ਸਰਕਾਰ ਦੀ ਅਣਗਹਿਲੀ ਕਾਰਨ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਤਾਲੇ ਸਰਕਾਰ ਦੀ ਅਣਗਹਿਲੀ ਕਾਰਨ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਤਾਲੇ
Publish Date: Sat, 08 Aug 2026 06:36 PM (IST)
Updated Date: Sat, 08 Aug 2026 06:38 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੂਬੇ ਭਰ ਵਿਚ ਪਿਛਲੇ ਕਈ ਦਿਨਾਂ ਤੋਂ ਸੀਐੱਚਓਜ਼ ਵੱਲੋਂ ਵੱਖ ਵੱਖ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਮੰਗਾਂ ਦਾ ਕੋਈ ਸਾਰਥਕ ਹੱਲ੍ਹ ਨਾ ਕੀਤੇ ਜਾਣ ਕਾਰਨ ਸੀਐੱਚਓਜ਼ ਵਿਚ ਰੋਸ ਵੱਧਦਾ ਗਿਆ ਜਿਸਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਪਿੰਡਾਂ ਵਿਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਚ ਕੰਮ ਕਰ ਰਹੇ ਕਮਿਊਨਿਟੀ ਹੈਲਥ ਅਫ਼ਸਰਾਂ (ਸੀਐੱਚਓਜ਼) ਵੱਲੋਂ ਆਪਣੀਆਂ ਜਾਇਜ਼ ਵਿੱਤੀ ਅਤੇ ਸੇਵਾ ਸਬੰਧੀ ਮੰਗਾਂ ਲਈ ਚੱਲ ਰਹੇ ਸੰਘਰਸ਼ ਤਹਿਤ ਅੱਜ ਪੰਜਾਬ ਭਰ ਦੇ ਸਿਹਤ ਕੇਂਦਰਾਂ ’ਤੇ ਰੋਸ ਅਤੇ ਜਾਗਰੂਕਤਾ ਪੋਸਟਰ ਲਗਾਏ ਗਏ। ਇਸ ਦੌਰਾਨ ਰੂਪਨਗਰ ਵਿਖੇ ਵੀ ਸੀਐੱਚਓਜ਼ ਵੱਲੋਂ ਹੜ੍ਹਤਾਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਪੋਸਟਰਾਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਸਿਹਤ ਕੇਂਦਰਾਂ ’ਤੇ ਲੱਗੇ ਤਾਲੇ ਸੀਐੱਚੋਓਜ਼ ਦੀ ਮਰਜ਼ੀ ਨਾਲ ਨਹੀਂ, ਸਗੋਂ ਸਰਕਾਰ ਅਤੇ ਸਿਹਤ ਵਿਭਾਗ ਦੀ ਲਗਾਤਾਰ ਅਣਗਹਿਲੀ ਕਾਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਵਾਰ-ਵਾਰ ਭਰੋਸੇ ਦੇਣ ਦੇ ਬਾਵਜੂਦ ਮੰਗਾਂ ਦਾ ਕੋਈ ਠੋਸ ਹੱਲ੍ਹ ਨਹੀਂ ਕੀਤਾ ਗਿਆ।ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ 5000 ਰੁਪਏ ਨੂੰ ਤਨਖਾਹ ਵਿਚ ਸਥਾਈ ਵਾਧੇ ਵਜੋਂ ਦੇਣ ਦੀ ਬਜਾਏ ਇੰਸੈਂਟਿਵ ਨਾਲ ਜੋੜ ਕੇ ਬੈਂਚਮਾਰਕ ਦੀਆਂ ਸ਼ਰਤਾਂ ਲਗਾਈਆਂ ਗਈਆਂ ਹਨ, ਜਿਸ ਦਾ ਐਸੋਸੀਏਸ਼ਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਐੱਚਓਜ਼ ਦਾ ਰੈਗੂਲਰ ਕੈਡਰ, ਲੌਇਲਟੀ ਬੋਨਸ, ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ ਅਤੇ ਹੋਰ ਜਾਇਜ਼ ਮੰਗਾਂ ਵੀ ਅਜੇ ਤੱਕ ਹੱਲ ਨਹੀਂ ਕੀਤੀਆਂ ਗਈਆਂ। ਯੂਨੀਅਨ ਆਗੂਆਂ ਨੇ ਕਿਹਾ ਕਿ ਸੀਐੱਚਓਜ਼ ਪਿੰਡਾਂ ਦੇ ਲੋਕਾਂ ਨੂੰ ਬੀਪੀ, ਸ਼ੂਗਰ, ਮਾਤਾ-ਬੱਚਾ ਸਿਹਤ ਅਤੇ ਹੋਰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਹਮੇਸ਼ਾ ਤਿਆਰ ਰਹੇ ਹਨ ਪ੍ਰੰਤੂ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਤੋਂ ਵਾਂਝਾ ਹੋਣਾ ਪੈ ਰਿਹਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਿਹਤ ਵਿਭਾਗ ਦੀ ਹੈ। ਇਸ ਮੌਕੇ ਸੀਐੱਚਓ ਰਾਜਿੰਦਰ ਕੌਰ, ਜਸ਼ਨਦੀਪ ਕੌਰ, ਰਵਨੀਤ ਕੌਰ, ਰਾਜਪ੍ਰੀਤ ਕੌਰ, ਗੁਰਪ੍ਰੀਤ ਕੌਰ, ਨਵਰੀਤ ਕੌਰ ਆਦਿ ਹਾਜ਼ਰ ਸਨ। 10 ਨੂੰ ਐੱਨਐੱਚਐੱਮ ਦਫ਼ਤਰ ’ਚ ਧਰਨੇ ਦੀਆਂ ਤਿਆਰੀਆਂ ਮੁਕੰਮਲ ਇਸ ਮੌਕੇ ਆਗੂਆਂ ਨੇ ਦੱਸਿਆ ਕਿ 10 ਅਗਸਤ ਨੂੰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁੱਖ ਦਫ਼ਤਰ ਵਿਖੇ ਦਿੱਤੇ ਜਾਣ ਵਾਲੇ ਵਿਸ਼ਾਲ ਰੋਸ ਧਰਨੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੀਐੱਚਓਜ਼ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਇਸ ਧਰਨੇ ਵਿਚ ਸ਼ਮੂਲੀਅਤ ਕਰਨਗੇ। ਇਸ ਦੌਰਾਨ ਸੀਐੱਚਓਜ਼ ਐਸੋਸੀਏਸ਼ਨ ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਮਝਣ ਅਤੇ ਇਸ ਸੰਘਰਸ਼ ਵਿਚ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਵਿਰੁੱਧ ਨਹੀਂ, ਬਲਕਿ ਲੋਕਾਂ ਦੀ ਬਿਹਤਰ ਸਿਹਤ ਸੇਵਾ ਅਤੇ ਆਪਣੇ ਜਾਇਜ਼ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਦਾ ਠੋਸ ਅਤੇ ਸਥਾਈ ਹੱਲ੍ਹ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਨਾਲ ਤੁਰੰਤ ਗੱਲਬਾਤ ਕਰਕੇ ਮਸਲੇ ਦਾ ਹੱਲ੍ਹ ਕਰੇ।