ਵਿਧਾਨ ਸਭਾ 'ਚ ਗੂੰਜਿਆ 1500 ਕਰੋੜ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ, ਸਖ਼ਤ ਕਾਰਵਾਈ ਦੀ ਮੰਗ ਵਿਧਾਨ ਸਭਾ 'ਚ ਗੂੰਜਿਆ ਪਿੰਡ ਬੜਾ ਫੂਲ ਦੀ 1500 ਕਰੋੜ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ,
Publish Date: Fri, 07 Aug 2026 05:37 PM (IST)
Updated Date: Fri, 07 Aug 2026 05:38 PM (IST)
ਰਾਜਸੀ ਆਗੂਆ ਦੇ ਭੂ ਮਾਫੀਆ ਨਾਲ ਜੁੜੇ ਰਿਸ਼ਤੇਦਾਰਾਂ ਨੇ ਕੀਤਾ ਹੋਇਆ ਹੈ ਕਬਜ਼ਾ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਬੜਾ ਫੂਲ ਦੀ ਲਗਭਗ 800 ਏਕੜ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਦਾ ਮਾਮਲਾ ਚੁੱਕਦਿਆਂ ਦੋਸ਼ ਲਾਇਆ ਕਿ ਆਈਆਈਟੀ ਰੋਡ ਤੇ ਸਥਿਤ ਇਸ ਜ਼ਮੀਨ ਦੀ ਮੌਜੂਦਾ ਕੀਮਤ ਘੱਟੋ-ਘੱਟ 1500 ਕਰੋੜ ਰੁਪਏ ਬਣਦੀ ਹੈ, ਪਰ ਕਥਿਤ ਤੌਰ ਤੇ ਧੋਖਾਧੜੀ ਰਾਹੀਂ ਇਸ ਦੀ ਮਾਲਕੀ ਗ੍ਰਾਮ ਪੰਚਾਇਤ ਤੋਂ ਬਦਲ ਕੇ ਰਾਜਸੀ ਤੇ ਪ੍ਰਸ਼ਾਸ਼ਨਿਕ ਪਹੁੰਚ ਰੱਖਣ ਵਾਲੇ ਕਈ ਨਾਵਾਂ ‘ਤੇ ਦਰਜ ਕਰ ਦਿੱਤੀ ਗਈ। ਚੱਢਾ ਨੇ ਸਦਨ ਵਿਚ ਕਿਹਾ ਕਿ ਇਹ ਸਿਰਫ਼ ਇੱਕ ਪਿੰਡ ਦੀ ਜ਼ਮੀਨ ਦਾ ਨਹੀਂ, ਸਗੋਂ ਪੰਜਾਬ ਦੀਆਂ ਪੰਚਾਇਤੀ ਜਾਇਦਾਦਾਂ ਦੀ ਸੁਰੱਖਿਆ ਦਾ ਵੱਡਾ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਰਿਕਾਰਡ ਵਿਚ ਗ੍ਰਾਮ ਪੰਚਾਇਤ ਦੀ ਮਲਕੀਅਤ ਵਾਲੀ ਜ਼ਮੀਨ ਦੇ ਖਾਤਿਆਂ ਵਿਚ ਅਚਾਨਕ ਤਬਦੀਲੀਆਂ ਕਰਕੇ ਨਿੱਜੀ ਵਿਅਕਤੀਆਂ ਨੂੰ ਮਾਲਕ ਦਰਸਾਇਆ ਗਿਆ, ਜਿਸ ਦੀ ਪੂਰੀ ਜਾਂਚ ਹੋਣੀ ਲਾਜ਼ਮੀ ਹੈ। ਉਨ੍ਹਾਂ ਪੰਚਾਇਤ ਮੰਤਰੀ ਤੋਂ ਸਵਾਲ ਕੀਤਾ ਕਿ ਜਦੋਂ ਪੰਚਾਇਤ ਵੱਲੋਂ ਇਸ ਮਾਮਲੇ ਵਿਚ ਕਾਨੂੰਨੀ ਪੈਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਫਿਰ ਵਿਭਾਗ ਵੱਲੋਂ ਅਜੇ ਤੱਕ ਵਿਜੀਲੈਂਸ ਜਾਂਚ, ਸੁਪਰੀਮ ਕੋਰਟ ਵਿਚ ਲੋੜੀਂਦੀ ਅਪੀਲ ਜਾਂ ਹੋਰ ਕਾਨੂੰਨੀ ਕਾਰਵਾਈ ਕਰਕੇ ਕਥਿਤ ਗੈਰ-ਕਾਨੂੰਨੀ ਟਰਾਂਸਫਰ ਨੂੰ ਨਲ ਐਂਡ ਵਾਇਡ ਕਰਾਰ ਦੇਣ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਦਮ ਕਿਉਂ ਨਹੀਂ ਚੁੱਕੇ ਗਏ। ਵਿਧਾਇਕ ਚੱਢਾ ਨੇ ਮੰਗ ਕੀਤੀ ਕਿ ਇਹ ਬੇਸ਼ਕੀਮਤੀ ਪੰਚਾਇਤੀ ਜ਼ਮੀਨ ਮੁੜ ਗ੍ਰਾਮ ਪੰਚਾਇਤ ਦੇ ਨਾਂ ਕਰਵਾਈ ਜਾਵੇ ਅਤੇ ਜੇਕਰ ਕਿਸੇ ਵੀ ਪੱਧਰ ਤੇ ਧੋਖਾਧੜੀ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਰਿਕਾਰਡ ਵਿਚ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਇਸ ਵਿਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਵਾਲ ਦੇ ਜਵਾਬ ਵਿਚ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਸਬੰਧਤ ਅਧਿਕਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਸ਼ੁਰੂ ਕਰਵਾਉਣਗੇ। ਜਦੋਂ ਵਿਧਾਇਕ ਚੱਢਾ ਨੇ ਕਾਰਵਾਈ ਲਈ ਸਮਾਂ-ਸੀਮਾ ਨਿਰਧਾਰਤ ਕਰਨ ਦੀ ਮੰਗ ਕੀਤੀ ਤਾਂ ਮੰਤਰੀ ਨੇ ਕਿਹਾ ਕਿ ਸੋਮਵਾਰ ਨੂੰ ਹੀ ਵਿਧਾਇਕ ਦਿਨੇਸ਼ ਚੱਢਾ ਨਾਲ ਮੀਟਿੰਗ ਕਰਕੇ ਇਸ ਮਾਮਲੇ ਵਿਚ ਅਗਲੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਿਧਾਨ ਸਭਾ ਵਿਚ ਉਠਿਆ ਇਹ ਮਾਮਲਾ ਹੁਣ ਸੂਬੇ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜੇਕਰ ਜਾਂਚ ਵਿਚ ਗੜਬੜ ਸਾਹਮਣੇ ਆਉਂਦੀ ਹੈ ਤਾਂ ਇਹ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਨਾਲ ਜੁੜੇ ਸਭ ਤੋਂ ਵੱਡੇ ਮਾਮਲਿਆਂ ਵਿੱਚੋਂ ਇੱਕ ਸਾਬਤ ਹੋ ਸਕਦਾ ਹੈ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਨਾਲ ਜੁੜੇ ਕਈ ਹੋਰ ਮਹੱਤਵਪੂਰਨ ਤੱਥ ਵੀ ਉਚਿਤ ਸਮੇਂ ਤੇ ਲੋਕਾਂ ਸਾਹਮਣੇ ਲਿਆਂਦੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸਮਾਂ ਆਉਣ ਤੇ ਉਹ ਇਹ ਵੀ ਜਨਤਕ ਕਰਨਗੇ ਕਿ ਕਥਿਤ ਤੌਰ ਤੇ ਇਨ੍ਹਾਂ ਜ਼ਮੀਨਾਂ ਦੀ ਮਾਲਕੀ ਹਾਸਲ ਕਰਨ ਵਾਲੇ ਕੁਝ ਵਿਅਕਤੀਆਂ ਦੇ ਸਬੰਧ ਕਿਸ-ਕਿਸ ਰਾਜਨੀਤਿਕ ਪਾਰਟੀ ਦੇ ਹਲਕਾ ਇੰਚਾਰਜਾਂ ਜਾਂ ਹੋਰ ਰਾਜਨੀਤਿਕ ਨੁਮਾਇੰਦਿਆਂ ਦੇ ਰਿਸ਼ਤੇਦਾਰਾਂ ਨਾਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਸਾਰੇ ਤੱਥ ਅਤੇ ਸਬੂਤ ਉਚਿਤ ਸਮੇਂ ਤੇ ਜਨਤਕ ਕੀਤੇ ਜਾਣਗੇ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।