, ਜਸਬੀਰ ਸਿੰਘ ਧਨੋਆ, ਬਲਜਿੰਦਰ ਸਿੰਘ ਰਣਜੀਤਪੁਰਾ, ਊਧਮ ਸਿੰਘ ਸਹੇੜੀ, ਰਾਜਵਿੰਦਰ ਸਿੰਘ ਕੰਗ, ਬੂਟਾ ਸਿੰਘ ਚਤਾਮਲਾ, ਸਤਨਾਮ ਸਿੰਘ ਸਿੱਧੂ, ਜੱਸਾ ਸਹੇੜੀ, ਰਣਜੋਧ ਸਿੰਘ ਢੰਗਰਾਲੀ, ਅਰਸ਼ਪ੍ਰੀਤ ਸਿੰਘ ਬਾਠ, ਵੀਰਦਵਿੰਦਰ ਸਿੰਘ, ਗੁਰਦੇਵ ਸਿੰਘ ਕਾਕਾ, ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਤੇ ਕਿਸਾਨ ਹਾਜ਼ਰ ਸਨ।